ਖ਼ਾਲਸਾ ਸਾਜਨਾ ਦਿਵਸ ਸਬੰਧੀ ਜੰਡਿਆਲਾ ’ਚ ਨਗਰ ਕੀਰਤਨ ਸਜਾਇਆ
ਖਾਲਸੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਜੰਡਿਆਲਾ ‘ਚ ਵਿਸ਼ਾਲ ਨਗਰ ਕੀਰਤਨ ਸਜਾਇਆ
Publish Date: Sun, 12 Apr 2026 08:28 PM (IST)
Updated Date: Mon, 13 Apr 2026 04:16 AM (IST)

ਸੰਗੀਤਾ ਸ਼ਰਮਾ, ਪੰਜਾਬੀ ਜਾਗਰਣ ਜੰਡਿਆਲਾ ਮੰਜਕੀ : ਖ਼ਾਲਸੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਦੇਹਰਾ ਸਾਹਿਬ ਪਾਤਸ਼ਾਹੀ ਪੰਜਵੀ, ਜੰਡਿਆਲਾ-ਭੰਗਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਬਾਬਾ ਕੁਲਦੀਪ ਸਿੰਘ (ਕਾਰ ਸੇਵਾ), ਗੁਰਦੁਆਰਾ ਲੰਗਰ ਸਾਹਿਬ ਬਾਬਾ ਨਿਧਾਨ ਸਿੰਘ, ਹਜ਼ੂਰ ਸਾਹਿਬ ਵਾਲਿਆਂ ਦੀ ਦੇਖ-ਰੇਖ ਹੇਠ ਕਰਵਾਇਆ। ਨਗਰ ਕੀਰਤਨ ਜੰਡਿਆਲਾ, ਥਾਬਲਕੇ, ਧਾਲੀਵਾਲ, ਭਾਰਦਵਾਜੀਆਂ, ਮਿੱਠੜਾ, ਆਦੇਕਾਲੀ, ਸੁੰਨੜ ਕਲਾ, ਸੈਦੋਵਾਲ, ਸਾਗਰਪੁਰ, ਚੀਮਾ ਕਲਾ, ਚੀਮਾ ਖੁਰਦ, ਸਿੱਧਮਾ, ਪੱਬਵਾ, ਬੈਨਾਪੁਰ, ਚਾਹੇਗੀ, ਬਾਠ, ਭੰਡਾਲ, ਸਰੀਂਹ, ਭੰਗਾਲਾ ਤੇ ਬਤੂਰੇ ਆਦਿ ਪਿੰਡਾਂ ’ਚੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਨਗਰ ਕੀਰਤਨ ਦੌਰਾਨ ਪੰਥ ਦੇ ਪ੍ਰਸਿੱਧ ਢਾਡੀ ਜਥਿਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ ਤੇ ਗੁਰਬਾਣੀ ਨਾਲ ਜੋੜਿਆ ਗਿਆ। ਵੱਖ-ਵੱਖ ਪੜਾਵਾਂ ’ਤੇ ਸੰਗਤ ਵੱਲੋਂ ਨਗਰ ਕੀਰਤਨ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਤੇ ਸੰਗਤ ਲਈ ਲੰਗਰਾਂ ਦੀ ਵਿਵਸਥਾ ਵੀ ਕੀਤੀ ਗਈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਕੁਲਦੀਪ ਸਿੰਘ ਨੇ ਦੱਸਿਆ ਕਿ 12 ਅਪ੍ਰੈਲ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਤੇ 14 ਅਪ੍ਰੈਲ ਨੂੰ ਵਿਸਾਖੀ ਦੇ ਦਿਹਾੜੇ ’ਤੇ ਪਾਠ ਦੇ ਭੋਗ ਪਾਏ ਜਾਣਗੇ।