ਫਿਲੌਰ ’ਚ ਨਗਰ ਕੀਰਤਨ ਸਜਾਇਆ
ਦੇਹਰਾ ਬਾਬਾ ਸੈਣ ਭਗਤ ਜੀ ਪ੍ਰਤਾਪਪੁਰਾ ਵਿਖੇ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਮੌਕੇ ਵਿਸ਼ਾਲ ਨਗਰ ਕੀਰਤਨ ਸਜਾਇਆ
Publish Date: Mon, 13 Apr 2026 07:48 PM (IST)
Updated Date: Mon, 13 Apr 2026 07:52 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਵਿਸਾਖੀ ਦੇ ਪਾਵਨ ਤਿਉਹਾਰ ਤੇ ਖਾਲਸਾ ਸਾਜਨਾ ਦਿਵਸ ਦੀ ਖੁਸ਼ੀ ’ਚ ਵਿਸ਼ਵ ਪ੍ਰਸਿੱਧ ਇਤਿਹਾਸਕ ਤੱਪ ਦੇਹਰਾ ਬਾਬਾ ਸੈਣ ਭਗਤ ਜੀ ਪ੍ਰਤਾਪਪੁਰਾ, ਨੇੜੇ ਫਿਲੌਰ, ਜ਼ਿਲ੍ਹਾ ਜਲੰਧਰ ਵਿਖੇ ਤਿੰਨ ਦਿਨਾਂ ਭਾਰੀ ਵਿਸਾਖੀ ਜੋੜ ਮੇਲਾ ਕਰਵਾਇਆ। ਪ੍ਰਬੰਧਕ ਕਮੇਟੀ ਵੱਲੋਂ 12 ਅਪ੍ਰੈਲ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਕੀਤੀ ਗਈ। 13 ਅਪ੍ਰੈਲ ਨੂੰ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਵੇਰੇ 11 ਵਜੇ ਵਿਸ਼ਾਲ ਨਗਰ ਕੀਰਤਨ ਅਰੰਭ ਹੋਇਆ ਜੋ ਦੇਹਰਾ ਬਾਬਾ ਸੈਣ ਭਗਤ ਜੀ ਪ੍ਰਤਾਪਪੁਰਾ ਤੋਂ ਸ਼ੁਰੂ ਹੋ ਕੇ ਪ੍ਰਤਾਪਪੁਰਾ, ਸੰਗਤਪੁਰਾ, ਕਲਿਆਣਪੁਰਾ, ਬੇਗਮਪੁਰ ਅੱਡਾ, ਭੈਣੀ, ਹਰੀਪੁਰ ਖਾਲਸਾ, ਮੀਓਵਾਲ, ਮੌ ਸਾਹਿਬ ਤੇ ਰਾਮਾ ਖੇੜਾ ਤੋਂ ਹੁੰਦਾ ਹੋਇਆ ਵਾਪਸ ਪ੍ਰਤਾਪਪੁਰਾ ’ਚ ਸੰਪੰਨ ਹੋਇਆ। ਨਗਰ ਕੀਰਤਨ ਦੌਰਾਨ ਰਾਗੀ, ਢਾਡੀ ਤੇ ਕੀਰਤਨੀ ਜਥਿਆਂ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਪ੍ਰਬੰਧਕਾਂ ਵੱਲੋਂ ਵੱਖ-ਵੱਖ ਵਿਸ਼ੇਸ਼ ਸ਼ਖ਼ਸੀਅਤਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। 14 ਅਪ੍ਰੈਲ ਨੂੰ ਸਵੇਰੇ 9 ਵਜੇ ਨਿਸ਼ਾਨ ਸਾਹਿਬ ਦੀ ਸੇਵਾ ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ, ਜਿਸ ਤੋਂ ਬਾਅਦ ਕੀਰਤਨੀ ਜਥੇ ਗੁਰੂ ਇਤਿਹਾਸ ਸਾਂਝਾ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਪ੍ਰਧਾਨ ਮੱਖਣ ਪੱਲਣ, ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਫੌਜੀ, ਵਾਈਸ ਪ੍ਰਧਾਨ ਚਰਨਜੀਤ ਸਿੰਘ ਲਾਡੀ, ਜਰਨਲ ਸਕੱਤਰ ਸਰਵਣ ਸਿੰਘ ਮੁੱਲਾਂਪੁਰ, ਖਜ਼ਾਨਚੀ ਮਾਸਟਰ ਜਸਵਿੰਦਰ ਸਿੰਘ ਖਜਾਨਚੀ, ਗੁਰਜੀਤ ਸਿੰਘ ਸੈਲੋਪਾਲ, ਮਿੰਟੂ ਰੋਗਲਾ ਤੇ ਡਾ. ਗੁਰਜੀਤ ਸਿੰਘ ਭੀਖੀ ਹਾਜ਼ਰ ਸਨ।