ਕਾਰ ਹੇਠਾਂ ਆਉਣ ਨਾਲ ਬੱਚੀ ਦੀ ਮੌਤ
ਗਲੀ ’ਚ ਖੇਡ ਰਹੀ ਬੱਚੀ ਨੂੰ ਕਾਰ ਨੇ ਕੁਚਲਿਆ, ਮੌਤ
Publish Date: Tue, 07 Apr 2026 06:43 PM (IST)
Updated Date: Tue, 07 Apr 2026 06:47 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਚੁਗਿੱਟੀ ਨੇੜੇ ਸਥਿਤ ਗੁਰੂ ਨਾਨਕਪੁਰਾ ਵੈਸਟ ’ਚ ਇਕ ਦਿਲ ਦਹਿਲਾ ਦੇਣ ਵਾਲਾ ਦੁਖਾਂਤ ਵਾਪਰਿਆ, ਜਿੱਥੇ ਇਕ ਕਾਰ ਚਾਲਕ ਦੀ ਲਾਪਰਵਾਹੀ ਕਾਰਨ ਇਕ 7 ਸਾਲਾ ਮਾਸੂਮ ਬੱਚੀ ਦੀ ਜਾਨ ਚਲੀ ਗਈ, ਜਦ ਉਹ ਗਲੀ ’ਚ ਖੇਡ ਰਹੀ ਸੀ। ਜਾਣਕਾਰੀ ਅਨੁਸਾਰ ਮ੍ਰਿਤਕ ਬੱਚੀ ਦੀ ਪਛਾਣ ਰਾਧਿਕਾ ਵਜੋਂ ਹੋਈ ਹੈ, ਜੋ ਆਪਣੇ ਘਰ ਦੇ ਬਾਹਰ ਗਲੀ ’ਚ ਖੇਡ ਰਹੀ ਸੀ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਇਕ ਕਾਰ ਚਾਲਕ ਜੋ ਰਿਸ਼ਤੇਦਾਰਾਂ ਨੂੰ ਮਿਲਣ ਲਈ ਇਲਾਕੇ ’ਚ ਆਇਆ ਸੀ, ਨੇ ਆਪਣੀ ਗੱਡੀ ਨੂੰ ਤੰਗ ਗਲੀ ’ਚ ਮੋੜਨ ਦੀ ਕੋਸ਼ਿਸ਼ ਕੀਤੀ। ਚਸ਼ਮਦੀਦਾਂ ਅਨੁਸਾਰ ਡਰਾਈਵਰ ਕਾਰ ਚਲਾਉਂਦੇ ਸਮੇਂ ਨੇੜੇ ਖੇਡ ਰਹੇ ਬੱਚੇ ਨੂੰ ਨਾ ਦੇਖ ਸਕਿਆ। ਨਤੀਜੇ ਵਜੋਂ ਰਾਧਿਕਾ ਕਾਰ ਦੇ ਟਾਇਰਾਂ ਹੇਠ ਆ ਗਈ। ਬੱਚੀ ਮੌਕੇ 'ਤੇ ਹੀ ਦਮ ਤੋੜ ਗਈ। ਘਟਨਾ ਤੋਂ ਤੁਰੰਤ ਬਾਅਦ ਆਲੇ-ਦੁਆਲੇ ਦੇ ਇਲਾਕੇ ਦੇ ਲੋਕ ਹਾਦਸੇ ਵਾਲੀ ਥਾਂ 'ਤੇ ਇਕੱਠੇ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪੁੱਜੀ ਤੇ ਮਾਮਲੇ ਦੀ ਜਾਂਚ ’ਚ ਜੁੱਟ ਗਈ।