ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ’ਚ ਅਧਿਆਤਮਿਕ ਸਮਾਗਮ
ਮਾਘੀ ਮੌਕੇ ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ’ਚ ਹੋਇਆ ਆਧਿਆਤਮਿਕ ਸਮਾਗਮ
Publish Date: Fri, 16 Jan 2026 08:06 PM (IST)
Updated Date: Fri, 16 Jan 2026 08:09 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮਾਘੀ ਦੇ ਪਵਿੱਤਰ ਤਿਉਹਾਰ ਮੌਕੇ ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਨੂਰਮਹਿਲ ’ਚ ਅਧਿਆਤਮਿਕ ਸਮਾਗਮ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪੁੱਜੀ ਸੰਗਤ ਨੇ ਸ਼ਰਧਾ ਤੇ ਉਤਸ਼ਾਹ ਨਾਲ ਦਿਵਿਆ ਸਰੋਵਰ ਵਿੱਚ ਇਸ਼ਨਾਨ ਕਰਕੇ ਧਾਰਮਿਕ ਲਾਹਾ ਪ੍ਰਾਪਤ ਕੀਤਾ। ਸਰੋਵਰ ਵਿੱਚ ਇਸ਼ਨਾਨ ਉਪਰਾਂਤ ਸੰਗਤ ਵੱਲੋਂ ਸ਼ਬਦ-ਕੀਰਤਨ ਦਾ ਆਨੰਦ ਮਾਣਿਆ ਗਿਆ, ਜਿਸ ਨਾਲ ਸੰਸਥਾਨ ਦਾ ਵਿਹੜਾ ਭਗਤੀਮਈ ਅਤੇ ਅਧਿਆਤਮਿਕ ਵਾਤਾਵਰਨ ਨਾਲ ਸਰਾਬੋਰ ਹੋ ਗਿਆ। ਇਸ ਮੌਕੇ ਸਵਾਮੀ ਚਿਨਮਯਾਨੰਦ ਨੇ ਪ੍ਰੇਰਨਾਦਾਇਕ ਸਤਿਸੰਗ ਦੌਰਾਨ ਮਾਘ ਇਸ਼ਨਾਨ, ਸੰਗਤ ਅਤੇ ਸਾਧੂ-ਸੰਤਾਂ ਦੀ ਧੂੜੀ ਦੇ ਅਧਿਆਤਮਿਕ ਮਹੱਤਵ ਨੂੰ ਸਧਾਰਣ ਤੇ ਸਪੱਸ਼ਟ ਸ਼ਬਦਾਂ ਵਿੱਚ ਸਮਝਾਇਆ। ਸਵਾਮੀ ਜੀ ਨੇ ਕਿਹਾ ਕਿ ਮਨੁੱਖੀ ਜੀਵਨ ਵਿੱਚ ਸਭ ਤੋਂ ਪਹਿਲਾਂ ਆਤਮਾ ਦਾ ਇਸ਼ਨਾਨ ਅਤਿ-ਜ਼ਰੂਰੀ ਹੈ, ਜੋ ਸਿਰਫ ਬਾਹਰੀ ਜਲ-ਇਸ਼ਨਾਨ ਨਾਲ ਸੰਭਵ ਨਹੀਂ ਹੁੰਦਾ। ਜਦੋਂ ਪੂਰਨ ਗੁਰੂ ਦੁਆਰਾ ਬ੍ਰਹਮ ਗਿਆਨ ਦੀ ਦੀਖ਼ਿਆ ਪ੍ਰਾਪਤ ਹੁੰਦੀ ਹੈ, ਉਦੋਂ ਜੀਵਾਤਮਾ ਅੰਦਰੂਨੀ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਦੀ ਹੈ ਅਤੇ ਜੀਵਨ ਸਫਲ ਹੋ ਜਾਂਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਬ੍ਰਹਮਗਿਆਨੀ ਦੁਆਰਾ ਨੀਂਹ ਰੱਖੇ ਗਏ ਸਰੋਵਰ ਵਿੱਚ ਬਾਹਰੀ ਇਸ਼ਨਾਨ ਵੀ ਕੀਤਾ ਜਾਵੇ ਤਾਂ ਇਹ ਸੋਨੇ ’ਤੇ ਸੁਹਾਗਾ ਸਾਬਤ ਹੁੰਦਾ ਹੈ। ਅੰਦਰੂਨੀ ਆਤਮਿਕ ਸ਼ੁੱਧਤਾ ਅਤੇ ਬਾਹਰੀ ਧਾਰਮਿਕ ਕਰਮਾਂ ਦਾ ਇਹ ਸੁਮੇਲ ਹੀ ਮਨੁੱਖੀ ਜੀਵਨ ਨੂੰ ਪੂਰਨਤਾ ਪ੍ਰਦਾਨ ਕਰਦਾ ਹੈ।