ਗਾਇਕਾ ਜੋਤੀ ਨੂਰਾਂ ਦੇ ਘਰ ਨੇੜੇ ਗੋਲ਼ੀ ਚਲਾਉਣ ਦੀ ਕੋਸ਼ਿਸ਼
ਪ੍ਰਸਿੱਧ ਗਾਇਕਾ ਜੋਤੀ ਨੂਰਾਂ ਦੇ ਘਰ ਦੇ ਨਜ਼ਦੀਕ ਐਕਟਿਵਾ ਸਵਾਰ ਵਿਅਕਤੀ ਨੇ ਗੋਲੀ ਚਲਾਉਣ ਦੀ ਕੀਤੀ ਕੋਸ਼ਿਸ਼, ਫੈਲੀ ਦਹਿਸ਼ਤ
Publish Date: Wed, 11 Feb 2026 08:55 PM (IST)
Updated Date: Wed, 11 Feb 2026 08:56 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੀ ਪ੍ਰਸਿੱਧ ਗਾਇਕਾ ਜੋਤੀ ਨੂਰਾਂ ਦੇ ਘਰ ਦੇ ਨਜ਼ਦੀਕ ਬੀਤੀ ਰਾਤ ਐਕਟੀਵਾ ਸਵਾਰ ਵਿਅਕਤੀ ਦੀ ਪਿਸਤੌਲ ਨਾਲ ਗੋਲੀ ਚਲਾਉਣ ਦੀ ਕੋਸ਼ਿਸ਼ ਕਰਦਿਆਂ ਹੋਇਆਂ ਦੀ ਸੀਸੀਟੀਵੀ ਫੁਟੇਜ ਵਾਇਰਲ ਹੋਈ ਹੈ। ਥਾਣਾ ਇਕ ਦੇ ਮੁਖੀ ਐੱਸਆਈ ਰਕੇਸ਼ ਕੁਮਾਰ ਨੇ ਦੱਸਿਆ ਕਿ ਬਸੰਤ ਕੁੰਜ ਸਲੇਮਪੁਰ ਮੁਸਲਮਾਨਾਂ ’ਚ ਰਹਿ ਰਹੀ ਜਲੰਧਰ ਦੀ ਪ੍ਰਸਿੱਧ ਗਾਇਕਾ ਜੋਤੀ ਨੂਰਾਂ ਵੱਲੋਂ ਉਨ੍ਹਾਂ ਨੂੰ ਟੈਲੀਫੋਨ ਰਾਹੀਂ ਜਾਣਕਾਰੀ ਦੇਣ ਉਪਰੰਤ ਉਨ੍ਹਾਂ ਵੱਲੋਂ ਕਾਰਵਾਈ ਆਰੰਭੀ ਗਈ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਵੱਲੋਂ ਅਫਵਾਹ ਫੈਲਾਈ ਜਾ ਰਹੀ ਹੈ ਕਿ ਗਾਇਕਾ ਜੋਤੀ ਨੂਰਾਂ ਦੇ ਘਰ ਦੇ ਬਾਹਰ ਐਕਟਿਵਾ ਸਵਾਰ ਵਿਅਕਤੀ ਵੱਲੋਂ ਫਾਇਰਿੰਗ ਕੀਤੀ ਗਈ ਹੈ ਪਰ ਇਸ ਤਰ੍ਹਾਂ ਦੀ ਕੋਈ ਵੀ ਵਾਰਦਾਤ ਸਾਹਮਣੇ ਨਹੀਂ ਆਈ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ’ਚ ਨਜ਼ਰ ਆ ਰਿਹਾ ਹੈ ਕਿ ਇਕ ਐਕਟਿਵਾ ਸਵਾਰ ਵਿਅਕਤੀ ਉਨ੍ਹਾਂ ਦੇ ਘਰ ਦੇ ਪਿਛਲੀ ਗਲੀ ਰਾਹੀਂ ਐਕਟਿਵਾ ਦੇ ਘਰ ਦੀ ਗਲੀ ’ਚ ਆਉਂਦਾ ਨਜ਼ਰ ਆ ਰਿਹਾ ਹੈ, ਜਿਸ ਵੱਲੋਂ ਪਿਸਤੌਲ ਵਰਗੀ ਚੀਜ਼ ਡਿੱਗੀ ’ਚੋਂ ਕੱਢੀ ਜਾ ਰਹੀ ਹੈ। ਆਸ ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ ਪਰ ਅਜੇ ਤੱਕ ਉਸ ਵਿਅਕਤੀ ਦਾ ਕੋਈ ਵੀ ਸੁਰਾਗ ਹਾਸਲ ਨਹੀਂ ਹੋਇਆ। ਥਾਣਾ ਮੁਖੀ ਨੇ ਦੱਸਿਆ ਕਿ ਜੋਤੀ ਨੂਰਾਂ ਵੱਲੋਂ ਵੀ ਅਜੇ ਤੱਕ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਗਈ।