ਖਟਕੜ ਕਲਾਂ ’ਚ ਸੂਬਾ ਪੱਧਰੀ ਇਕੱਠ 23 ਨੂੰ
ਨੌਜਵਾਨ ਭਾਰਤ ਸਭਾ ਦੇ 100 ਸਾਲਾਂ ਨੂੰ ਸਮਰਪਿਤ ਖਟਕੜ ਕਲਾਂ ’ਚ 23 ਮਾਰਚ ਨੂੰ ਸੂਬਾ ਪੱਧਰੀ ਇਕੱਠ ਕੀਤਾ ਜਾਵੇਗਾ
Publish Date: Sat, 14 Mar 2026 08:33 PM (IST)
Updated Date: Sat, 14 Mar 2026 08:36 PM (IST)

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਨੌਜਵਾਨ ਭਾਰਤ ਸਭਾ ਦੇ 100 ਸਾਲਾਂ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ 23 ਮਾਰਚ ਨੂੰ ਕੀਤੀ ਜਾ ਰਹੀ ਕਾਨਫਰੰਸ ਦੀ ਤਿਆਰੀ ਲਈ ਲੋਹੀਆਂ ਖ਼ਾਸ ਬਲਾਕ ਦੇ ਪਿੰਡ ਨਿਹਾਲੂਵਾਲ, ਚੱਕ ਚੇਲਾ, ਚਾਚੋਵਾਲ, ਸੀਚੇਵਾਲ, ਬਾੜਾ ਜਗੀਰ, ਮੁਰੀਦਵਾਲ, ਸ਼ਾਹ ਵਾਲਾ ਤੇ ਬਦਲੀ ਆਦਿ ਪਿੰਡਾਂ ਤੋਂ ਨੌਜਵਾਨ ਮੀਟਿੰਗ ’ਚ ਪੁੱਜੇ। ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਪ੍ਰਧਾਨ ਮੰਗਲਜੀਤ ਪੰਡੋਰੀ ਤੇ ਜਨਰਲ ਸੈਕਰੇਟਰੀ ਸੋਨੂੰ ਅਰੋੜਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਪੰਜਾਬ ਨੂੰ ਪੁਲਿਸ ਸਟੇਟ ’ਚ ਬਦਲ ਦੇਣਾ ਚਾਹੁੰਦੀ ਹੈ। ਨੌਜਵਾਨਾਂ ਨੂੰ ਲਾਰੇ ਲਾ ਕੇ ਤੇ ਸ਼ਹੀਦ ਭਗਤ ਸਿੰਘ ਦਾ ਨਾਂ ਵਰਤ ਕੇ ਸੱਤਾ ’ਚ ਆਈ ਝਾੜੂ ਸਰਕਾਰ ਦੇ ਰਾਜ ’ਚ ਪੁਲਿਸ, ਸ਼ਹੀਦਾਂ ਦੀਆਂ ਰੁਲ ਰਹੀਆਂ ਇਤਿਹਾਸਿਕ ਯਾਦਗਾਰਾਂ ਦੀ ਸਾਂਭ ਸੰਭਾਲ, ਖੇਡਾਂ ਤੇ ਰੁਜ਼ਗਾਰ ਲਈ ਨੌਜਵਾਨ ਭਾਰਤ ਸਭਾ ਸੰਘਰਸ਼ ਕਰਦੀ ਆ ਰਹੀ ਹੈ। ਪੰਜਾਬ ਦੀ ਜਵਾਨੀ ਨਸ਼ੇ ਨਾਲ ਜਾਂ ਪੁਲਿਸ ਦੀ ਗੋਲੀ ਨਾਲ ਮਰ ਰਹੀ ਹੈ। ਪੰਜਾਬ ਨੂੰ ਰੰਗਲਾ ਨਹੀਂ ਸਗੋਂ ਲਹੂ-ਲੁਹਾਣ ਪੰਜਾਬ ਬਣਾ ਦਿੱਤਾ ਗਿਆ ਹੈ। ਹਰ ਧਰਨੇ ਤੋਂ ਪਹਿਲਾਂ ਆਗੂਆਂ ਦੇ ਘਰਾਂ ਅੱਗੇ ਪੁਲਿਸ ਦੇ ਨਾਕੇ, ਸੜਕਾਂ ਉੱਪਰ ਪੁਲਿਸ ਦੀਆਂ ਰੋਕਾਂ, ਘਰਾਂ ਅੰਦਰ ਵੜਕੇ ਲੋਕਾਂ ਨੂੰ ਕੁੱਟਣਾ। ਸ਼ਹੀਦਾਂ ਦੀਆਂ ਯਾਦਗਾਰਾਂ ਦੀ ਰਾਖੀ ਲਈ, ਪੰਜਾਬ ਨੂੰ ਪੁਲਿਸ ਸਟੇਟ ਬਣਾਉਣ ਖ਼ਿਲਾਫ਼ ਨੌਜਵਾਨ ਭਾਰਤ ਸਭਾ ਦੀ 100 ਸਾਲਾਂ ਦੀ ਵਿਰਾਸਤ ਤੋਂ ਸੇਧ ਲੈ ਕੇ 23 ਮਾਰਚ ਨੂੰ ਖਟਕੜ ਕਲਾਂ ਜਾਣ ਦਾ ਹੋਕਾ ਦਿੱਤਾ ਜਾਵੇਗਾ। ਇਸ ਮੌਕੇ ਕਰਨ ਨਿਹਾਲੂਵਾਲ, ਕੀਰਤ, ਹਨੀ, ਜਗਜੀਤ, ਸੰਜੋਤ, ਗੋਰੀ, ਸਾਹਿਲ, ਹੈਰੀ ਵੀ ਮੌਜੂਦ ਸਨ।