ਅਰਬਨ ਅਸਟੇਟ ਦੇ ਰਿਹਾਇਸ਼ੀ ਤੇ ਕਮਰਸ਼ੀਅਲ ਇਲਾਕਿਆਂ ਨੂੰ ਜੋੜੇਗਾ 3.50 ਕਰੋੜ ਦਾ ਫੁੱਟਪਾਥ, ਵਾਹਨਾਂ ਦੀ ਵਰਤੋਂ ਘਟਾਉਣ ਦੀ ਕੋਸ਼ਿਸ਼
ਅਰਬਨ ਐਸਟੇਟ ਦੇ ਰਿਹਾਇਸ਼ੀ ਤੇ ਕਮਰਸ਼ੀਅਲ ਇਲਾਕਿਆਂ ਨੂੰ ਜੋੜੇਗਾ 3.50 ਕਰੋੜ ਦਾ ਫੁੱਟਪਾਥ, ਵਾਹਨਾਂ ਦੀ ਵਰਤੋਂ ਘਟਾਉਣ ਦੀ ਕੋਸ਼ਿਸ਼
Publish Date: Sun, 01 Mar 2026 09:51 PM (IST)
Updated Date: Mon, 02 Mar 2026 04:14 AM (IST)

- ਹਵਾ ਪ੍ਰਦੂਸ਼ਣ ਘਟਾਉਣ ਲਈ ਤਿਆਰ ਕੀਤਾ ਪ੍ਰੋਜੈਕਟ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਗਰ ਨਿਗਮ ਅਰਬਨ ਅਸਟੇਟ ਇਲਾਕੇ ’ਚ ਪੈਦਲ ਚੱਲਣ ਵਾਲਿਆਂ ਲਈ ਸਾਢੇ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਫੁੱਟਪਾਥ ਤਿਆਰ ਕਰੇਗਾ। ਇਹ ਫੁੱਟਪਾਥ ਕੇਂਦਰ ਸਰਕਾਰ ਦੇ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ (ਐਨਕੈਪ) ਦੀ ਗ੍ਰਾਂਟ ਨਾਲ ਬਣਾਏ ਜਾਣਗੇ। ਪੈਦਲ ਚੱਲਣ ਵਾਲਿਆਂ ਲਈ ਇਹ ਫੁੱਟਪਾਥ ਕਾਲੋਨੀਆਂ ਤੇ ਮਾਰਕੀਟਾਂ ਦੇ ਵਿਚਕਾਰ ਬਣਾਏ ਜਾਣਗੇ। ਇਸ ਦਾ ਮਕਸਦ ਲੋਕਾਂ ਨੂੰ ਵਾਹਨਾਂ ਦੀ ਵਰਤੋਂ ਦੀ ਬਜਾਏ ਪੈਦਲ ਚੱਲਣ ਲਈ ਪ੍ਰੇਰਿਤ ਕਰਨਾ ਹੈ ਤਾਂ ਜੋ ਲੋਕ ਤੰਦਰੁਸਤ ਰਹਿਣ ਤੇ ਵਾਹਨਾਂ ਦੀ ਘੱਟ ਵਰਤੋਂ ਨਾਲ ਹਵਾ ਪ੍ਰਦੂਸ਼ਣ ਦਾ ਪੱਧਰ ਵੀ ਘਟੇ। ਲੋਕ ਘਰਾਂ ਤੋਂ ਨੇੜਲੇ ਬਾਜ਼ਾਰਾਂ ’ਚ ਪੈਦਲ ਜਾਣਗੇ ਤਾਂ ਸੜਕਾਂ ’ਤੇ ਟ੍ਰੈਫਿਕ ਵੀ ਘਟੇਗਾ। ਵਾਰਡ ਨੰਬਰ 16 ਦੇ ਕੌਂਸਲਰ ਮਿੰਟੂ ਜੁਨੇਜਾ ਨੇ ਇਸ ਪ੍ਰੋਜੈਕਟ ਦਾ ਪ੍ਰਸਤਾਵ ਮੇਅਰ ਵਿਨੀਤ ਧੀਰ ਦੇ ਸਾਹਮਣੇ ਰੱਖਿਆ ਸੀ। ਮੇਅਰ ਨੇ ਪ੍ਰੋਜੈਕਟ ਨੂੰ ਫਾਈਨਲ ਕਰਨ ਤੋਂ ਬਾਅਦ ਸਰਕਾਰ ਕੋਲ ਮਨਜ਼ੂਰੀ ਲਈ ਭੇਜਿਆ ਸੀ। ਹੁਣ ਪੰਜਾਬ ਸਰਕਾਰ ਨੇ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਨਿਗਮ ਅਪ੍ਰੈਲ ਮਹੀਨੇ ਵਿੱਚ ਇਸ ਦਾ ਕੰਮ ਸ਼ੁਰੂ ਕਰਵਾਏਗਾ। ਇਹ ਫੁੱਟਪਾਥ ਨਾਨ ਮੋਟਰਾਈਜ਼ਡ ਟਰਾਂਸਪੋਰਟ (ਐਨਐਮਟੀ) ਦੀਆਂ ਗਾਈਡਲਾਈਨਾਂ ਅਨੁਸਾਰ ਬਣਾਏ ਜਾਣਗੇ ਤੇ ਇਸੇ ਅਧਾਰ ’ਤੇ ਇਸ ਦੀ ਡਿਜ਼ਾਈਨਿੰਗ ਕੀਤੀ ਗਈ ਹੈ। ਇਹ ਘੱਟੋ-ਘੱਟ 2 ਮੀਟਰ ਚੌੜਾ ਹੋਵੇਗਾ ਤੇ ਲੋਕ ਬਿਨਾ ਕਿਸੇ ਰੁਕਾਵਟ ਦੇ ਚੱਲ ਸਕਣਗੇ। ਕੌਂਸਲਰ ਮਿੰਟੂ ਜੁਨੇਜਾ ਨੇ ਦੱਸਿਆ ਕਿ ਇਹ ਪ੍ਰੋਜੈਕਟ ਅਰਬਨ ਐਸਟੇਟ-1 ਮਾਰਕੀਟ ਦੀ ਮੇਨ ਰੋਡ ਤੋਂ ਪੁਲਿਸ ਡਿਵਿਜ਼ਨ ਨੰਬਰ 7 ਗੜ੍ਹਾ ਤੇ ਮੇਅਰ ਵਰਲਡ ਸਕੂਲ ਦੇ ਆਸ-ਪਾਸ ਬਣਾਇਆ ਜਾਣਾ ਹੈ। ਇਸ ਨਾਲ ਸਕੂਲ ਦੇ ਬੱਚਿਆਂ ਨੂੰ ਵੀ ਫਾਇਦਾ ਹੋਵੇਗਾ ਤੇ ਉਹ ਸੁਰੱਖਿਅਤ ਤਰੀਕੇ ਨਾਲ ਸਕੂਲ ਤੱਕ ਪਹੁੰਚ ਸਕਣਗੇ। ਐਨਕੈਪ ਸਕੀਮ ਕੇਂਦਰ ਸਰਕਾਰ ਦੀ ਯੋਜਨਾ ਹੈ ਜਿਸ ਤਹਿਤ ਨਗਰ ਨਿਗਮ ਨੂੰ ਸੜਕਾਂ ਦੇ ਨਿਰਮਾਣ ਲਈ ਰਕਮ ਭੇਜੀ ਜਾਂਦੀ ਹੈ। ਇਸ ਦਾ ਮਕਸਦ ਸੜਕਾਂ ਨੂੰ ਬਿਹਤਰ ਬਣਾਉਣਾ ਹੈ ਤਾਂ ਜੋ ਧੂੜ ਘੱਟ ਉੱਡੇ ਅਤੇ ਹਵਾ ਪ੍ਰਦੂਸ਼ਣ ਦਾ ਪੱਧਰ ਘਟੇ। ਹੁਣ ਇਸੇ ਪ੍ਰੋਜੈਕਟ ਵਿੱਚ ਵਾਹਨਾਂ ਦੀ ਵਰਤੋਂ ਘਟਾਉਣ ਲਈ ਫੁੱਟਪਾਥ ਬਣਾਏ ਜਾ ਰਹੇ ਹਨ। -------------------------- ਪੂਰੀ ਤਰ੍ਹਾਂ ਸੁਰੱਖਿਅਤ ਹੋਵੇਗਾ ਫੁੱਟਪਾਥ, ਹਰ ਤਰ੍ਹਾਂ ਦੀ ਰੁਕਾਵਟ ਹਟਾਈ ਜਾਵੇਗੀ ਨਗਰ ਨਿਗਮ ਦਾ ਇਹ ਪ੍ਰੋਜੈਕਟ ਨਾਨ ਮੋਟਰਾਈਜ਼ਡ ਟਰਾਂਸਪੋਰਟ (ਐੱਨਐੱਮਟੀ) ਦੇ ਨਿਯਮਾਂ ਅਨੁਸਾਰ ਪੂਰਾ ਕੀਤਾ ਜਾਵੇਗਾ। ਇਹ ਫੁੱਟਪਾਥ ਤੇਜ਼ ਰਫ਼ਤਾਰ ਟ੍ਰੈਫਿਕ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹੋਣਗੇ ਤੇ ਇਸ ਤਰ੍ਹਾਂ ਕਵਰ ਕੀਤੇ ਜਾਣਗੇ ਕਿ ਵਾਹਨਾਂ ਦੀ ਐਂਟਰੀ ਫੁੱਟਪਾਥ ’ਤੇ ਨਾ ਹੋ ਸਕੇ। ਵੀਲਚੇਅਰ ਲਈ ਵੀ ਰੈਂਪ ਦੀ ਸੁਵਿਧਾ ਹੋਵੇਗੀ। ਹਰ 50 ਤੋਂ 150 ਮੀਟਰ ’ਤੇ ਫੁੱਟਪਾਥ ਕ੍ਰਾਸਿੰਗ ਲਈ ਜਗ੍ਹਾ ਰੱਖੀ ਜਾਵੇਗੀ। ਐਨਐਮਟੀ ਦੇ ਨਿਯਮਾਂ ਮੁਤਾਬਕ ਫੁੱਟਪਾਥ ਦੀ ਚੌੜਾਈ ਘੱਟੋ-ਘੱਟ ਦੋ ਮੀਟਰ ਹੋਣੀ ਲਾਜ਼ਮੀ ਹੈ। ਲੋਕਾਂ ਨੂੰ ਬਿਨਾ ਰੁਕਾਵਟ ਚੱਲਣ ਲਈ ਇਹ ਫੁੱਟਪਾਥ ਬਿਜਲੀ ਦੀਆਂ ਤਾਰਾਂ ਅਤੇ ਖੰਭਿਆਂ ਤੋਂ ਮੁਕਤ ਹੋਣਗੇ। ------------------ ਫੁੱਟਪਾਥ ਬਣਾਉਣ ਤੋਂ ਪਹਿਲਾਂ ਵਾਟਰ-ਸੀਵਰੇਜ ਦਾ ਕੰਮ ਪੂਰਾ ਕਰਨ ਦੇ ਨਿਰਦੇਸ਼ ਪੰਜਾਬ ਸਰਕਾਰ ਦੇ ਨਿਕਾਇ ਵਿਭਾਗ ਨੇ ਫੁੱਟਪਾਥ ਬਣਾਉਣ ਦੀ ਮਨਜ਼ੂਰੀ ਦਿੰਦਿਆਂ ਨਿਰਦੇਸ਼ ਦਿੱਤੇ ਹਨ ਕਿ ਕੰਮ ਦੌਰਾਨ ਆਸ-ਪਾਸ ਦੀਆਂ ਇਮਾਰਤਾਂ ਅਤੇ ਲੋਕਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ ਤੇ ਪੂਰੀ ਸਾਵਧਾਨੀ ਨਾਲ ਕੰਮ ਕੀਤਾ ਜਾਵੇ। ਇਸ ਦੌਰਾਨ ਜੇਕਰ ਸੋਲਿਡ ਵੇਸਟ ਜਾਂ ਕਨਸਟ੍ਰਕਸ਼ਨ ਵੇਸਟ ਨਿਕਲਦੀ ਹੈ ਤਾਂ ਉਸ ਨੂੰ ਨਿਯਮਾਂ ਅਨੁਸਾਰ ਡਿਸਪੋਜ਼ ਕੀਤਾ ਜਾਵੇ। ਫੁੱਟਪਾਥ ਬਣਾਉਣ ਤੋਂ ਪਹਿਲਾਂ ਇਹ ਵੀ ਜਾਂਚ ਕੀਤੀ ਜਾਵੇਗੀ ਕਿ ਕਿਤੇ ਇਸ ਜਗ੍ਹਾ ’ਤੇ ਪਾਣੀ ਤੇ ਸੀਵਰੇਜ ਦੀ ਪਾਈਪਲਾਈਨ ਤਾਂ ਨਹੀਂ ਪਾਉਣੀ। ਜੇ ਐਸਾ ਹੋਵੇ ਤਾਂ ਪਹਿਲਾਂ ਉਹ ਕੰਮ ਪੂਰਾ ਕੀਤਾ ਜਾਵੇ। ਇਹ ਪ੍ਰੋਜੈਕਟ ਪੂਰੀ ਤਰ੍ਹਾਂ ਜਨਹਿਤ ਵਿੱਚ ਹੋਣਾ ਚਾਹੀਦਾ ਹੈ ਅਤੇ ਕਿਸੇ ਇਕ ਸੰਸਥਾ ਜਾਂ ਵਿਅਕਤੀ ਨੂੰ ਇਸ ਦਾ ਵੱਖਰਾ ਲਾਭ ਨਾ ਮਿਲੇ।