ਮਜ਼ਦੂਰਾਂ ਦੀਆਂ ਮੰਗਾਂ ਦੇ ਹੱਲ ਲਈ ਸੂਬਾ ਪੱਧਰੀ ਰੈਲੀ 8 ਨੂੰ
ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਦੇ ਹੱਲ ਲਈ 8 ਅਪ੍ਰੈਲ ਨੂੰ ਹੋਵੇਗੀ ਵਿਸ਼ਾਲ ਸੁਬਾਈ ਰੈਲੀ - ਨਾਹਰ, ਦਾਊਦ
Publish Date: Wed, 18 Mar 2026 08:20 PM (IST)
Updated Date: Wed, 18 Mar 2026 08:22 PM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਦਿਹਾਤੀ ਮਜ਼ਦੂਰ ਸਭਾ ਵੱਲੋਂ ਪੰਜਾਬ ਦੇ ਬੇਜ਼ਮੀਨੇ ਸਾਧਨਹੀਣ ਪੇਂਡੂ ਕਿਰਤੀਆਂ ਦੀਆਂ ਭੱਖਦੀਆਂ ਮੰਗਾਂ ਦੀ ਪ੍ਰਾਪਤੀ ਲਈ 8 ਅਪ੍ਰੈਲ ਨੂੰ ਦੇਸ਼ ਭਗਤ ਯਾਦਗਾਰ ਹਾਲ ਵਿਖੇ ਵਿਸ਼ਾਲ ਸੂਬਾਈ ਰੈਲੀ ਕੀਤੀ ਜਾਵੇਗੀ। ਰੈਲੀ ’ਚ ਪਰਿਵਾਰਾਂ ਸਮੇਤ ਵੱਡੀ ਗਿਣਤੀ ’ਚ ਮਜ਼ਦੂਰ ਖਾਸ ਕਰਕੇ ਔਰਤਾਂ ਪੁੱਜ ਕੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਮਜ਼ਦੂਰ ਮਾਰੂ ਲੋਕ ਵਿਰੋਧੀ ਨੀਤੀਆਂ ਖਿਲਾਫ ਰੋਸ ਪ੍ਰਗਟ ਕਰਨਗੇ। ਇਸ ਸਬੰਧੀ ਪ੍ਰੈੱਸ ਕਲੱਬ ’ਚ ਕੀਤੀ ਗਈ ਪ੍ਰੈੱਸ ਕਾਨਫਰਸ ’ਚ ਜਾਣਕਾਰੀ ਦਿੰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਸੂਬਾ ਪ੍ਰੈੱਸ ਸਕੱਤਰ ਬਲਦੇਵ ਸਿੰਘ ਨੂਰਪੁਰੀ, ਸੂਬਾ ਵਿੱਤ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ ਨੇ ਕਿਹਾ ਕਿ ਕੇਂਦਰੀ ਤੇ ਸੁਬਾਈ ਹਕੂਮਤਾਂ ਦਾ ਕਿਰਤੀ ਵਰਗ ਖਾਸ ਕਰਕੇ ਬੇਜ਼ਮੀਨੇ ਸਾਧਨਹੀਣ ਪੇਂਡੂ ਮਜ਼ਦੂਰਾਂ ਪ੍ਰਤੀ ਵਿਤਕਰੇ ਭਰਿਆ ਰਵਈਆ ਤੇ ਇਨ੍ਹਾਂ ਦੀਆਂ ਹੱਕੀ ਮੰਗਾਂ ਪ੍ਰਤੀ ਸਰਕਾਰਾਂ ਦੀ ਮੁਜਰਮਾਨਾ ਬੇਧਿਆਨੀ ਖਿਲਾਫ ਮਜ਼ਦੂਰ ਪਰਿਵਾਰਾਂ ’ਚ ਰੋਹ ਹੈ।
ਇਸ ਤੋਂ ਇਲਾਵਾ ਹੱਕੀ ਮੰਗਾਂ ਲਈ ਜਮਹੂਰੀ ਲੀਹਾਂ ਤੇ ਸੰਘਰਸ਼ ਕਰ ਰਹੇ ਲੋਕਾਂ ਤੇ ਪੁਲਿਸ ਜਬਰ ਬੰਦ ਕੀਤਾ ਜਾਵੇ, ਘੋਲਾਂ ਦੌਰਾਨ ਮਜ਼ਦੂਰਾਂ ਕਿਸਾਨਾਂ ਤੇ ਦਰਜ ਕੀਤੇ ਪਰਚੇ ਰੱਦ ਕੀਤੇ ਜਾਣ ਆਦਿ ਮੰਗਾਂ ਦੀ ਪ੍ਰਾਪਤੀ ਦੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ, ਜਿਸ ਦੀਆਂ ਤਿਆਰੀਆਂ ਪੂਰੇ ਪੰਜਾਬ ’ਚ ਵੱਡੀ ਪੱਧਰ ’ਤੇ ਚੱਲ ਰਹੀਆਂ ਹਨ। ਆਗੂਆਂ ਨੇ ਕਿਹਾ ਜੇ ਇਸ ਰੈਲੀ ਤੋਂ ਬਾਅਦ ਵੀ ਸਰਕਾਰ ਨੇ ਮਜ਼ਦੂਰਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ’ਚ ਦਿਹਾਤੀ ਮਜ਼ਦੂਰ ਸਭਾ ਅਤੇ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਸਮੇਤ ਹੋਰ ਜੱਥੇਬੰਦੀਆਂ ਨਾਲ ਮਿਲ ਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ।