ਪ੍ਰਿੰਸੀਪਲ ਘੇੜਾ ਦੀ ਸੇਵਾ ਮੁਕਤੀ ਮੌਕੇ ਸਨਮਾਨ ਸਮਾਗਮ
ਰਾਜ ਪੁਰਸਕਾਰ ਵਿਜੇਤਾ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ ਦੀ ਸੇਵਾ ਮੁਕਤੀ ਮੌਕੇ ਸ਼ਾਨਦਾਰ ਸਨਮਾਨ ਸਮਾਰੋਹ
Publish Date: Thu, 16 Apr 2026 07:10 PM (IST)
Updated Date: Thu, 16 Apr 2026 07:12 PM (IST)

ਸੰਗੀਤਾ ਸ਼ਰਮਾ, ਪੰਜਾਬੀ ਜਾਗਰਣ, ਜੰਡਿਆਲਾ ਮੰਜਕੀ : ਸਿੱਖਿਆ ਵਿਭਾਗ ਦੀ ਨਾਮਵਰ ਸ਼ਖਸੀਅਤ ਤੇ ਵੱਖ-ਵੱਖ ਮੁਲਾਜ਼ਮ ਤੇ ਅਧਿਆਪਕ ਜੱਥੇਬੰਦੀਆਂ ਦੇ ਸੂਬਾਈ ਆਗੂ, ਸੂਬਾ ਪੁਰਸਕਾਰ ਜੇਤੂ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ ਦੀ ਸੇਵਾ ਮੁਕਤੀ ਉਪਰੰਤ ਇਕ ਵਿਸ਼ਾਲ ਸਨਮਾਨ ਸਮਾਗਮ ਸਥਾਨਕ ਪੈਲਸ ’ਚ ਕਰਵਾਇਆ। ਇਸ ਸਮਾਗਮ ’ਚ ਸਕੂਲ ਸਟਾਫ, ਇਲਾਕੇ ਦੀਆਂ ਪੰਚਾਇਤਾਂ, ਪਰਿਵਾਰਕ ਮੈਂਬਰਾਂ, ਦੋਸਤਾਂ, ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੇ ਸਿਆਸੀ, ਧਾਰਮਿਕ ਤੇ ਸਮਾਜਿਕ ਸ਼ਖਸ਼ੀਅਤਾਂ ਨੇ ਸ਼ਿਰਕਤ ਕੀਤੀ। ਬੁਲਾਰਿਆਂ ਨੇ ਸੰਬੋਧਨਾਂ ’ਚ ਪ੍ਰਿੰਸੀਪਲ ਘੇੜਾ ਵੱਲੋਂ ਸਿੱਖਿਆ ਤੇ ਖੇਡਾਂ ਦੇ ਖੇਤਰ ’ਚ ਦਿੱਤੀਆਂ ਵਿਸ਼ੇਸ਼ ਸੇਵਾਵਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ (ਐੱਮਐੱਲਏ ਕਪੂਰਥਲਾ), ਜ਼ਿਲ੍ਹਾ ਪ੍ਰਧਾਨ ਕਾਂਗਰਸ ਬਲਵਿੰਦਰ ਸਿੰਘ ਧਾਲੀਵਾਲ (ਵਿਧਾਇਕ ਫਗਵਾੜਾ), ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ, ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਐੱਸਆਰ ਲੱਧੜ (ਸੂਬਾ ਪ੍ਰਧਾਨ ਐੱਸਸੀ ਮੋਰਚਾ ਭਾਜਪਾ ਪੰਜਾਬ) ਤੇ ਮੋਹਨ ਲਾਲ ਬੰਗਾ (ਸਾਬਕਾ ਐੱਮਐੱਲਏ) ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਵਧਾਈ ਦਿੱਤੀ। ਇਸ ਤੋਂ ਇਲਾਵਾ ਵੱਖ-ਵੱਖ ਅਧਿਆਪਕ ਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ, ਸਿੱਖਿਆ ਅਧਿਕਾਰੀਆਂ ਤੇ ਸਮਾਜਿਕ ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਵੀ ਸ਼ਮੂਲੀਅਤ ਕੀਤੀ। ਸਮਾਗਮ ਦੇ ਅੰਤ ’ਚ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ ਨੇ ਹਾਜ਼ਰ ਹੋਈਆਂ ਸਾਰੀਆਂ ਸ਼ਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਵੇਂ ਉਹ ਸਰਕਾਰੀ ਸੇਵਾ ਤੋਂ ਸੇਵਾਮੁਕਤ ਹੋ ਗਏ ਹਨ ਪਰ ਸਮਾਜ ਸੇਵਾ ਤੇ ਵਿਦਿਆਰਥੀਆਂ ਦੀ ਭਲਾਈ ਲਈ ਸੇਵਾਵਾਂ ਅੱਗੇ ਵੀ ਜਾਰੀ ਰੱਖਣਗੇ।