ਸ਼ੌਕ ਤੇ ਖੌਫ਼ ਦਾ ਖੇਡ, ਨੌਜਵਾਨਾਂ ’ਚ ਗੈਰਕਾਨੂੰਨੀ ਹਥਿਆਰਾਂ ਦਾ ਵੱਧਦਾ ਰੁਝਾਨ
ਸ਼ੌਕ ਤੇ ਖੌਫ਼ ਦਾ ਖੇਡ, ਨੌਜਵਾਨਾਂ ’ਚ ਗੈਰਕਾਨੂੰਨੀ ਹਥਿਆਰਾਂ ਦਾ ਵੱਧਦਾ ਰੁਝਾਨ
Publish Date: Sun, 22 Feb 2026 08:16 PM (IST)
Updated Date: Sun, 22 Feb 2026 08:18 PM (IST)

- ਰੌਬ, ਸੋਸ਼ਲ ਮੀਡੀਆ ਤੇ ਗਲਤ ਸੰਗਤ ਕਾਰਨ ਨੌਜਵਾਨ ਲੈ ਰਹੇ ਹਥਿਆਰ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ’ਚ ਨੌਜਵਾਨਾਂ ’ਚ ਗੈਰਕਾਨੂੰਨੀ ਹਥਿਆਰ ਰੱਖਣ ਦਾ ਰੁਝਾਨ ਤੇਜ਼ੀ ਨਾਲ ਵੱਧ ਰਿਹਾ ਹੈ। ਇਹ ਰੁਝਾਨ ਸਿਰਫ਼ ਅਪਰਾਧਕ ਮਨਸੂਬਿਆਂ ਤਕ ਸੀਮਿਤ ਨਹੀਂ ਰਹੀ, ਸਗੋਂ ਦੋਸਤਾਂ ’ਚ ਰੌਬ ਜਮਾਉਣ, ਵਿਰੋਧੀਆਂ ਨੂੰ ਡਰਾਉਣ ਤੇ ਇੰਟਰਨੈੱਟ ਮੀਡੀਆ ’ਤੇ ਪ੍ਰਭਾਵ ਬਣਾਉਣ ਨਾਲ ਵੀ ਜੁੜ ਗਈ ਹੈ। ਹਾਲ ਹੀ ’ਚ ਦਿਹਾਤੀ ਪੁਲਿਸ ਵੱਲੋਂ ਕਾਬੂ ਕੀਤੇ ਗਏ 21 ਸਾਲ ਦੇ ਇਕ ਨੌਜਵਾਨ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਸ ਨੇ ਮੱਧ ਪ੍ਰਦੇਸ਼ ਤੋਂ ਗੈਰਕਾਨੂੰਨੀ ਪਿਸਤੌਲ ਸਿਰਫ਼ ਇਸ ਲਈ ਖ਼ਰੀਦੀ ਸੀ ਤਾਂ ਜੋ ਲੜਾਈ-ਝਗੜੇ ’ਚ ਧਮਕੀਆਂ ਦੇਣ ਵਾਲਿਆਂ ’ਤੇ ਆਪਣਾ ਪ੍ਰਭਾਵ ਬਣਾਇਆ ਜਾ ਸਕੇ। ਉਸ ਦਾ ਕਿਸੇ ਵੱਡੇ ਅਪਰਾਧ ਦਾ ਇਰਾਦਾ ਨਹੀਂ ਸੀ। ਪੁਲਿਸ ਅੰਕੜਿਆਂ ਮੁਤਾਬਿਕ ਪਿਛਲੇ ਛੇ ਮਹੀਨਿਆਂ ’ਚ ਕਮਿਸ਼ਨਰੇਟ ਤੇ ਦਿਹਾਤੀ ਪੁਲਿਸ ਨੇ ਲਗਭਗ 50 ਤੋਂ ਵੱਧ ਅਜਿਹੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ ਗੈਰਕਾਨੂੰਨੀ ਹਥਿਆਰ ਬਰਾਮਦ ਹੋਏ। ਇਨ੍ਹਾਂ ’ਚੋਂ ਕਰੀਬ 40 ਨੌਜਵਾਨ 25 ਸਾਲ ਤੋਂ ਘੱਟ ਉਮਰ ਦੇ ਸਨ। ਇਹ ਅੰਕੜੇ ਦਰਸਾਉਂਦੇ ਹਨ ਕਿ ਨੌਜਵਾਨਾਂ ’ਚ ਹਥਿਆਰ ਰੱਖਣਾ ਫੈਸ਼ਨ ਜਾਂ ਸਟੇਟਸ ਸਿੰਬਲ ਬਣਦਾ ਜਾ ਰਿਹਾ ਹੈ। ਪੁਲਿਸ ਨੇ ਇਨ੍ਹਾਂ ਕਾਰਵਾਈਆਂ ਦੌਰਾਨ ਕਰੀਬ 100 ਹਥਿਆਰ ਜ਼ਬਤ ਕੀਤੇ, ਜਿਨ੍ਹਾਂ ’ਚ ਦੇਸੀ ਕੱਟੇ, ਪਿਸਤੌਲ ਤੇ ਕਾਰਤੂਸ ਸ਼ਾਮਲ ਸਨ। - ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਤੋਂ ਹੋ ਰਹੀ ਸਪਲਾਈ ਜਾਂਚ ’ਚ ਸਾਹਮਣੇ ਆਇਆ ਕਿ ਕੁਝ ਨੌਜਵਾਨ ਖੁਦ ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਜਾ ਕੇ ਹਥਿਆਰ ਖ਼ਰੀਦ ਕੇ ਲਿਆਏ, ਜਦਕਿ ਕਈ ਮਾਮਲਿਆਂ ’ਚ ਪੰਜਾਬ ਵਿੱਚ ਹੀ ਸਪਲਾਈ ਨੈੱਟਵਰਕ ਸਰਗਰਮ ਮਿਲਿਆ। ਪੁਲਿਸ ਮੁਤਾਬਿਕ ਗੈਰਕਾਨੂੰਨੀ ਹਥਿਆਰ ਆਸਾਨੀ ਨਾਲ ਮਿਲਣ ਕਾਰਨ ਨੌਜਵਾਨ ਜਲਦੀ ਗਲਤ ਰਸਤੇ ’ਤੇ ਚੱਲ ਪੈਂਦੇ ਹਨ। ਕੁਝ ਕੇਸਾਂ ’ਚ ਇੰਟਰਨੈੱਟ ਮੀਡੀਆ ’ਤੇ ਗੈਂਗਸਟਰ ਕਲਚਰ ਦਾ ਪ੍ਰਭਾਵ ਵੀ ਵੇਖਣ ਨੂੰ ਮਿਲਿਆ ਹੈ, ਜਿੱਥੇ ਨੌਜਵਾਨ ਹਥਿਆਰਾਂ ਨਾਲ ਤਸਵੀਰਾਂ ਖਿੱਚਵਾ ਕੇ ਆਪਣੇ ਆਪ ਨੂੰ ‘ਬਦਮਾਸ਼’ ਵਜੋਂ ਦਰਸਾਉਂਦੇ ਹਨ। - ਸਕੂਲੀ ਵਿਦਿਆਰਥੀਆਂ ਤਕ ਪਹੁੰਚ ਰਿਹਾ ਰੁਝਾਨ ਇਹ ਰੁਝਾਨ ਹੁਣ ਸਕੂਲੀ ਵਿਦਿਆਰਥੀਆਂ ਤਕ ਵੀ ਪਹੁੰਚ ਰਿਹਾ ਹੈ। ਪਿਛਲੇ ਸਾਲ ਇਕ ਮਾਮਲੇ ’ਚ ਸਕੂਲੀ ਬੱਚਿਆਂ ਦੀ ਲੜਾਈ ਦੌਰਾਨ ਇਕ ਵਿਦਿਆਰਥੀ ਪਿਸਤੌਲ ਲੈ ਆਇਆ ਸੀ। ਹਾਲਾਂਕਿ ਉਹ ਆਪਣੇ ਪਿਤਾ ਦੀ ਸੀ, ਪਰ ਇਸ ਘਟਨਾ ਨਾਲ ਇਹ ਸਾਬਤ ਹੁੰਦਾ ਹੈ ਕਿ ਨੌਜਵਾਨ ਸਿਰਫ਼ ਡਰ ਬਣਾਉਣ ਲਈ ਹਥਿਆਰ ਰੱਖਣ ਦੀ ਸੋਚ ਰੱਖਦੇ ਹਨ। ਉਸ ਵਿਦਿਆਰਥੀ ਦੀ ਫੇਸਬੁੱਕ ਪੋਸਟ ’ਤੇ ਵੀ ਪਿਸਤੌਲ ਨਾਲ ਤਸਵੀਰਾਂ ਸਨ। ਮੁੱਖ ਕੇਸ 1. ਥਾਣਾ ਡਵੀਜ਼ਨ ਨੰਬਰ 6, ਜਲੰਧਰ ਕਮਿਸ਼ਨਰੇਟ ਦਰਜ ਤਰੀਕ : ਅਪ੍ਰੈਲ 2025 ਮੁਲਜ਼ਮ : 22 ਸਾਲਾ ਨੌਜਵਾਨ (ਮਾਡਲ ਟਾਊਨ) ਮਾਮਲਾ : ਆਰਮਜ਼ ਐਕਟ ਗੈਰਕਾਨੂੰਨੀ ਪਿਸਤੌਲ ਤੇ ਕਾਰਤੂਸ ਸਮੇਤ ਕਾਬੂ। ਰੌਬ ਜਮਾਉਣ ਲਈ ਹਥਿਆਰ ਰੱਖਣ ਦੀ ਗੱਲ ਮੰਨੀ। 2. ਥਾਣਾ ਆਦਮਪੁਰ, ਜਲੰਧਰ ਦਿਹਾਤੀ ਦਰਜ ਤਰੀਕ : ਜੂਨ 2025 ਮੁਲਜ਼ਮ : 23 ਸਾਲਾ ਨੌਜਵਾਨ (ਪਿੰਡ ਵਾਸੀ) ਨਾਕੇਬੰਦੀ ਦੌਰਾਨ ਦੇਸੀ ਕੱਟਾ ਬਰਾਮਦ। ਨਿੱਜੀ ਰੰਜਿਸ਼ ਕਾਰਨ ਡਰਾਉਣ ਲਈ ਰੱਖਿਆ। 3. ਥਾਣਾ ਡਿਵੀਜ਼ਨ ਨੰਬਰ 3, ਜਲੰਧਰ ਸ਼ਹਿਰ ਦਰਜ ਤਰੀਕ : ਅਗਸਤ 2025 ਮੁਲਜ਼ਮ : 24 ਸਾਲਾ ਨੌਜਵਾਨ (ਲਾਜਪਤ ਨਗਰ) ਸੋਸ਼ਲ ਮੀਡੀਆ ’ਤੇ ਪਿਸਤੌਲ ਨਾਲ ਤਸਵੀਰ ਵਾਇਰਲ ਹੋਣ ਤੋਂ ਬਾਅਦ ਗ੍ਰਿਫ਼ਤਾਰੀ। ਸ਼ੌਕ ਤੇ ਇੰਟਰਨੈੱਟ ਮੀਡੀਆ ਪ੍ਰਭਾਵ ਕਾਰਨ ਹਥਿਆਰ ਰੱਖਿਆ। 