ਜੰਡਿਆਲਾ ਦੀ ਯੋਗਸ਼ਾ ਸੂਦ ਨੇ ਮਾਰੀਆਂ ਮੱਲਾਂ
ਪੀਐੱਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਦੀ ਵਿਦਿਆਰਥਣ ਨੇ ਪੰਜਾਬ ’ਚੋਂ ਹਾਸਲ ਕੀਤਾ ਪਹਿਲਾ ਸਥਾਨ
Publish Date: Tue, 10 Feb 2026 06:24 PM (IST)
Updated Date: Tue, 10 Feb 2026 06:26 PM (IST)
ਸੰਗੀਤਾ ਸ਼ਰਮਾ, ਪੰਜਾਬੀ ਜਾਗਰਣ, ਜੰਡਿਆਲਾ ਮੰਜਕੀ : ਰਾਸ਼ਟਰੀ ਅਵਿਸ਼ਕਾਰ ਅਭਿਆਨ ਅਧੀਨ ਸੈਸ਼ਨ 2025-26 ਲਈ ਰਾਜ ਪੱਧਰੀ ਵਿਗਿਆਨ ਪ੍ਰਦਰਸ਼ਨੀ (ਸੈਕੰਡਰੀ ਵਰਗ) ਦੇ ਮੁਕਾਬਲੇ ਮੈਰੀਟੋਰੀਅਸ ਸਕੂਲ ਪਟਿਆਲਾ ਵਿਖੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ’ਚ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਿੰਦਰਜੀਤ ਕੌਰ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੀਵ ਜੋਸ਼ੀ ਦੀ ਯੋਗ ਆਗਵਾਈ ਹੇਠ ਪੀਐੱਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ (ਜਲੰਧਰ) ਦੀ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਯੋਗਸ਼ਾ ਸੂਦ ਨੇ ਸਬ-ਥੀਮ “ਹੈਲਥ ਤੇ ਹਾਈਜੀਨ” ’ਚ ਪੰਜਾਬ ਭਰ ’ਚੋਂ ਪਹਿਲਾ ਸਥਾਨ ਹਾਸਲ ਕਰਕੇ ਸਕੂਲ, ਇਲਾਕੇ ਤੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ। ਮੁਕਾਬਲੇ ’ਚ ਸਫਲਤਾ ਪ੍ਰਾਪਤ ਕਰਕੇ ਵਾਪਸ ਆਉਣ ’ਤੇ ਸਕੂਲ ਪਰਿਸਰ ’ਚ ਖੁਸ਼ੀ ਦਾ ਮਾਹੌਲ ਬਣਿਆ। ਸਕੂਲ ਦੇ ਪ੍ਰਿੰਸੀਪਲ ਸੱਤਪਾਲ ਸੋਢੀ ਨੇ ਯੋਗਸ਼ਾ ਸੂਦ ਨੂੰ ਇਸ ਉਪਲੱਬਧੀ ਲਈ ਦਿਲੋਂ ਵਧਾਈ ਦਿੰਦਿਆਂ ਨੈਸ਼ਨਲ ਪੱਧਰ ’ਤੇ ਹੋਣ ਵਾਲੇ ਮੁਕਾਬਲੇ ਲਈ ਹੋਰ ਮਿਹਨਤ ਤੇ ਭਰਪੂਰ ਤਿਆਰੀ ਕਰਨ ਲਈ ਉਤਸ਼ਾਹਤ ਕੀਤਾ।