ਟਰਾਲੀ ਤੇ ਤੂੜੀ ਵਾਲੇ ਕਮਰੇ ਨੂੰ ਲੱਗੀ ਭਿਆਨਕ ਅੱਗ
ਟਰਾਲੀ ਤੇ ਤੂੜੀ ਵਾਲੇ ਕਮਰੇ ਨੂੰ ਲੱਗੀ ਭਿਆਨਕ ਅੱਗ
Publish Date: Tue, 06 Jan 2026 07:42 PM (IST)
Updated Date: Tue, 06 Jan 2026 07:44 PM (IST)
ਮਨਜੀਤ ਮੱਕੜ, ਪੰਜਾਬੀ ਜਾਗਰਣ, ਗੁਰਾਇਆ : ਪਿੰਡ ਸੰਗ ਢੇਸੀਆਂ ’ਚ ਤੜਕਸਾਰ ਇਕ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ’ਚ ਟਰਾਲੀ ਤੇ ਤੂੜੀ ਸੰਭਾਲਣ ਵਾਲਾ ਕਮਰਾ ਅੱਗ ਦੀ ਲਪੇਟ ’ਚ ਆ ਗਿਆ, ਜਿਸ ਕਾਰਨ ਲਗਭਗ 4 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੂਹ ਦੇ ਮਾਲਕ ਗੁਰਿੰਦਰ ਸਿੰਘ ਉਰਫ਼ ਗਿੰਦੀ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਆਪਣੇ ਖੂਹ ’ਤੇ ਪਹੁੰਚੇ ਤਾਂ ਉਨ੍ਹਾਂ ਨੇ ਵੇਖਿਆ ਕਿ ਸ਼ਰਾਰਤੀ ਅਨਸਰਾਂ ਵੱਲੋਂ ਟਰਾਲੀ ਤੇ ਤੂੜੀ ਰੱਖਣ ਵਾਲੇ ਕਮਰੇ ਨੂੰ ਅੱਗ ਲਗਾਈ ਹੋਈ ਸੀ। ਇਸ ਸਬੰਧੀ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਕਾਫ਼ੀ ਜੱਦੋ-ਜਹਿਦ ਮਗਰੋਂ ਅੱਗ ’ਤੇ ਕਾਬੂ ਪਾਇਆ। ਅੱਗ ਕਾਰਨ ਟਰਾਲੀ ਦੇ ਚਾਰੋਂ ਟਾਇਰ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਏ, ਜਦਕਿ ਤੂੜੀ ਤੇ ਹੋਰ ਸਾਮਾਨ ਵੀ ਨੁਕਸਾਨੀ ਹੋਇਆ। ਪੀੜਤ ਗੁਰਿੰਦਰ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਘਟਨਾ ’ਚ ਸ਼ਾਮਲ ਸ਼ਰਾਰਤੀ ਅਨਸਰਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।