‘ਗੁਰੂ ਰਵਿਦਾਸ ਮਹਾਰਾਜ ਦੀ ਜੈ’ ਦੇ ਜੈਕਾਰਿਆਂ ਨਾਲ ਗੂੰਜਿਆ ਮਹਾਨਗਰ
ਦਸ ਘੰਟਿਆਂ ’ਚ 12 ਕਿਲੋਮੀਟਰ ਦਾ ਸਫ਼ਰ, ਸ਼ੋਭਾਯਾਤਰਾ ’ਚ ਤਿੰਨ ਸੌ ਤੋਂ ਵੱਧ ਥਾਵਾਂ ’ਤੇ ਸਜੇ ਮੰਚ
Publish Date: Sat, 31 Jan 2026 09:31 PM (IST)
Updated Date: Sun, 01 Feb 2026 04:14 AM (IST)

--------------ਤਸਵੀਰਾਂ ਹਿੰਦੀ ਚੋਂ 3 ਤੋਂ 11--------------------ਵਿਜੇ ਸ਼ਰਮਾ - ਸ੍ਰੀ ਗੁਰੂ ਰਵਿਦਾਸ ਧਾਮ ਬੂਟਾ ਮੰਡੀ ਤੋਂ ਸਜਾਈ ਵਿਸ਼ਾਲ ਸ਼ੋਭਾ ਯਾਤਰਾ, ਅਰਦਾਸ ਉਪਰੰਤ ਹੋਇਆ ਆਗਾਜ਼ - ਦਸ ਘੰਟਿਆਂ ’ਚ 12 ਕਿਲੋਮੀਟਰ ਦਾ ਸਫ਼ਰ, ਸ਼ੋਭਾ ਯਾਤਰਾ ’ਚ 300 ਤੋਂ ਵੱਧ ਥਾਵਾਂ ’ਤੇ ਸਜੇ ਮੰਚ - ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਤੇ ਕੈਬਨਿਟ ਮੰਤਰੀ ਮਹਿੰਦਰ ਭਗਤ ਸਣੇ ਕਈ ਪਤਵੰਤੇ ਸ਼ਾਮਲ ਜਤਿੰਦਰ ਪੰਮੀ, ਪੰਜਾਬੀ ਜਾਗਰਣ ਜਲੰਧਰ : ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਗੁਰੂ ਰਵਿਦਾਸ ਧਾਮ ਬੂਟਾ ਮੰਡੀ ਤੋਂ ਸ਼ੁਰੂ ਹੋਈ ਸ਼ੋਭਾ ਯਾਤਰਾ ਨਾਲ ਸਾਰਾ ਮਹਾਨਗਰ ਜੈਕਾਰਿਆਂ ਦੀ ਗੂੰਜ ਨਾਲ ਆਨੰਦਮਈ ਹੋ ਗਿਆ। ਇਸ ਵਿਸ਼ਾਲ ਤੇ ਸੁੰਦਰ ਝਾਕੀਆ ਨਾਲ ਸਜੀ ਸ਼ੋਭਾ ਯਾਤਰਾ ਨੇ ਦਸ ਘੰਟਿਆਂ ’ਚ ਕਰੀਬ 12 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਯਾਤਰਾ ਮਾਰਗ ਦੌਰਾਨ ਤਿੰਨ ਸੌ ਤੋਂ ਵੱਧ ਥਾਵਾਂ ’ਤੇ ਮੰਚ ਸਜਾਏ ਗਏ, ਜਿੱਥੇ ਸ਼ੋਭਾ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੇ ਨਾਲ ਹੀ ਵੱਖ-ਵੱਖ ਧਾਰਮਿਕ, ਸਮਾਜਿਕ ਤੇ ਵਪਾਰਕ ਸੰਸਥਾਵਾਂ ਵੱਲੋਂ ਲੰਗਰ ਲਗਾਏ ਗਏ ਤੇ ਫੁੱਲਾਂ ਦੀ ਵਰਖਾ ਕਰਕੇ ਸ਼ੋਭਾ ਯਾਤਰਾ ’ਚ ਸ਼ਾਮਲ ਸੰਗਤ ਦਾ ਸਵਾਗਤ ਕੀਤਾ ਗਿਆ। ਸ਼ੋਭਾ ਯਾਤਰਾ ਸ੍ਰੀ ਗੁਰੂ ਰਵਿਦਾਸ ਜੀ ਦੀ ਸੁੰਦਰ ਸਜੀ ਪਾਲਕੀ ਸਾਹਿਬ ਦੀ ਅਗਵਾਈ ਹੇਠ ਸਜਾਈ ਗਈ। ਦਰਸ਼ਨਾਂ ਲਈ ਦੇਸ਼ ਹੀ ਨਹੀਂ, ਵਿਦੇਸ਼ਾਂ ਤੋਂ ਵੀ ਸੰਗਤ ਪੂਰੇ ਜੋਸ਼ ਨਾਲ ਸ਼ਾਮਲ ਹੋਈ। ‘ਧੰਨ-ਧੰਨ ਸ਼੍ਰੀ ਗੁਰੂ ਰਵਿਦਾਸ ਜੀ, ਸਾਰੇ ਜਗ ਦੇ ਪਾਲਣਹਾਰ’ ਤੇ ‘ਜੋ ਬੋਲੇ ਸੋ ਨਿਰਭੈ, ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਕੀ ਜੈ’ ਵਰਗੀਆਂ ਧਾਰਮਿਕ ਸੁਰਲਹਿਰਾਂ ਤੇ ਗੁਰੂ ਮਹਾਰਾਜ ਦੇ ਨਿਰੰਤਰ ਜੈਕਾਰਿਆਂ ਨਾਲ ਪੂਰਾ ਸ਼ਹਿਰ ਗੂੰਜ ਉੱਠਿਆ। ਸ਼ੋਭਾਯਾਤਰਾ ਦੀ ਸ਼ੁਰੂਆਤ ਸ਼੍ਰੀ ਗੁਰੂ ਰਵਿਦਾਸ ਧਾਮ ਬੂਟਾ ਮੰਡੀ ਤੋਂ ਝੰਡਾ ਚੜ੍ਹਾਉਣ ਤੇ ਅਰਦਾਸ ਨਾਲ ਕੀਤੀ ਗਈ। ਇਸ ’ਚ ਸੰਤ ਸਮਾਜ ਦੇ ਮੈਂਬਰਾਂ ਦੇ ਨਾਲ-ਨਾਲ ਵੱਖ-ਵੱਖ ਧਾਰਮਿਕ, ਸਮਾਜਿਕ, ਰਾਜਨੀਤਿਕ ਤੇ ਵਪਾਰਕ ਭਾਈਚਾਰੇ ਦੇ ਲੋਕਾਂ ਸਮੇਤ ਸ਼ਹਿਰਵਾਸੀਆਂ ਨੇ ਭਰਪੂਰ ਉਤਸ਼ਾਹ ਨਾਲ ਭਾਗ ਲਿਆ। ------------------------ ਤਿੰਨ ਸੌ ਤੋਂ ਵੱਧ ਥਾਵਾਂ ’ਤੇ ਸਜੇ ਸਵਾਗਤੀ ਮੰਚ ਤੇ ਸਟਾਲ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਮੌਕੇ ਸ਼ਨਿਚਰਵਾਰ ਨੂੰ ਸ਼ਹਿਰ ’ਚ ਸਜਾਈ ਗਈ ਸ਼ੋਭਾ ਯਾਤਰਾ ਦੌਰਾਨ ਸ਼ਹਿਰ ਦੀਆਂ ਸੜਕਾਂ ’ਤੇ ਤਿੰਨ ਸੌ ਤੋਂ ਵੱਧ ਥਾਵਾਂ ’ਤੇ ਸਵਾਗਤੀ ਮੰਚ ਤੇ ਸਟਾਲ ਲਗਾਏ ਗਏ। ਇੱਥੇ ਸ਼ਰਧਾਲੂਆਂ, ਗਣਮਾਨਯਾਂ, ਸਹਿਯੋਗੀ ਸੰਸਥਾਵਾਂ ਤੇ ਪ੍ਰਬੰਧਕਾਂ ਦਾ ਸ਼ਾਨਦਾਰ ਸਨਮਾਨ ਕੀਤਾ ਗਿਆ। ਇਸੇ ਤਰ੍ਹਾਂ ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਲੰਗਰਾਂ ਦਾ ਦੌਰ ਲਗਾਤਾਰ ਜਾਰੀ ਰਿਹਾ। ----------------------- ਅੱਜ ਮਨਾਇਆ ਜਾਵੇਗਾ ਸਮਾਗਮ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਸ਼ਹਿਰ ’ਚ ਸਮਾਰੋਹ ਸ਼੍ਰੀ ਗੁਰੂ ਰਵਿਦਾਸ ਧਾਮ ਤੇ ਇਸ ਦੇ ਬਾਹਰ ਵਿਸ਼ਾਲ ਪੰਡਾਲ ਲਗਾ ਕੇ ਇਕ ਫ਼ਰਵਰੀ ਨੂੰ ਮਨਾਇਆ ਜਾਵੇਗਾ। ਇਸ ’ਚ ਵੱਖ-ਵੱਖ ਸ਼ਹਿਰਾਂ ਤੋਂ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਸੰਸਥਾਵਾਂ ਦੇ ਮੈਂਬਰ ਸ਼ਾਮਲ ਹੋਣਗੇ। ਨਾਲ ਹੀ ਸ਼ਰਧਾਲੂ ਨਤਮਸਤਕ ਹੋ ਕੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ। ---------------------- ਗੁਰੂ ਰਵਿਦਾਸ ਜੀ ਦੇ ਅਸਥਾਨ ’ਤੇ ਨਤਮਸਤਕ ਹੋਏ ਸੁਖਬੀਰ ਬਾਦਲ, ਸ਼ੋਭਾ ਯਾਤਰਾ ’ਚ ਵੀ ਕੀਤੀ ਸ਼ਮੂਲੀਅਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਕਿਹਾ ਕਿ ਗੁਰੂ ਰਵਿਦਾਸ ਜੀ ਦਾ ਸਮਾਜਿਕ ਬਰਾਬਰਤਾ ਤੇ ਆਪਸੀ ਭਾਈਚਾਰਕ ਸਾਂਝ ਦਾ ਸੰਦੇਸ਼ ਅੱਜ ਵੀ ਉਨਾ ਹੀ ਮਹੱਤਵਪੂਰਨ ਹੈ ਜਿੰਨਾ 800 ਸਾਲ ਪਹਿਲਾਂ ਸੀ ਤੇ ਉਨ੍ਹਾਂ ਕਿਹਾ ਕਿ ਇਹ ਸਿਧਾਂਤ ਹੀ ਅਕਾਲੀ ਦਲ ਦੀ ਵਿਚਾਰਧਾਰਾ ਦਾ ਮੂਲ ਹਨ। ਅਕਾਲੀ ਦਲ ਦੇ ਪ੍ਰਧਾਨ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਦਿਹਾੜੇ ’ਤੇ ਇਥੇ ਬੂਟਾ ਮੰਡੀ ਵਿਖੇ ਗੁਰੂ ਰਵਿਦਾਸ ਧਾਮ ਵਿਖੇ ਨਤਮਸਤਕ ਹੋਏ ਤੇ ਉਨਾਂ ਨਾਲ ਹੀ ਸੋਭਾ ਯਾਤਰਾ ਵਿਚ ਵੀ ਸ਼ਮੂਲੀਅਤ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਮਨੁੱਖਤਾ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਸਿਖਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਵਰਗੇ ਸੰਤਾਂ ਮਹਾਂਪੁਰਖਾਂ ਦੀਆਂ ਸਿੱਖਿਆਵਾਂ ਦੇ ਕਰ ਕੇ ਹੀ ਪੰਜਾਬ ਦੇ ਸਾਰੇ ਭਾਈਚਾਰਿਆਂ ਵਿਚ ਆਪਸੀ ਭਾਈਚਾਰਕ ਸਾਂਝ ਹੈ ਤੇ ਸੂਬੇ ਵਿਚ ਕਦੇ ਵੀ ਫਿਰਕੂ ਗੜ੍ਹਬੜ੍ਹ ਨਹੀਂ ਹੋਈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਵੀ ਇਕ ਮਿਸ਼ਨ ਵਜੋਂ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਹੈ ਤੇ ਹਮੇਸ਼ਾ ਤਰੱਕੀ ਤੇ ਖੁਸ਼ਹਾਲੀ ਦੇ ਰਾਹ ’ਤੇ ਸਾਰੇ ਧਰਮ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਿਆ ਹੈ। ਇਸ ਮੌਕੇ ਸੀਨੀਅਰ ਪਾਰਟੀ ਆਗੂ ਮਹਿੰਦਰ ਸਿੰਘ ਕੇਪੀ ਇਕਬਾਲ ਸਿੰਘ ਢੀਂਡਸਾ, ਕੁਲਵੰਤ ਸਿੰਘ ਮੰਨਣ, ਬਲਦੇਵ ਖਹਿਰਾ, ਬਚਿੱਤਰ ਸਿੰਘ ਕੋਹਾੜ, ਹਰਜਾਪ ਸਿੰਘ ਸੰਘਾ, ਹਰਿੰਦਰ ਸਿੰਘ ਢੀਂਡਸਾ, ਐੱਚਐੱਸ ਵਾਲੀਆ ਤੇ ਸੁਖਦੀਪ ਸੁਕਾਰ ਤੇ ਹੋਰ ਆਗੂ ਵੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਸਨ। ਸ੍ਰੀ ਗੁਰੂ ਰਵਿਦਾਸ ਜੀ ਦੇ ਸੰਦੇਸ਼ ਮੁਤਾਬਕ ਬੇਗਮਪੁਰਾ ਰਾਜ ਦੀ ਸਥਾਪਨਾ ਕਰਨ ਲੋਕ : ਡਾ. ਕਰੀਮਪੁਰੀ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਸਬੰਧੀ ਅੱਜ ਵੱਖ-ਵੱਖ ਸਥਾਨਾਂ ਤੇ ਸ਼ੋਭਾ ਯਾਤਰਾਵਾਂ ਕੱਢੀਆਂ ਗਈਆਂ। ਇਸ ਮੌਕੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਜਲੰਧਰ ਦੇ ਬੂਟਾ ਮੰਡੀ ਤੋਂ ਕੱਢੀ ਗਈ ਸ਼ੋਭਾ ਯਾਤਰਾ ’ਚ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਹੁਸ਼ਿਆਰਪੁਰ, ਮਾਹਿਲਪੁਰ, ਗੜ੍ਹਸ਼ੰਕਰ ਸਮੇਤ ਵੱਖ-ਵੱਖ ਸਮਾਗਮਾਂ ’ਚ ਵੀ ਹਾਜ਼ਰੀ ਲਗਾਈ। ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮਾਂ ਦੌਰਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦਾ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮਾਂ ਦੌਰਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਸਮੂਹ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੱਤੀ। ਇਸਦੇ ਨਾਲ ਹੀ ਵਿਚਾਰ ਰੱਖਦੇ ਹੋਏ ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਸਰਬੱਤ ਦੇ ਭਲੇ ਲਈ ਬੇਗਮਪੁਰਾ ਦੀ ਸਥਾਪਨਾ ਦਾ ਸੰਕਲਪ ਦਿੱਤਾ ਸੀ। ਡਾ. ਕਰੀਮਪੁਰੀ ਨੇ ਸੱਦਾ ਦਿੰਦੇ ਹੋਏ ਕਿਹਾ ਕਿ ਬੇਗਮਪੁਰਾ ਰਾਜ ਦੀ ਸਥਾਪਨਾ ਲਈ ਲੋਕ ਬਸਪਾ ਦਾ ਡਟ ਕੇ ਸਾਥ ਦੇਣ ਤੇ ਪੰਜਾਬ ’ਚ ਖੁਸ਼ਹਾਲੀ, ਭਾਈਚਾਰੇ ਤੇ ਬਰਾਬਰੀ ਵਾਲਾ ਪ੍ਰਬੰਧ ਸਿਰਜਣ। ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਪੰਜਾਬ ’ਚ ਚੋਣਾਂ ਨੇੜੇ ਆਉਂਦੀਆਂ ਦੇਖ ਦੂਜੀਆਂ ਪਾਰਟੀਆਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੀ ਯਾਦ ਆ ਰਹੀ ਹੈ, ਜਦਕਿ ਸੱਤਾ ’ਚ ਰਹਿ ਕੇ ਇਹ ਪਾਰਟੀਆਂ ਸ੍ਰੀ ਗੁਰੂ ਰਵਿਦਾਸ ਜੀ ਦੇ ਬੇਗਮਪੁਰੇ ਦੇ ਸੰਕਲਪ ਦੇ ਉਲਟ ਅਨਿਆਂਪੂਰਨ, ਗੈਰਬਰਾਬਰੀ ਵਾਲੇ ਮਾੜੇ ਨੂੰ ਲਾਗੂ ਕਰਨ ਲੱਗੀਆਂ ਰਹਿੰਦੀਆਂ ਹਨ। ਚੋਣਾਂ ਨੇੜੇ ਆਉਂਦੀਆਂ ਦੇਖ ਇਹ ਪਾਰਟੀਆਂ ਤਰ੍ਹਾਂ-ਤਰ੍ਹਾਂ ਦੇ ਢੋਂਗ ਕਰਨ ਲੱਗੀਆਂ ਹੋਈਆਂ ਹਨ। ਡਾ. ਕਰੀਮਪੁਰੀ ਨੇ ਕਿਹਾ ਕਿ ਪੰਜਾਬ ’ਚ ਸਾਰਿਆਂ ਲੋਕਾਂ ਦੇ ਭਲੇ ਵਾਲਾ ਪ੍ਰਬੰਧ ਸਿਰਫ ਬਸਪਾ ਰਾਹੀਂ ਹੀ ਸਥਾਪਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਬਸਪਾ ਦੇ ਨਾਲ ਖੜ੍ਹੇ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਬਸਪਾ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ, ਸੂਬਾ ਦਫਤਰ ਸਕੱਤਰ ਇੰਜ ਜਸਵੰਤ ਰਾਏ, ਪਰਮਜੀਤ ਮੱਲ, ਬਸਪਾ ਆਗੂ ਸਲਵਿੰਦਰ ਕੁਮਾਰ, ਜਗਦੀਸ਼ ਦੀਸ਼ਾ, ਵਿਜੇ ਯਾਦਵ, ਐਡਵੋਕੇਟ ਪ੍ਰਿਤਪਾਲ, ਕਰਮ ਚੰਦ, ਦਵਿੰਦਰ ਗੋਗਾ ਕੌਂਸਲਰ, ਅਸ਼ੋਕ ਗੋਖਾ, ਪੀਡੀ ਸ਼ਾਂਤ, ਸ਼ਾਦੀ ਲਾਲ, ਅਸ਼ੋਕ ਸਈਪੁਰ ਆਦਿ ਬਸਪਾ ਆਗੂ ਵੀ ਮੌਜ਼ੂਦ ਸਨ।