ਪ੍ਰਕਾਸ਼ ਉਤਸਵ ਸਬੰਧੀ ਭੰਡਾਰਾ ਲਾਇਆ
ਸੰਤ ਸ੍ਰੋਮਣੀ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੇ ਪਾਵਨ ਅਵਸਰ ’ਤੇ ਭਵ੍ਯ ਭੰਡਾਰਾ ਲਗਾਇਆ
Publish Date: Tue, 10 Feb 2026 06:21 PM (IST)
Updated Date: Tue, 10 Feb 2026 06:23 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਦੇ ਨੂਰਮਹਿਲ ਆਸ਼ਰਮ ਕੰਪਲੈਕਸ ’ਚ ਸੰਤ ਸ਼੍ਰੋਮਣੀ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੇ ਪਾਵਨ ਅਵਸਰ ’ਤੇ ਭੰਡਾਰਾ ਲਗਾਇਆ। ਇਸ ਧਾਰਮਿਕ ਸਮਾਗਮ ’ਚ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਹਾਜ਼ਰੀ ਭਰੀ, ਜਿਸ ਨਾਲ ਸਾਰਾ ਆਸ਼ਰਮ ਕੰਪਲੈਕਸ ਅਧਿਆਤਮਿਕ ਰੌਣਕ ਤੇ ਭਾਵਪੂਰਣ ਵਾਤਾਵਰਨ ਨਾਲ ਭਰਪੂਰ ਨਜ਼ਰ ਆਇਆ। ਪ੍ਰੋਗਰਾਮ ਦੀ ਸ਼ੁਰੂਆਤ ਸੰਤ ਰਵਿਦਾਸ ਮਹਾਰਾਜ ਜੀ ਵੱਲੋਂ ਰਚਿਤ ਗੁਰਬਾਣੀ ਸ਼ਬਦਾਂ ਦੇ ਮਿੱਠੇ ਗਾਇਨ ਨਾਲ ਹੋਈ। ਸ਼ਬਦ ਦੇ ਗਾਇਨ ਨਾਲ ਸਮਾਗਮ ਦਾ ਸ਼ੁਭ ਆਰੰਭ ਕੀਤਾ ਗਿਆ, ਜਿਸ ਨੇ ਹਾਜ਼ਰ ਸੰਗਤ ਦੇ ਮਨਾਂ ਨੂੰ ਭਗਤੀ ਤੇ ਸ਼ਰਧਾ ਦੇ ਰੰਗਾਂ ਨਾਲ ਰੰਗ ਦਿੱਤਾ। ਮੰਚ ਸੰਚਾਲਨ ਸਵਾਮੀ ਮਨੇਸ਼ਵਰਾਨੰਦ ਵੱਲੋਂ ਕੀਤਾ ਗਿਆ। ਇਸ ਦੌਰਾਨ ਸਵਾਮੀ ਪ੍ਰੇਮ ਨੇ ਸੰਤ ਰਵਿਦਾਸ ਮਹਾਰਾਜ ਜੀ ਦੀ ਸ਼ਿਸ਼ਿਆ ਰਾਣੀ ਝਾਲਾ ਨਾਲ ਸਬੰਧਤ ਪ੍ਰੇਰਣਾਦਾਇਕ ਕਥਾ ਸਾਂਝੀ ਕਰਦਿਆਂ ਗੁਰੂ-ਭਗਤੀ, ਸਮਰਪਣ ਤੇ ਆਤਮਿਕ ਜਾਗਰੂਕਤਾ ਦੇ ਮਹੱਤਵਪੂਰਨ ਭਾਵ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤੇ। ਅਗਲੇ ਕਰਮ ’ਚ ਸਾਧਵੀ ਤ੍ਰਿਪਦਾ ਭਾਰਤੀ ਨੇ ਗੁਰੂ ਪ੍ਰਤੀ ਅਟੁੱਟ ਵਿਸ਼ਵਾਸ ਨਾਲ ਜੁੜੀਆਂ ਵਿਲੱਖਣ ਤੇ ਜੀਵਨਉਪਯੋਗੀ ਉਦਾਹਰਨਾਂ ਸਾਂਝੀਆਂ ਕੀਤੀਆਂ, ਜਿਸ ਨਾਲ ਸੰਗਤ ਨੂੰ ਆਪਣੇ ਆਧਿਆਤਮਿਕ ਜੀਵਨ ਨੂੰ ਹੋਰ ਉੱਚਾ ਕਰਨ ਦੀ ਪ੍ਰੇਰਨਾ ਪ੍ਰਾਪਤ ਹੋਈ। ਸਮਾਗਮ ਦੇ ਅੰਤ ’ਚ ਭੰਡਾਰੇ ਦੀ ਸੇਵਾ ਨਾਲ ਪੂਰਾ ਕਾਰਜਕ੍ਰਮ ਸ਼ਰਧਾ, ਸੇਵਾ ਤੇ ਸਮਰਸਤਾ ਦੇ ਭਾਵਾਂ ਨਾਲ ਸੁਚੱਜੇ ਢੰਗ ਨਾਲ ਸੰਪੰਨ ਹੋਇਆ।