ਤਰਕਸ਼ੀਲ ਮੇਲੇ ਦੀਆਂ ਤਿਆਰੀਆਂ ਸਬੰਧੀ ਸੁਸਾਇਟੀ ਦੀ ਮੀਟਿੰਗ
ਤਰਕਸ਼ੀਲ ਮੇਲੇ ਦੀਆਂ ਤਿਆਰੀਆਂ ਸਬੰਧੀ ਤਰਕਸ਼ੀਲ ਸੁਸਾਇਟੀ ਇਕਾਈ ਸ਼ਾਹਕੋਟ ਦੀ ਮੀਟਿੰਗ ਹੋਈ
Publish Date: Sat, 24 Jan 2026 07:04 PM (IST)
Updated Date: Sun, 25 Jan 2026 04:16 AM (IST)

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਸ਼ਾਹਕੋਟ ਵੱਲੋਂ ਕਰਵਾਏ ਜਾ ਰਹੇ ਤਰਕਸ਼ੀਲ ਮੇਲੇ ਦੀਆਂ ਤਿਆਰੀਆਂ ਸਬੰਧੀ ਸੁਸਾਇਟੀ ਦੇ ਦਫ਼ਤਰ ਅੱਪੂ ਆਰਟ ਪ੍ਰੈੱਸ ਵਿਖੇ ਇਕਾਈ ਮੁਖੀ ਪਿ੍ਰੰਸੀਪਲ ਮਨਜੀਤ ਸਿੰਘ ਮਲਸੀਆਂ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਇਸ ਮੀਟਿੰਗ ’ਚ ਮੇਲੇ ਸਬੰਧੀ ਵੱਖ-ਵੱਖ ਕੰਮਾਂ ਲਈ ਡਿਊਟੀਆਂ ਲਗਾਈਆਂ ਗਈਆਂ। ਮੇਲੇ ’ਚ ਦਰਸ਼ਕਾਂ ਦੀ ਸ਼ਮੂਲੀਅਤ ਨੂੰ ਵਧਾਉਣ ਲਈ ਵੱਖ-ਵੱਖ ਤਰੀਕਿਆਂ ਨਾਲ ਪ੍ਰਚਾਰ ਕਰਨ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੇਲੇ ਦੌਰਾਨ ਸਟੇਜ ਦੀ ਕਾਰਵਾਈ ਨੂੰ ਚਲਾਉਣ ਲਈ ਪਿ੍ਰੰਸੀਪਲ ਮਨਜੀਤ ਸਿੰਘ ਮਲਸੀਆਂ, ਪਾਲ ਬਾਗਪੁਰ, ਗੁਰਮੀਤ ਸਿੰਘ ਕੋਟਲੀ ਤੇ ਅਮਨ ਬਾਗਪੁਰ ਤੇ ਅਧਾਰਿਤ ਕਮੇਟੀ ਬਣਾਈ ਗਈ। ਸੁਸਾਇਟੀ ਵੱਲੋਂ ਅਗਲੀ ਮੀਟਿੰਗ ਭਰਾਤਰੀ ਜੱਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਡੈਮੋਕ੍ਰੇਟਿਕ ਟੀਚਰਜ਼ ਫਰੰਟ, ਟੈਕਨੀਕਲ ਸਰਵਿਸਿਜ਼ ਯੂਨੀਅਨ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਕਿਰਤੀ ਕਿਸਾਨ ਯੂਨੀਅਨ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਯੂਨੀਅਨ ਦੇ ਆਗੂਆਂ ਨਾਲ ਪਹਿਲੀ ਫ਼ਰਵਰੀ ਨੂੰ ਕਰਨ ਦਾ ਫੈਸਲਾ ਕੀਤਾ ਗਿਆ। ਮੇਲੇ ਦੌਰਾਨ ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ ’ਚ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ। ਇਸ ਪ੍ਰੀਖਿਆ ’ਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇਣ ਲਈ ਸਕੂਲਾਂ ਤੱਕ ਪਹੁੰਚ ਕਰਨ ਲਈ ਕਮੇਟੀਆਂ ਦਾ ਗਠਨ ਕੀਤਾ ਗਿਆ। ਤਰਕਸ਼ੀਲ ਮੈਗਜ਼ੀਨ ਦੇ ਪਾਠਕਾਂ ਦਾ ਘੇਰਾ ਵਧਾਉਣ ਲਈ ਮੇਲੇ ਦੌਰਾਨ ਤਰਕਸ਼ੀਲ ਮੈਗਜ਼ੀਨ ਦੀ ਬੁਕਿੰਗ ਕਰਵਾਉਣ ਤੇ ਸਾਲ ਦਾ ਚੰਦਾ 150 ਰੁਪਏ ਦੀ ਥਾਂ 100 ਰੁਪਏ ਲਿਆ ਜਾਵੇਗਾ। ਇਸ ਮੀਟਿੰਗ ’ਚ ਇਕਾਈ ਮੁਖੀ ਪ੍ਰਿੰਸੀਪਲ ਮਨਜੀਤ ਸਿੰਘ ਮਲਸੀਆਂ, ਜਿੰਦਰ ਬਾਗਪੁਰ, ਸਤਨਾਮ ਸਿੰਘ ਨੀਟਾ, ਗੁਰਦੇਵ ਸਿੰਘ ਨਵਾਂ ਕਿਲਾ, ਡਾ. ਨਗਿੰਦਰ ਸਿੰਘ ਬਾਂਸਲ, ਸੁਖਵਿੰਦਰ ਬਾਗਪੁਰ, ਪਾਲ ਬਾਗਪੁਰ, ਬਿੱਟੂ ਰੂਪੇਵਾਲੀ, ਡਾ. ਰੇਸ਼ਮ ਸਿੰਘ ਰੂਪੇਵਾਲ, ਗੁਰਮੀਤ ਸਿੰਘ ਕੋਟਲੀ, ਦੇਸ ਰਾਜ ਜਾਫ਼ਰਵਾਲ ਆਦਿ ਹਾਜ਼ਰ ਸਨ।