ਫਾਹਾ ਲੈ ਕੇ ਕੀਤੀ ਖੁਦਕੁਸ਼ੀ
ਵਿਅਕਤੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
Publish Date: Thu, 26 Feb 2026 09:01 PM (IST)
Updated Date: Thu, 26 Feb 2026 09:37 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਅੱਠ ਦੀ ਹੱਦ ’ਚ ਪੈਂਦੇ ਨੂਰਪੁਰ ਕਾਲੋਨੀ ’ਚ ਦੇਰ ਰਾਤ ਇਕ ਵਿਅਕਤੀ ਨੇ ਕਥਿਤ ਤੌਰ 'ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ 44 ਸਾਲਾ ਵਿਸ਼ਾਲ ਦੀਪ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਵਿਸ਼ਾਲ ਦੀਪ ਆਪਣੇ ਕਮਰੇ ’ਚ ਸੀ, ਜਦਕਿ ਉਸਦੀ ਪਤਨੀ ਤੇ ਪੁੱਤਰ ਦੂਜੇ ਕਮਰੇ ’ਚ ਸਨ। ਜਦ ਪੁੱਤਰ ਰਾਤ 9:30 ਵਜੇ ਦੇ ਕਰੀਬ ਆਪਣੇ ਪਿਤਾ ਦੇ ਕਮਰੇ ’ਚ ਗਿਆ ਤਾਂ ਉਸਨੇ ਉਸਨੂੰ ਛੱਤ ਵਾਲੇ ਪੱਖੇ ਨਾਲ ਲਟਕਦਾ ਪਾਇਆ। ਉਸਨੇ ਰੌਲਾ ਪਾ ਦਿੱਤਾ। ਰੌਲਾ ਸੁਣ ਕੇ ਆਸ-ਪਾਸ ਦੇ ਲੋਕ ਮੌਕੇ 'ਤੇ ਪਹੁੰਚੇ ਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ 'ਤੇ ਇਕ ਪੁਲਿਸ ਟੀਮ ਮੌਕੇ 'ਤੇ ਪਹੁੰਚੀ, ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਜਾਂਚ ਅਧਿਕਾਰੀ ਏਐੱਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਵਿਸ਼ਾਲ ਦੀਪ ਕੁਝ ਸਮੇਂ ਤੋਂ ਮਾਨਸਿਕ ਪਰੇਸ਼ਾਨੀ ’ਚੋਂ ਲੰਘ ਰਿਹਾ ਸੀ। ਪੁਲਿਸ ਨੇ ਮ੍ਰਿਤਕ ਦੇ ਭਰਾ ਗੁਰਮੀਤ ਸਿੰਘ ਦਾ ਬਿਆਨ ਦਰਜ ਕਰਕੇ ਫੌਜਦਾਰੀ ਪ੍ਰਕਿਰਿਆ ਜ਼ਾਬਤਾ ਦੀ ਧਾਰਾ 174 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।