ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਗੁਰਮਤਿ ਸਮਾਗਮ
ਸੰਤ ਜਵਾਲਾ ਸਿੰਘ ਜੀ ਗੁਰਮਤਿ ਸੰਗੀਤ ਅਕੈਡਮੀ ਵਿਖੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ
Publish Date: Sun, 04 Jan 2026 06:59 PM (IST)
Updated Date: Mon, 05 Jan 2026 04:09 AM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸੰਤ ਜਵਾਲਾ ਸਿੰਘ ਜੀ ਗੁਰਮਤਿ ਸੰਗੀਤ ਅਕੈਡਮੀ ਵੱਲੋਂ ਸਾਹਿਬਜ਼ਾਦਿਆਂ ਤੇ ਹੋਰ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਗੁਰਮਤਿ ਸੰਗੀਤ ਸਮਾਗਮ ਕਰਵਾਇਆ। ਸਮਾਗਮ ਦੌਰਾਨ ਅਕੈਡਮੀ ਦੇ ਬੱਚਿਆਂ ਵੱਲੋਂ ਗੁਰਬਾਣੀ ਕੀਰਤਨ ਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਸੋਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਪਰਮਿੰਦਰਪਾਲ ਸਿੰਘ ਖ਼ਾਲਸਾ ਨੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਕਿਹਾ ਕਿ ਵੱਡੇ ਸਾਹਿਬਜ਼ਾਦਿਆਂ ਨੇ ਜੰਗ ਦੇ ਮੈਦਾਨ ’ਚ ਤੇ ਛੋਟੇ ਸਾਹਿਬਜ਼ਾਦਿਆਂ ਨੇ ਨੀਹਾਂ ’ਚ ਚਿਣਵਾ ਕੇ ਸਿੱਖੀ ਸਿਦਕ ਤੇ ਮਨੁੱਖਤਾ ਦੀ ਅਦਭੁਤ ਮਿਸਾਲ ਕਾਇਮ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਮਹਾਨ ਕੁਰਬਾਨੀਆਂ ਸਦਕਾ ਹੀ ਅੱਜ ਸਾਡੀ ਹੋਂਦ ਤੇ ਖ਼ਾਲਸੇ ਦੀ ਪਛਾਣ ਕਾਇਮ ਹੈ। ਜਥੇ. ਖ਼ਾਲਸਾ ਨੇ ਕਿਹਾ ਕਿ ਅੱਜ ਦੇ ਸਮੇਂ ’ਚ ਕੁਝ ਲੋਕ ਚੰਦ ਪੈਸਿਆਂ ਲਈ ਆਪਣੇ ਜ਼ਮੀਰ ਤੇ ਧਰਮ ਨਾਲ ਸਮਝੌਤਾ ਕਰ ਰਹੇ ਹਨ, ਉਨ੍ਹਾਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ, ਜਿਨ੍ਹਾਂ ਨੇ ਮੁਗਲ ਹਕੂਮਤ ਅੱਗੇ ਝੁਕਣ ਦੀ ਬਜਾਏ ਸਿੱਖੀ ਦਾ ਪੱਲਾ ਨਹੀਂ ਛੱਡਿਆ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਸਿੱਖੀ ਮੁੱਲਾਂ ਨਾਲ ਜੁੜਨ ਦੀ ਅਪੀਲ ਕੀਤੀ। ਸਮਾਗਮ ਦੌਰਾਨ ਬੱਚਿਆਂ ਦੇ ਸਿੱਖੀ ਪ੍ਰਤੀ ਉਤਸ਼ਾਹ ਨੂੰ ਵੇਖਦਿਆਂ ਉਨ੍ਹਾਂ ਨੂੰ ਇਨਾਮ ਵੀ ਭੇਟ ਕੀਤੇ ਗਏ ਤੇ ਅਕੈਡਮੀ ਨੂੰ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਅਕੈਡਮੀ ਦੇ ਮੁਖੀ ਭਾਈ ਸੁਰਜੀਤ ਸਿੰਘ ਸੇਵਕ ਵੱਲੋਂ ਬੱਚਿਆਂ ਨੂੰ ਗੁਰਬਾਣੀ ਤੇ ਸਿੱਖੀ ਨਾਲ ਜੋੜਨ ਲਈ ਕੀਤੇ ਜਾ ਰਹੇ ਯਤਨਾਂ ਦੀ ਸਾਰਿਆਂ ਵੱਲੋਂ ਪ੍ਰਸ਼ੰਸਾ ਕੀਤੀ ਗਈ। ਇਸ ਮੌਕੇ ਠੇਕੇਦਾਰ ਹਰਦੇਵ ਸਿੰਘ ਗਰਚਾ, ਆਰਟਿਸਟ ਸਾਹਿਬ ਸਿੰਘ, ਹਜ਼ੂਰੀ ਰਾਗੀ ਭਾਈ ਕਮਲਜੀਤ ਸਿੰਘ, ਭਾਈ ਸੁਰਜੀਤ ਸਿੰਘ ਸੇਵਕ (ਗ੍ਰੇਟ ਲਾਈਫ ਮੈਗਜ਼ੀਨ) ਸਮੇਤ ਹੋਰ ਸੰਗਤਾਂ ਹਾਜ਼ਰ ਸਨ।