ਜ਼ਿਲ੍ਹਾ ਪ੍ਰੀਸ਼ਦ ਚੋਣਾਂ ਤੋਂ ਇਕ ਮਹੀਨੇ ਬਾਅਦ ਵੀ ਨਵੇਂ ਚੇਅਰਮੈਨ ਦੀ ਉਡੀਕ
ਜ਼ਿਲ੍ਹਾ ਪ੍ਰੀਸ਼ਦ ਚੋਣਾਂ ਤੋਂ ਇਕ ਮਹੀਨੇ ਬਾਅਦ ਵੀ ਨਵੇਂ ਚੇਅਰਮੈਨ ਦੀ ਉਡੀਕ
Publish Date: Wed, 14 Jan 2026 08:19 PM (IST)
Updated Date: Wed, 14 Jan 2026 08:21 PM (IST)

-14 ਦਸੰਬਰ ਨੂੰ ਚੋਣਾਂ ਹੋਣ ਤੋਂ ਬਾਅਦ 17 ਨੂੰ ਨਤੀਜਿਆਂ ਦਾ ਐਲਾਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਜ਼ਿਲ੍ਹੇ ’ਚ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਹੋਏ ਇਕ ਮਹੀਨਾ ਬੀਤ ਚੁੱਕਾ ਹੈ ਪਰ ਅਜੇ ਤੱਕ ਚੇਅਰਮੈਨ ਦੀ ਨਿਯੁਕਤੀ ਨਹੀਂ ਹੋ ਸਕੀ। ਸਰਕਾਰ ਵੱਲੋਂ 14 ਦਸੰਬਰ ਨੂੰ ਚੋਣਾਂ ਕਰਵਾਈਆਂ ਗਈਆਂ ਸਨ, ਜਦਕਿ ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਹੋਈ ਤੇ ਦੇਰ ਰਾਤ ਤੱਕ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਸੀ। ਜ਼ਿਲ੍ਹਾ ਪ੍ਰੀਸ਼ਦ ਦੇ 21 ਜ਼ੋਨਾਂ ’ਚ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਸਪੱਸ਼ਟ ਬਹੁਮਤ ਤਾਂ ਨਹੀਂ ਮਿਲਿਆ ਪਰ 10 ’ਚ ਜਿੱਤ ਹਾਸਲ ਕਰਕੇ ਸਭ ਤੋਂ ਵੱਡੀ ਪਾਰਟੀ ਬਣੀ। ਦੂਜੇ ਨੰਬਰ ’ਤੇ ਰਹੀ ਕਾਂਗਰਸ ਨੇ 7 ਜ਼ੋਨ ਜਿੱਤੇ, ਜਦਕਿ ਬਸਪਾ ਨੂੰ ਤਿੰਨ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕੋ-ਇਕ ਜ਼ੋਨ ’ਚ ਸਫ਼ਲਤਾ ਮਿਲੀ। ਹੁਣ ਜਿੱਤੇ ਹੋਏ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਸਰਕਾਰ ਵੱਲੋਂ ਚੇਅਰਮੈਨ ਦੀ ਚੋਣ ਲਈ ਨੋਟੀਫਿਕੇਸ਼ਨ ਜਾਰੀ ਹੋਣ ਦੀ ਉਡੀਕ ਹੈ। ਇਸ ਸਬੰਧੀ ਏਡੀਸੀ (ਗ੍ਰਾਮੀਣ ਵਿਕਾਸ) ਨਵਦੀਪ ਕੌਰ ਨੇ ਦੱਸਿਆ ਕਿ ਸਰਕਾਰ ਦੇ ਨੋਟੀਫਿਕੇਸ਼ਨ ਤੋਂ ਬਾਅਦ ਕੋਆਰਡੀਨੇਟਰ ਨਿਯੁਕਤ ਕਰਕੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਪੱਧਰ ’ਤੇ ਪੰਚਾਇਤ ਕਮੇਟੀ ਦੇ ਚੇਅਰਮੈਨ ਦੀ ਚੋਣ ਕਰਵਾਈ ਜਾਵੇਗੀ। ਇਸ ’ਚ ਸਰਬਸੰਮਤੀ ਜਾਂ ਵੋਟਾਂ ਰਾਹੀਂ ਚੋਣ ਕਰਵਾਉਣ ਦੀ ਤਜਵੀਜ਼ ਹੈ। --------------------------- ਜ਼ਿਲ੍ਹਾ ਪ੍ਰੀਸ਼ਦ ਦੇ ਕੰਮ ਜ਼ਿਲ੍ਹਾ ਪ੍ਰੀਸ਼ਦ ਜ਼ਿਲ੍ਹੇ ਦੇ ਪਿੰਡੀਂ ਖੇਤਰਾਂ ਦੇ ਵਿਕਾਸ, ਪ੍ਰਸ਼ਾਸਨ ਤੇ ਸਮਾਜਿਕ ਕਲਿਆਣ ਦੀਆਂ ਯੋਜਨਾਵਾਂ ਤਿਆਰ ਕਰਨ ਤੋਂ ਲੈ ਕੇ ਉਨ੍ਹਾਂ ਦੀ ਨਿਗਰਾਨੀ ਤੱਕ ਦੀ ਜ਼ਿੰਮੇਵਾਰੀ ਨਿਭਾਉਂਦੀ ਹੈ। ਇਸ ’ਚ ਸਿੱਖਿਆ, ਸਿਹਤ, ਸੜਕਾਂ, ਪਾਣੀ, ਬਿਜਲੀ ਵਰਗੀਆਂ ਬੁਨਿਆਦੀ ਸੁਵਿਧਾਵਾਂ ਦਾ ਪ੍ਰਬੰਧਨ ਤੇ ਗ੍ਰਾਮ ਪੰਚਾਇਤਾਂ ਤੇ ਪੰਚਾਇਤ ਕਮੇਟੀਆਂ ਦੇ ਕੰਮਾਂ ’ਚ ਤਾਲਮੇਲ ਸਥਾਪਿਤ ਕਰਨਾ ਸ਼ਾਮਲ ਹੈ ਤਾਂ ਜੋ ਪਿੰਡੀਂ ਵਾਸੀਆਂ ਦਾ ਜੀਵਨ ਪੱਧਰ ਸੁਧਾਰਿਆ ਜਾ ਸਕੇ। ਅਕਸਰ ਪੰਚਾਇਤਾਂ ਦੀ ਸਿਫ਼ਾਰਸ਼ ’ਤੇ ਜ਼ਿਲ੍ਹਾ ਪ੍ਰੀਸ਼ਦ ਸੜਕਾਂ, ਗਲੀਆਂ, ਨਾਲੀਆਂ ਵਰਗੇ ਬੁਨਿਆਦੀ ਢਾਂਚੇ ਦੇ ਕੰਮ ਕਰਵਾਉਂਦੀ ਹੈ। ---------------------- ਨਵਾਂ ਚੇਅਰਮੈਨ ਬਣਨ ਤੱਕ ਪ੍ਰਸ਼ਾਸਕ ਕੋਲ ਹਨ ਅਧਿਕਾਰ ਜ਼ਿਲ੍ਹਾ ਪ੍ਰੀਸ਼ਦ ਦੀ ਡਿਪਟੀ ਸੀਈਓ ਸੁਖਬੀਰ ਕੌਰ ਨੇ ਦੱਸਿਆ ਕਿ ਨਵੇਂ ਚੇਅਰਮੈਨ ਦੀ ਤਾਇਨਾਤੀ ਹੋਣ ਤੱਕ ਵਿਕਾਸ ਕਾਰਜਾਂ ਦੀ ਜ਼ਿੰਮੇਵਾਰੀ ਪ੍ਰਸ਼ਾਸਕ ਕੋਲ ਰਹਿੰਦੀ ਹੈ। ਜੇ ਕਿਸੇ ਵਿਕਾਸ ਕੰਮ ਲਈ ਮੰਗ ਆਉਂਦੀ ਹੈ ਤਾਂ ਪ੍ਰਸ਼ਾਸਕ ਦੀ ਮਨਜ਼ੂਰੀ ਲੈ ਕੇ ਉਸਦਾ ਅੰਦਾਜ਼ਾ (ਐਸਟੀਮੇਟ) ਤਿਆਰ ਕਰਵਾਇਆ ਜਾਂਦਾ ਹੈ ਤੇ ਅੱਗੇ ਦੀ ਪ੍ਰਕਿਰਿਆ ਪੂਰੀ ਕੀਤੀ ਜਾਂਦੀ ਹੈ।