4. ਥਾਣਾ ਫਿਲੌਰ ਦਰਜ ਤਰੀਕ : ਅਕਤੂਬਰ 2025 ਮੁਲਜ਼ਮ : ਕਾਲਜ ਵਿਦਿਆਰਥੀ (ਉਮਰ 20 ਸਾਲ) ਕਾਰ ਚੈਕਿੰਗ ਦੌਰਾਨ ਪਿਸਤੌਲ ਬਰਾਮਦ। ਦੋਸਤਾਂ ਦੇ ਝਗੜੇ ਤੋਂ ਬਾਅਦ ਡਰਾਉਣ ਲਈ ਰੱਖਿਆ। 5. ਥਾਣਾ ਜੰਡਿਆਲਾ ਦਰਜ ਤਰੀਕ : ਦਸੰਬਰ 2025 ਮੁਲਜ਼ਮ : ਦੋ ਨੌਜਵਾਨ (ਉਮਰ 21–25 ਸਾਲ) ਮੋਟਰਸਾਈਕਲ ਸਵਾਰਾਂ ਕੋਲੋਂ ਗੈਰਕਾਨੂੰਨੀ ਹਥਿਆਰ ਬਰਾਮਦ। ਪਿੰਡ ’ਚ ਰੌਬ ਜਮਾਉਣ ਲਈ ਰੱਖਣ ਦੀ ਗੱਲ ਮੰਨੀ। ----- ਬੇਰੁਜ਼ਗਾਰੀ, ਇੰਟਰਨੈੱਟ ਮੀਡੀਆ ਦਾ ਪ੍ਰਭਾਵ, ਗੈਂਗਸਟਰ ਸੰਸਕ੍ਰਿਤੀ ਦੀ ਗਲੈਮਰਾਈਜ਼ੇਸ਼ਨ ਤੇ ਸਾਥੀਆਂ ਦਾ ਦਬਾਅ ਨੌਜਵਾਨਾਂ ਨੂੰ ਅਜਿਹੇ ਕਦਮ ਚੁੱਕਣ ਲਈ ਪ੍ਰੇਰਿਤ ਕਰ ਰਹੇ ਹਨ। ਫ਼ਿਲਮਾਂ ਤੇ ਸੋਸ਼ਲ ਮੀਡੀਆ ’ਤੇ ਦਿਖਾਈ ਜਾਣ ਵਾਲੀ ਹਿੰਸਕ ਅਕਸ ਹਥਿਆਰਾਂ ਨੂੰ ਤਾਕਤ ਦੇ ਪ੍ਰਤੀਕ ਵਜੋਂ ਪੇਸ਼ ਕਰਦਾ ਹੈ। ਜਲੰਧਰ ਵਿੱਚ ਵਧਦਾ ਇਹ ਰੁਝਾਨ ਸਿਰਫ਼ ਕਾਨੂੰਨ-ਵਿਵਸਥਾ ਦਾ ਨਹੀਂ, ਸਗੋਂ ਸਮਾਜਕ ਚਿੰਤਾ ਦਾ ਵੀ ਵਿਸ਼ਾ ਹੈ। ਜੇ ਸਮੇਂ ਸਿਰ ਸਖ਼ਤੀ ਅਤੇ ਜਾਗਰੂਕਤਾ ਨਾਲ ਰੋਕ ਨਾ ਲਾਈ ਗਈ ਤਾਂ ਇਹ ਸ਼ੌਕ ਅਤੇ ਖੌਫ਼ ਦਾ ’ਡ ਕਦੇ ਵੀ ਗੰਭੀਰ ਅਪਰਾਧਾਂ ’ਚ ਬਦਲ ਸਕਦਾ ਹੈ। ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣਾ ਪਰਿਵਾਰ ਤੇ ਪ੍ਰਸ਼ਾਸਨ ਦੀ ਸਾਂਝੀ ਜ਼ਿੰਮੇਵਾਰੀ ਹੈ, ਤਾਂ ਜੋ ਹਥਿਆਰਾਂ ਦੀ ਥਾਂ ਉਨ੍ਹਾਂ ਦੇ ਹੱਥਾਂ ’ਚ ਸਿੱਖਿਆ, ਰੁਜ਼ਗਾਰ ਤੇ ਸਕਾਰਾਤਮਕ ਮੌਕੇ ਹੋਣ। - ਡਾ. ਅਮਨ ਸੂਦ, ਮਨੋਚਿਕਿਤਸਕ।