ਅੰਮ੍ਰਿਤ-ਧਾਰਾ ਪ੍ਰਗਟ ਦਿਵਸ ਸਮਾਗਮਾਂ ਸਬੰਧੀ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਮੀਟਿੰਗ ਹੋਈ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ੍ਰੀ ਗੁਰੂ ਰਵਿਦਾਸ ਜੀ ਦੇ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ 11 ਤੋਂ 14 ਅਪ੍ਰੈਲ 2026 ਤੱਕ ਮਨਾਏ ਜਾਣ ਵਾਲੇ ਅੰਮ੍ਰਿਤ-ਧਾਰਾ ਪ੍ਰਗਟ ਦਿਵਸ ਸਮਾਗਮਾਂ ਦੀਆਂ ਤਿਆਰੀਆਂ ਸਬੰਧੀ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਬੈਠਕ ਚੇਅਰਮੈਨ ਨਾਜਰ ਰਾਮ ਮਾਨ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ’ਚ ਕਮੇਟੀ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਚੇਅਰਮੈਨ ਨਾਜਰ ਰਾਮ ਮਾਨ ਨੇ ਕਿਹਾ ਕਿ ਆਪਣੇ ਮਹਾਨ ਰਹਿਬਰਾਂ ਦੇ ਜਨਮ ਦਿਵਸ ਤੇ ਅੰਮ੍ਰਿਤ-ਧਾਰਾ ਪ੍ਰਗਟ ਦਿਵਸ ਨੂੰ ਮਨਾਉਣ ਲਈ ਸਮੂਹ ਗੁਰੂ ਰਵਿਦਾਸ ਜੀ ਨਾਮਲੇਵਾ ਸੰਗਤਾਂ ਦੇ ਸਹਿਯੋਗ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮਹਾਨ ਰਹਿਬਰਾਂ ਦੇ ਦਰਸਾਏ ਮਾਰਗ ’ਤੇ ਚੱਲਦਿਆਂ ਉਨ੍ਹਾਂ ਦੇ ਮਿਸ਼ਨ ਨੂੰ ਅੱਗੇ ਵਧਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਹਰ ਸਾਲ ਇਸ ਮੇਲੇ ’ਚ ਲੱਖਾਂ ਦੀ ਗਿਣਤੀ ’ਚ ਸੰਗਤਾਂ ਪਹੁੰਚਦੀਆਂ ਹਨ ਤੇ ਇਸ ਵਾਰ ਵੀ ਪਿਛਲੇ ਸਾਲਾਂ ਨਾਲੋਂ ਵੱਧ ਸੰਗਤਾਂ ਦੇ ਆਉਣ ਦੀ ਸੰਭਾਵਨਾ ਹੈ, ਜਿਸ ਲਈ ਵੱਡੇ ਪੱਧਰ ’ਤੇ ਪ੍ਰਬੰਧ ਕੀਤੇ ਜਾ ਰਹੇ ਹਨ।
ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਨੇ ਦੱਸਿਆ ਕਿ ਕੌਮੀ ਚੇਅਰਪਰਸਨ ਬੀਬੀ ਕਮਲੇਸ਼ ਕੌਰ ਘੇੜਾ ਤੇ ਕੌਮੀ ਪ੍ਰਧਾਨ ਐੱਲਆਰ ਵਿਰਦੀ ਦੀ ਸਰਪ੍ਰਸਤੀ ਹੇਠ ਕਰਵਾਏ ਜਾ ਰਹੇ ਇਨ੍ਹਾਂ ਸਮਾਗਮਾਂ ਸਬੰਧੀ ਕਮੇਟੀ ਵੱਲੋਂ ਸਾਰੇ ਮਤਿਆਂ ਨੂੰ ਇਕਜੁੱਟਤਾ ਨਾਲ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਤੇ ਰਾਜਨੀਤਿਕ ਪੱਧਰ ’ਤੇ ਆਉਣ ਵਾਲੀਆਂ ਸ਼ਖਸੀਅਤਾਂ ਦੇ ਸਵਾਗਤ ਤੇ ਸਨਮਾਨ ਲਈ ਵਿਸ਼ੇਸ਼ ਕਮੇਟੀ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸੰਗਤਾਂ ਦੀ ਸਹੂਲਤ ਨੂੰ ਧਿਆਨ ’ਚ ਰੱਖਦਿਆਂ 20 ਪੱਕੇ ਬਾਥਰੂਮ ਤੇ ਮੇਲੇ ਲਈ ਅਸਥਾਈ ਬਾਥਰੂਮ ਬਣਾਏ ਜਾਣਗੇ। ਇਸ ਤੋਂ ਇਲਾਵਾ ਸਿਹਤ ਸੇਵਾਵਾਂ, ਐਂਬੂਲੈਂਸ ਤੇ ਹੋਰ ਜ਼ਰੂਰੀ ਪ੍ਰਬੰਧਾਂ ਲਈ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਲੰਗਰਾਂ, ਅਸਥਾਈ ਦੁਕਾਨਾਂ ਤੇ ਸੰਗਤਾਂ ਦੇ ਆਰਾਮ ਲਈ ਵੀ ਥਾਵਾਂ ਨਿਰਧਾਰਤ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਕਿਸੇ ਨੂੰ ਕੋਈ ਦਿੱਕਤ ਨਾ ਆਵੇ। ਮੀਟਿੰਗ ਦੌਰਾਨ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ ਵਿਸਥਾਰ ਕਰਦਿਆਂ ਕੁਝ ਨਵੇਂ ਮੈਂਬਰਾਂ ਦੀ ਨਿਯੁਕਤੀ ਵੀ ਕੀਤੀ ਗਈ, ਜਿਸ ਨੂੰ ਹਾਊਸ ਵੱਲੋਂ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ ਗਈ। ਸਮਾਗਮਾਂ ਨੂੰ ਸਫਲ ਕਰਵਾਉਣ ਲਈ ਵੱਖ-ਵੱਖ ਸਬ-ਕਮੇਟੀਆਂ ਬਣਾਈਆਂ ਗਈਆਂ ਹਨ ਤੇ ਸੇਵਾਦਾਰਾਂ ਨੂੰ ਖਾਸ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਇਸ ਮੌਕੇ ਮੁੱਖ ਕੈਸ਼ੀਅਰ ਸੰਤ ਕਰਮ ਚੰਦ, ਸੰਤ ਹਰਬੰਸ ਸਿੰਘ ਪ੍ਰਚਾਰਕ, ਮਨਜੀਤ ਮੁੱਗੋਵਾਲ ਕੈਸ਼ੀਅਰ, ਗੁਰਬਖ਼ਸ਼ ਸਿੰਘ ਮਹੇ ਪ੍ਰੈੱਸ ਸਕੱਤਰ, ਜਗਦੀਸ਼ ਕੁਮਾਰ, ਸੋਨੂੰ ਅੰਬੇਡਕਰ ਲੁਧਿਆਣਾ, ਸੰਤ ਗਿਰਧਾਰੀ ਲਾਲ ਮੁੱਖ ਗ੍ਰੰਥੀ, ਬਾਬਾ ਦਿਆਲ ਚੰਦ ਬੰਗਾ, ਪੀਐੱਲ ਸੂਦ, ਦਲਵੀਰ ਰਾਜੂ, ਤਾਰਾ ਚੰਦ ਹੁਸ਼ਿਆਰਪੁਰ, ਰਾਜ ਕੁਮਾਰ ਡੋਗਰਪੁਰ ਸਕੱਤਰ, ਮੇਜਰ ਸਿੰਘ, ਅਮਰੀਕ ਘੁਲਾਲ, ਡਾ. ਬਹਾਦਰ ਸਿੰਘ, ਹਰਭਜਨ ਸਿੰਘ ਬਸੀ ਤੇ ਸੰਤ ਨਿਰੰਜਣ ਸਿੰਘ ਸਮੇਤ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।