ਜਲੰਧਰ ’ਚ ਬਣੇਗਾ ਹੈਰੀਟੇਜ ਗੇਟ : ਸ਼ਰਮਾ
ਲੁਧਿਆਣਾ ਸਾਈਡ ਤੋਂ ਜਲੰਧਰ ’ਚ ਬਣੇਗਾ ਅਮ੍ਰਿਤਸਰ ਤਰ੍ਹਾਂ ਸ਼ਾਨਦਾਰ ਹੇਰਿਟੇਜ ਗੇਟ: ਸੁਨੀਲ ਸ਼ਰਮਾ
Publish Date: Tue, 10 Mar 2026 11:06 PM (IST)
Updated Date: Tue, 10 Mar 2026 11:09 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਸ਼ਹਿਰ ਦੀ ਇਤਿਹਾਸਕ ਤੇ ਸੱਭਿਆਚਾਰਕ ਪਛਾਣ ਨੂੰ ਮਜ਼ਬੂਤ ਕਰਨ ਲਈ ਹੈਰੀਟੇਜ ਸੁਸਾਇਟੀ ਵੱਲੋਂ ਨਾਰਥ ਦੇ ਹਲਕਾ ਇੰਚਾਰਜ ਦਿਨੇਸ਼ ਢੱਲ ਨੂੰ ਇਕ ਮੰਗ ਪੱਤਰ (ਮੈਮੋਰੰਡਮ) ਸੌਂਪਿਆ ਗਿਆ। ਇਸ ਮੌਕੇ ’ਤੇ ਸੁਸਾਇਟੀ ਦੇ ਚੇਅਰਮੈਨ ਸੁਨੀਲ ਸ਼ਰਮਾ ਤੇ ਪ੍ਰਧਾਨ ਨਵਨੀਤ ਕੁਮਾਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਜ ਦੇ ਪਵਿੱਤਰ ਸ਼ਹਿਰਾਂ ਦੀ ਸ਼ਾਨ ਨੂੰ ਬਣਾਈ ਰੱਖਣ ਦਾ ਫੈਸਲਾ ਸ਼ਲਾਘਾਯੋਗ ਹੈ। ਸੁਨੀਲ ਸ਼ਰਮਾ ਨੇ ਦੱਸਿਆ ਕਿ ਲੁਧਿਆਣਾ ਸਾਈਡ ਤੋਂ ਜਲੰਧਰ ਸ਼ਹਿਰ ਦੇ ਪ੍ਰਵੇਸ਼ ਦੁਆਰ ’ਤੇ ਅੰਮ੍ਰਿਤਸਰ ਦੀ ਤਰ੍ਹਾਂ ਇਕ ਸ਼ਾਨਦਾਰ ਹੈਰੀਟੇਜ ਗੇਟ ਬਣਾਇਆ ਜਾਣਾ ਚਾਹੀਦਾ ਹੈ, ਜਿਸ ਨਾਲ ਸ਼ਹਿਰ ਦੀ ਧਾਰਮਿਕ, ਇਤਿਹਾਸਕ ਤੇ ਸੱਭਿਆਚਾਰਕ ਵਿਰਾਸਤ ਨੂੰ ਲੋਕਾਂ ਸਾਹਮਣੇ ਦਰਸਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਜਲੰਧਰ ਇਕ ਲਗਪਗ 7000 ਸਾਲ ਪੁਰਾਣਾ ਸ਼ਹਿਰ ਹੈ, ਜਿਸ ਦਾ ਜ਼ਿਕਰ ਸਤਿਯੁਗ, ਰਾਮਾਇਣ ਤੇ ਮਹਾਭਾਰਤ ਸਮੇਤ ਪ੍ਰਾਚੀਨ ਗ੍ਰੰਥਾਂ ’ਚ ਮਿਲਦਾ ਹੈ। ਇਸ ਲਈ ਪ੍ਰਵੇਸ਼ ਦੁਆਰ ’ਤੇ ਹੇਰਿਟੇਜ ਗੇਟ ਬਣਾਉਣ ਨਾਲ ਸ਼ਹਿਰ ਦੀ ਪਛਾਣ ਹੋਰ ਮਜ਼ਬੂਤ ਹੋਵੇਗੀ। ਨਵਨੀਤ ਕੁਮਾਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੀ ਵਿਰਾਸਤ ਤੇ ਇਤਿਹਾਸ ਦੀ ਡੂੰਘਾਈ ਨਾਲ ਸਮਝ ਹੈ ਤੇ ਉਨ੍ਹਾਂ ਉਮੀਦ ਹੈ ਕਿ ਸਰਕਾਰ ਇਸ ਮਹੱਤਵਪੂਰਨ ਸੁਝਾਅ ’ਤੇ ਸਕਾਰਾਤਮਕ ਵਿਚਾਰ ਕਰੇਗੀ। ਦਿਨੇਸ਼ ਢੱਲ ਨੇ ਇਸ ਮੰਗ ਨੂੰ ਮਹੱਤਵਪੂਰਨ ਕਰਾਰ ਦਿੰਦਿਆਂ ਭਰੋਸਾ ਦਿੱਤਾ ਕਿ ਇਸ ਪ੍ਰਸਤਾਵ ਨੂੰ ਸਰਕਾਰ ਤੱਕ ਪਹੁੰਚਾ ਕੇ ਇਸ ਦਿਸ਼ਾ ’ਚ ਸਕਾਰਾਤਮਕ ਕਦਮ ਚੁੱਕੇ ਜਾਣਗੇ।