ਮੁੜ ਅੰਦੋਲਨ ਕਰਨ ਲਈ ਮਜਬੂਰ ਨਾ ਕੀਤਾ ਜਾਵੇ : ਕਿਸਾਨ ਆਗੂ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਵਿਸ਼ੇਸ਼ ਮੀਟਿੰਗ ਹੋਈ
Publish Date: Fri, 06 Feb 2026 08:17 PM (IST)
Updated Date: Fri, 06 Feb 2026 08:20 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਵਿਸ਼ੇਸ਼ ਮੀਟਿੰਗ ਪੰਜਾਬ ਭਰ ਤੋਂ ਆਏ ਕਿਸਾਨ ਆਗੂਆਂ ਦੀ ਹਾਜ਼ਰੀ ’ਚ ਹੋਈ। ਮੀਟਿੰਗ ਦੀ ਪ੍ਰਧਾਨਗੀ ਸੂਬਾ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਸਿੱਧੂਪੁਰ, ਸੂਬਾ ਜਨਰਲ ਕਾਕਾ ਸਿੰਘ ਕੋਟੜਾ ਤੇ ਸੂਬਾ ਵਿੱਤ ਸਕੱਤਰ ਮਾਨ ਸਿੰਘ ਰਾਜਪੁਰਾ ਨੇ ਕੀਤੀ। ਮੀਟਿੰਗ ਦੌਰਾਨ ਕਿਸਾਨ ਆਗੂਆਂ ਨੇ ਦੱਸਿਆ ਕਿ ਪੀਣ ਲਈ ਸ਼ੁੱਧ ਪਾਣੀ, ਜ਼ਿੰਦਗੀ ਲਈ ਸ਼ੁੱਧ ਹਵਾ ਤੇ ਦੁਆਬੇ ਦੀ ਚਾਰਾ ਮੰਡੀ ਨੂੰ ਬਚਾਉਣ ਲਈ 2 ਫਰਵਰੀ 2026 ਨੂੰ ਜਲੰਧਰ ’ਚ ਅੰਦੋਲਨ ਕੀਤਾ ਗਿਆ। ਇਸ ਅੰਦੋਲਨ ਤੋਂ ਬਾਅਦ ਲੋਕਾਂ ਦੀ ਮੰਗਾਂ ਨੂੰ ਮੰਨਦਿਆਂ ਜੁਆਇੰਟ ਕਮਿਸ਼ਨਰ ਨਗਰ ਨਿਗਮ ਜਲੰਧਰ ਨੇ ਧਰਨਾ ਸਥਾਨ ’ਤੇ ਪਹੁੰਚ ਕੇ ਚਾਰਾਂ ਮੰਡੀ ਚਾਲੂ ਕਰਨ ਤੇ ਗੈਸ ਪਲਾਟ ਨੂੰ ਹੋਰ ਜਗ੍ਹਾ ਸ਼ਿਫਟ ਕਰਨ ਦਾ ਐਲਾਨ ਕੀਤਾ। ਇਸ ਮਾਮਲੇ ਸਬੰਧੀ 5 ਜਨਵਰੀ ਨੂੰ ਪਹਿਲੀ ਮੀਟਿੰਗ ਬੁਲਾਈ ਗਈ ਸੀ, ਜਿਸ ’ਚ ਕੋਈ ਨਤੀਜਾ ਨਹੀਂ ਨਿਕਲਿਆ ਤੇ ਡੀਸੀ ਜਲੰਧਰ ਵੱਲੋਂ 9 ਫਰਵਰੀ ਨੂੰ ਮੁੜ ਮੀਟਿੰਗ ਬੁਲਾਈ ਗਈ ਹੈ। ਕਿਸਾਨ ਆਗੂਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਲੋਕਾਂ ਨੂੰ ਫਿਰ ਤੋਂ ਅੰਦੋਲਨ ਕਰਨ ਲਈ ਮਜਬੂਰ ਨਾ ਕੀਤਾ ਜਾਵੇ ਤੇ ਧਰਨਾ ਸਥਾਨ ’ਤੇ ਕੀਤੇ ਗਏ ਵਾਅਦੇ ਅਨੁਸਾਰ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ। ਮੀਟਿੰਗ ’ਚ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਬਠਿੰਡਾ ’ਚ ਘਰਾਂ ’ਤੇ ਛਾਪੇ ਮਾਰ ਕੇ ਕਿਸਾਨਾਂ ਨੂੰ ਦਬਾਉਣ ਦੀ ਕਦਰ ਦਿਖਾਉਂਦੇ ਜਬਰਵਤੀ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਆਪਣੇ ਜਬਰਵਿਰੋਧੀ ਫੈਸਲੇ ਤੋਂ ਪਿੱਛੇ ਹਟੇ। ਇਸ ਮੌਕੇ ਪੰਜਾਬ ਭਰ ਤੋਂ ਜ਼ਿਲ੍ਹਾ ਤੇ ਬਲਾਕ ਆਗੂ ਵੀ ਮੌਜੂਦ ਸਨ।