ਫਿਲੌਰ ’ਚ ਐੱਸਡੀਐੱਮ ਦੀ ਅਗਵਾਈ ਹੇਠ ਸੈਮੀਨਾਰ ਕਰਵਾਇਆ
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਫਿਲੌਰ ’ਚ ਐੱਸਡੀਐੱਮ ਦੀ ਅਗਵਾਈ ਹੇਠ ਸੈਮੀਨਾਰ ਕਰਵਾਇਆ
Publish Date: Sat, 10 Jan 2026 06:39 PM (IST)
Updated Date: Sun, 11 Jan 2026 04:09 AM (IST)

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਫਿਲੌਰ ਵਿਖੇ ਕਮਿਊਨਿਟੀ ਹਾਲ ’ਚ ਇਕ ਜਾਗਰੂਕਤਾ ਸੈਮੀਨਾਰ ਕਰਵਾਇਆ। ਇਸ ਸੈਮੀਨਾਰ ਦੀ ਅਗਵਾਈ ਮਨਦੀਪ ਸਿੰਘ, ਐੱਸਡੀਐੱਮ ਫਿਲੌਰ ਨੇ ਕੀਤੀ। ਸੈਮੀਨਾਰ ’ਚ ਆਮ ਆਦਮੀ ਪਾਰਟੀ ਦੇ ਫਿਲੌਰ ਹਲਕੇ ਨਾਲ ਸਬੰਧਤ ਅਹੁਦੇਦਾਰਾਂ ਤੇ ਰੁੜਕਾ ਬਲਾਕ ਦੀਆਂ ਪੰਚਾਇਤਾਂ ਨੇ ਹਿੱਸਾ ਲਿਆ। ਇਸ ਮੌਕੇ ਸੰਬੋਧਨ ਕਰਦਿਆਂ ਐੱਸਡੀਐੱਮ ਮਨਦੀਪ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਵੱਡੀ ਮੁਹਿੰਮ ਛੇੜੀ ਹੈ ਤੇ ਇਸ ਨੂੰ ਕਾਮਯਾਬ ਬਣਾਉਣ ਲਈ ਹਰ ਨਾਗਰਿਕ ਦਾ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਨੇ ਲੋਕਾਂ ਨੂੰ ਨਸ਼ਾ ਮੁਕਤ ਪੰਜਾਬ ਤੇ ਰੰਗਲਾ ਪੰਜਾਬ ਬਣਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ। ਹਾਲਾਂਕਿ ਸੈਮੀਨਾਰ ਦੌਰਾਨ ਆਮ ਆਦਮੀ ਪਾਰਟੀ ਦੇ ਹਲਕਾ ਫਿਲੌਰ ਦੇ ਮੀਡੀਆ ਇੰਚਾਰਜ ਮਨਦੀਪ ਸਿੰਘ ਤੇ ਕੁਝ ਹੋਰ ਪ੍ਰਮੁੱਖ ਪਾਰਟੀ ਆਗੂ ਮੌਜੂਦ ਨਹੀਂ ਸਨ। ਸੈਮੀਨਾਰ ਨੂੰ ਇਲਾਕੇ ’ਚੋਂ ਵੱਡਾ ਹੁੰਗਾਰਾ ਮਿਲਦਾ ਹੋਇਆ ਵੀ ਨਹੀਂ ਦਿਖਾਈ ਦਿੱਤਾ। ਇਸ ਮੌਕੇ ਕਈ ਪਿੰਡਾਂ ਦੀਆਂ ਪੰਚਾਇਤਾਂ ਤੇ ਵਰਕਰਾਂ ’ਚ ਨਰਾਜ਼ਗੀ ਸਪਸ਼ਟ ਤੌਰ ’ਤੇ ਵੇਖਣ ਨੂੰ ਮਿਲੀ। ਨਰਾਜ਼ ਪੰਚਾਇਤ ਮੈਂਬਰਾਂ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਮਾਨ ਸਰਕਾਰ ਵੱਲੋਂ ਕੋਈ ਵੱਡੀ ਗ੍ਰਾਂਟ ਨਹੀਂ ਦਿੱਤੀ ਗਈ, ਜਿਸ ਕਾਰਨ ਵਿਕਾਸ ਕਾਰਜ ਠੱਪ ਪਏ ਹਨ। ਸੈਮੀਨਾਰ ’ਚ ਜਸਜੀਤ ਕੌਰ ਬੀਡੀਪੀਓ ਫਿਲੌਰ, ਰਾਮਪਾਲ ਸਿੰਘ ਰਾਣਾ ਬੀਡੀਪੀਓ ਰੁੜਕਾ ਕਲਾਂ, ਰੋਸ਼ਨ ਲਾਲ ਰੋਸ਼ੀ ਚੇਅਰਮੈਨ ਮਾਰਕਿਟ ਕਮੇਟੀ ਫਿਲੌਰ, ਰਾਮੇਸ਼ਵਰ ਪੰਡਿਤ ਸਰਪੰਚ ਕੰਗ ਜਾਗੀਰ (ਬਲਾਕ ਪ੍ਰਧਾਨ), ਜਗਤ ਰਾਮ ਭੱਟੀ, ਵੈਭਵ ਸ਼ਰਮਾ (ਸੀਨੀਅਰ ‘ਆਪ’ ਆਗੂ), ਸੁਰਿੰਦਰ ਸਹੋਤਾ, ਹਰਮੇਸ਼ ਕੁਮਾਰ (ਨਗਰ ਕੌਂਸਲ ਪ੍ਰਧਾਨ ਗੁਰਾਇਆ), ਕਾਂਤੀ ਕੁਤਬੇਵਾਲ (ਬਲਾਕ ਪ੍ਰਧਾਨ), ਦੀਪਾ ਗੁਰੂ ਸਮੇਤ ਪਾਰਟੀ ਦੇ ਹੋਰ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ।