ਕੀਰਤਨ ਤੇ ਕਥਾ ਵਿਚਾਰਾਂ ਨਾਲ ਸੰਗਤ ਕੀਤੀ ਨਿਹਾਲ
ਗੁਰਦੁਆਰਾ ਡੇਰਾ ਸੰਤਗੜ੍ਹ ਵਿਖੇ ਹਰਖੋਵਾਲੀਏ ਮਹਾਂਪੁਰਖਾਂ ਦੀ ਸਾਲਾਨਾ ਯਾਦ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਕਰਵਾਇਆ
Publish Date: Mon, 09 Mar 2026 06:56 PM (IST)
Updated Date: Mon, 09 Mar 2026 07:00 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰਦੁਆਰਾ ਡੇਰਾ ਸੰਤਗੜ੍ਹ ਹਰਖੋਵਾਲ ਕਪੂਰਥਲਾ ਰੋਡ ਵਿਖੇ ਹਰਖੋਵਾਲ ਸੰਪ੍ਰਦਾਇ ਦੇ ਅਨਮੋਲ ਰਤਨ ਸੰਤ ਮੁਹਿੰਦਰ ਸਿੰਘ ਦੀ 42ਵੀਂ ਸਾਲਾਨਾ ਯਾਦ ਤੇ ਸੰਤ ਬਾਬਾ ਦੀਦਾਰ ਸਿੰਘ ਹਰਖੋਵਾਲ ਵਾਲਿਆਂ ਦੀ ਸੱਤਵੀਂ ਸਾਲਾਨਾ ਮਿੱਠੀ ਯਾਦ ਮਨਾਉਣ ਸਬੰਧੀ ਗੁਰਦੁਆਰਾ ਡੇਰਾ ਸੰਤਗੜ੍ਹ ਤੇ ਹਰਖੋਵਾਲ ਸੰਪ੍ਰਦਾਇ ਦੇ ਮੌਜੂਦਾ ਮੁਖੀ ਸੰਤ ਬਾਬਾ ਭਗਵਾਨ ਸਿੰਘ ਦੀ ਅਗਵਾਈ ’ਚ ਸਿਮਰਨ ਸਾਧਨਾ ਪਰਿਵਾਰ ਵੱਲੋਂ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ। ਇਸ ’ਚ ਪੰਥ ਦੇ ਮਹਾਨ ਕੀਰਤਨੀਏ ਭਾਈ ਗੁਰਸ਼ਰਨ ਸਿੰਘ ਲੁਧਿਆਣਾ, ਭਾਈ ਦਿਲਬਾਗ ਸਿੰਘ ਗੁਰਦਾਸਪੁਰੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਬੀਬੀ ਬਲਜਿੰਦਰ ਕੌਰ ਖਡੂਰ ਸਾਹਿਬ, ਭਾਈ ਅੰਮ੍ਰਿਤਪਾਲ ਸਿੰਘ ਹਜ਼ੂਰੀ ਰਾਗੀ, ਗੁਰੂ ਕ੍ਰਿਪਾ ਅਕੈਡਮੀ ਦੇ ਸਿਖਿਆਰਥੀ ਤੇ ਭਾਈ ਲਵਪ੍ਰੀਤ ਸਿੰਘ ਹਜ਼ੂਰੀ ਕਥਾਵਾਚਕ ਗੁਰਦੁਆਰਾ ਡੇਰਾ ਸੰਤਗੜ੍ਹ ਹਰਖੋਵਾਲ ਦੇ ਜੱਥਿਆਂ ਵੱਲੋਂ ਗੁਰਬਾਣੀ ਕੀਰਤਨ ਤੇ ਕਥਾ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ ਸਿਮਰਨ ਸਾਧਨਾ ਪਰਿਵਾਰ ਵੱਲੋਂ ਸੰਤ ਬਾਬਾ ਭਗਵਾਨ ਸਿੰਘ ਨੂੰ ਸਿੱਖ ਪੰਥ ਪ੍ਰਤੀ ਕੀਤੀਆਂ ਗਈਆਂ ਸੇਵਾਵਾਂ ਕਰਕੇ ਸਨਮਾਨਿਤ ਕੀਤਾ ਗਿਆ। ਸੰਤ ਭਗਵਾਨ ਸਿੰਘ ਨੇ ਆਉਣ ਵਾਲੇ ਸਮਾਗਮ ਬਾਰੇ ਦੱਸਿਆ ਕਿ 10 ਤੋਂ 12 ਮਾਰਚ ਤੱਕ ਨਿਰੰਤਰ 36 ਘੰਟੇ ਤੱਕ ਚੱਲਣ ਵਾਲੇ ਮਹਾਨ ਗੁਰਮਤਿ ਸਮਾਗਮਾਂ ’ਚ ਰੈਣ ਸਬਾਈ ਕੀਰਤਨ, ਕਵੀ ਦਰਬਾਰ, ਕਥਾ ਵਿਚਾਰਾਂ, ਸੰਤ ਸਮਾਗਮ ਤੇ ਹੋਰ ਗੁਰਮਤਿ ਵਿਚਾਰਾਂ ਵੀ ਹੋਣਗੀਆਂ। ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜੱਥਿਆਂ ਤੋਂ ਇਲਾਵਾ ਦੇਸ਼ ਵਿਦੇਸ਼ ਤੋਂ ਸੰਤ ਮਹਾਂਪੁਰਸ਼ ਵੀ ਸ਼ਮੂਲੀਅਤ ਕਰਨਗੇ। 11 ਮਾਰਚ ਨੂੰ ਸਵੇਰੇ 12 ਵਜੇ ਅੰਮ੍ਰਿਤ ਸੰਚਾਰ ਵੀ ਹੋਵੇਗਾ। ਸ੍ਰੀ ਕੇਸਗੜ੍ਹ ਸਾਹਿਬ ਤੋਂ ਪੰਜ ਪਿਆਰੇ ਸਾਹਿਬਾਨ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਅੰਮ੍ਰਿਤ ਅਭਿਲਾਖੀਆਂ ਨੂੰ ਅੰਮ੍ਰਿਤ ਦੀ ਛਕਾਉਣਗੇ। ਗੁਰਦੁਆਰਾ ਡੇਰਾ ਸੰਤਗੜ੍ਹ ਵੱਲੋਂ ਕੱਕਾਰ ਭੇਟਾ ਰਹਿਤ ਦਿੱਤੇ ਜਾਣਗੇ। ਗੁਰੂ ਕੇ ਲੰਗਰ ਅਤੁੱਟ ਵਰਤਣਗੇ।