ਪੀਏਪੀ ਸਿਖ਼ਲਾਈ ਕੇਂਦਰ ’ਚ ਬੈਚ 185 ਦੀ ਹੋਈ ਪਾਸਿੰਗ ਆਊਟ ਪਰੇਡ
ਪੀਏਪੀ ਸਿਖ਼ਲਾਈ ਕੇਂਦਰ ਵਿਖੇ ਬੈਚ ਨੰਬਰ 185 ਦੀ ਹੋਈ ਸ਼ਾਨਦਾਰ ਪਾਸਿੰਗ ਆਊਟ ਪਰੇਡ
Publish Date: Tue, 17 Mar 2026 09:03 PM (IST)
Updated Date: Tue, 17 Mar 2026 09:07 PM (IST)

-74 ਰਿਕਰੂਟ ਸਿਪਾਹੀ ਮੁੱਢਲੀ ਸਿਖ਼ਲਾਈ ਹਾਸਲ ਕਰਨ ਉਪਰੰਤ ਹੋਏ ਪਾਸ ਆਊਟ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਪੈਸ਼ਲ ਡੀਜੀਪੀ, ਐੱਚਆਰਡੀ ਈਸ਼ਵਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੀਏਪੀ ਸਿਖ਼ਲਾਈ ਕੇਂਦਰ, ਜਲੰਧਰ ਛਾਉਣੀ ਵਿਖੇ ਅੱਜ ਬੈਚ ਨੰਬਰ 185 ਦੇ ਰਿਕਰੂਟ ਸਿਪਾਹੀਆਂ ਦੀ ਪਾਸਿੰਗ ਆਊਟ ਪਰੇਡ ਹੋਈ। ਇਸ ਦੌਰਾਨ ਆਰਮਡ ਕੇਡਰ ਦੇ 46 (39 ਪੁਰਸ਼ ਤੇ 7 ਮਹਿਲਾ), ਤਕਨੀਕੀ ਸੇਵਾਵਾਂ ਵਿਭਾਗ ਦੇ 21 (17 ਪੁਰਸ਼, 4 ਮਹਿਲਾ) ਇੰਟੈਲੀਜੈਂਸ ਵਿਭਾਗ ਦੇ 7 (4 ਪੁਰਸ਼ ਤੇ 3 ਮਹਿਲਾ) ਕੁੱਲ 74 ਰਿਕਰੂਟ ਸਿਪਾਹੀ ਆਪਣੀ ਮੁੱਢਲੀ ਸਿਖ਼ਲਾਈ ਹਾਸਲ ਕਰਨ ਤੋਂ ਬਾਅਦ ਪਾਸ ਆਊਟ ਹੋਏ। ਇਨ੍ਹਾਂ ਜਵਾਨਾਂ ਨੂੰ ਮੁੱਢਲੀ ਸਿਖ਼ਲਾਈ ਦੌਰਾਨ ਆਊਟਡੋਰ ਤੇ ਇਨਡੋਰ ਵਿਸ਼ਿਆਂ ’ਚ ਸਿਖ਼ਲਾਈ ਦਿੱਤੀ ਗਈ ਹੈ। ਕਮਾਂਡੈਂਟ ਰਿਕਰੂਟ ਟ੍ਰੇਨਿੰਗ ਜਲੰਧਰ ਮਨਦੀਪ ਸਿੰਘ ਗਿੱਲ ਇਸ ਪਾਸਿੰਗ ਆਊਟ ਪਰੇਡ ਸਮਾਗਮ ’ਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਉਨ੍ਹਾਂ ਸ਼ਾਨਦਾਰ ਪਾਸਿੰਗ ਆਊਟ ਪਰੇਡ ਤੋਂ ਸਲਾਮੀ ਲਈ ਤੇ ਪਰੇਡ ਦਾ ਨਿਰੀਖਣ ਕੀਤਾ। ਗੁਰਤੇਜਿੰਦਰ ਸਿੰਘ ਔਲਖ ਕਮਾਂਡੈਂਟ 7ਵੀਂ ਬਟਾਲੀਅਨ ਪੀਏਪੀ ਜਲੰਧਰ ਛਾਉਣੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੁੱਖ ਮਹਿਮਾਨ ਨੇ ਟ੍ਰੇਨਿੰਗ ’ਚ ਪਾਸ ਹੋਣ ’ਤੇ ਸਿਖਿਆਰਥੀਆਂ ਨੂੰ ਵਧਾਈ ਦਿੱਤੀ ਤੇ ਚੰਗੇ ਪੁਲਿਸ ਅਫ਼ਸਰ ਬਣਨ ਤੇ ਅਨੁਸ਼ਾਸਨ ’ਚ ਰਹਿ ਕੇ ਕਾਨੂੰਨ ਅਨੁਸਾਰ ਸਮਾਜ ਦੀ ਨਿਰਪੱਖਤਾ ਨਾਲ ਸੇਵਾ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਸਿਖਿਆਰਥੀਆਂ ਨੂੰ ਟ੍ਰੇਨਿੰਗ ਤੋਂ ਬਾਅਦ ਆਪਣੀਆਂ ਸੇਵਾਵਾਂ ਨਾਲ ਸਮਾਜ ਤੇ ਪੁਲਿਸ ਵਿਭਾਗ ਨੂੰ ਹੋਰ ਬਿਹਤਰ ਬਣਾਉਣ ਲਈ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਮੁੱਖ ਮਹਿਮਾਨ ਵੱਲੋਂ ਸਿਖ਼ਲਾਈ ਦੌਰਾਨ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਜਵਾਨਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਿਕਰੂਟ ਸਿਪਾਹੀ ਅਕਾਸ਼ਦੀਪ ਸਿੰਘ 3-ਸੀ/379 ਫਸਟ ਆਊਟਡੋਰ, ਰਿਕਰੂਟ ਮਹਿਲਾ ਸਿਪਾਹੀ ਅੰਜੂ ਰਾਣੀ 2-ਸੀ/339, ਫਸਟ ਇਨਡੋਰ, ਰਿਕਰੂਟ ਸਿਪਾਹੀ ਕੇਸ਼ਵ ਦਿਵੇਦੀ 75/795 ਬੈਸਟ ਮਾਰਕਸਮੈਨ, ਰਿਕਰੂਟ ਮਹਿਲਾ ਸਿਪਾਹੀ ਅੰਜੂ ਰਾਣੀ 2-ਸੀ/339, ਪਰੇਡ ਕਮਾਂਡਰ, ਰਿਕਰੂਟ ਸਿਪਾਹੀ ਮਨਿੰਦਰ ਸਿੰਘ 82/417 ਨੂੰ ਸੈਕਿੰਡ ਪਰੇਡ ਕਮਾਂਡਰ ਐਲਾਨਿਆ ਗਿਆ। ਪਾਸਿੰਗ ਆਊਟ ਪਰੇਡ ਤੋਂ ਬਾਅਦ ਬੈਂਡ ਡਿਸਪਲੇ, ਭੰਗੜਾ ਅਤੇ ਗਿੱਧੇ ਦਾ ਸ਼ੋਅ ਪੇਸ਼ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵੱਖ-ਵੱਖ ਯੂਨਿਟਾਂ ਦੇ ਗਜ਼ਟਿਡ ਅਫ਼ਸਰ, ਆਰਟੀਸੀ ਸਟਾਫ਼ ਤੇ ਜਵਾਨਾਂ ਦੇ ਪਰਿਵਾਰਿਕ ਮੈਂਬਰ ਵੀ ਮੌਜੂਦ ਸਨ।