ਜ਼ਖ਼ਮੀ ਦੀ ਇਲਾਜ ਦੌਰਾਨ ਮੌਤ, ਕਤਲ ਦਾ ਮਾਮਲਾ ਦਰਜ
ਤੱਲ੍ਹਣ 'ਚ ਹੋਏ ਲੜਾਈ ਝਗੜੇ 'ਚ ਜ਼ਖਮੀਂ ਹੋਏ ਵਿਅਕਤੀ ਦੀ ਮੌਤ ਕਤਲ ਦਾ ਮਾਮਲਾ ਦਰਜ
Publish Date: Fri, 06 Feb 2026 09:15 PM (IST)
Updated Date: Fri, 06 Feb 2026 09:17 PM (IST)

ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਬੀਤੀ 3 ਫਰਵਰੀ ਪਿੰਡ ਤੱਲ੍ਹਣ ਵਿਖੇ ਹੋਏ ਲੜਾਈ ਝਗੜੇ ਦੌਰਾਨ ਗੰਭੀਰ ਜ਼ਖਮੀਂ ਹੋਏ ਤਰਸੇਮ ਲਾਲ ਦੀ ਬੀਤੇ ਦਿਨ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਉਸਦੇ ਪੁੱਤਰ ਸੰਦੀਪ ਕੁਮਾਰ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਥਾਣਾ ਪਤਾਰਾ ਮੁਖੀ ਐੱਸਆਈ ਰਾਮ ਕਿਸ਼ਨ ਨੇ ਦੱਸਿਆ ਕਿ ਸੂਚਨਾ ਮਿਲਣ ਉਪਰੰਤ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ। ਘਟਨਾ ਸਬੰਧੀ ਮ੍ਰਿਤਕ ਤਰਸੇਮ ਲਾਲ ਦੀ ਨੂੰਹ ਅਮਨਦੀਪ ਕੌਰ ਨੇ ਬਿਆਨ ਦਰਜ ਕਰਵਾਏ ਹਨ ਜਿਸ ’ਚ ਜਾਣਕਾਰੀ ਦਿੱਤੀ ਹੈ ਕਿ ਉਸਦੇ ਸਹੁਰੇ ਤਰਸੇਮ ਲਾਲ ਤੇ ਉਨ੍ਹਾਂ ਦੇ ਗੁਆਂਢੀ ਸੁਰਜੀਤ ਰਾਮ ਉਰਫ਼ ਸੀਤੂ ਪੁੱਤਰ ਹਾਕਮ ਚੰਦ ਵਾਸੀ ਪਿੰਡ ਤੱਲ੍ਹਣ ਨੇ ਪਾਈਪ ਜਿਸ ਤੇ ਰੈਂਕ ਲੱਗਾ ਹੋਇਆ ਸੀ, ਨਾਲ ਰੰਜਿਸ਼ਨ ਹਮਲਾ ਕਰ ਦਿੱਤਾ ਸੀ, ਜਿਸ ਕਾਰਨ ਉਨ੍ਹਾਂ ਦੇ ਸਿਰ ’ਚ ਸੱਟ ਲੱਗਣ ਨਾਲ ਤਰਸੇਮ ਲਾਲ ਖੂਨ ਨਾਲ ਲੱਥਪਥ ਹੋ ਬੇਹੋਸ਼ ਹੋ ਗਿਆ। ਲੜਾਈ ਦਾ ਰੌਲਾ ਸੁਣ ਜਦ ਉਸ ਦਾ ਪਤੀ ਸੰਦੀਪ ਕੁਮਾਰ ਮੌਕੇ ਤੇ ਪੁੱਜਾ ਤਾਂ ਉਕਤ ਮੁਲਜ਼ਮ ਨੇ ਉਸ ’ਤੇ ਵੀ ਜਾਨਲੇਵਾ ਹਮਲਾ ਕਰ ਦਿੱਤਾ ਤੇ ਸਿਰ ਚ ਗੰਭੀਰ ਸੱਟਾਂ ਲੱਗ ਗਈਆਂ ਤੇ ਉਹ ਵੀ ਬੇਹੋਸ਼ ਹੋ ਗਿਆ। ਹਮਲਾ ਕਰਨ ਉਪਰੰਤ ਮੁਲਜ਼ਮ ਸੁਰਜੀਤ ਰਾਮ ਉਰਫ਼ ਸੀਤੂ ਮੌਕੇ ਤੋਂ ਫਰਾਰ ਹੋ ਗਿਆ ਤੇ ਖੂਨ ਨਾਲ ਲੱਥਪਥ ਹੋਏ ਤਰਸੇਮ ਲਾਲ ਤੇ ਸੰਦੀਪ ਕੁਮਾਰ ਨੂੰ ਇਕੱਠੇ ਹੋਏ ਲੋਕਾਂ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਪਹੁੰਚਾਇਆ ਗਿਆ। ਉਨ੍ਹਾਂ ਦੱਸਿਆ ਕਿ ਤਰਸੇਮ ਲਾਲ ਦੀ ਹਾਲਤ ਜ਼ਿਆਦਾ ਖਰਾਬ ਹੋਣ ਕਾਰਨ ਡਾਕਟਰਾਂ ਵੱਲੋਂ ਉਸਨੂੰ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਜਿੱਥੇ ਕਿ ਇਲਾਜ ਦੌਰਾਨ ਤਰਸੇਮ ਲਾਲ ਦੀ ਮੌਤ ਹੋ ਗਈ, ਜਦਕਿ ਸੰਦੀਪ ਕੁਮਾਰ ਜਲੰਧਰ ਦੇ ਨਿੱਜੀ ਹਸਪਤਾਲ ’ਚ ਜ਼ੇਰੇ ਇਲਾਜ ਹੈ ਪਰ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਥਾਣਾ ਮੁਖੀ ਐੱਸਆਈ ਰਾਮ ਕਿਸ਼ਨ ਨੇ ਦੱਸਿਆ ਕਿ ਅਮਨਦੀਪ ਕੌਰ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਹਮਲੇ ਦੇ ਮੁਲਜ਼ਮ ਸਰਜੀਤ ਰਾਮ ਉਰਫ਼ ਸੀਤੂ ਖਿਲਾਫ਼ ਬੀਐੱਨਐੱਸ ਦੀ ਧਾਰਾ 103(1) ਅਤੇ 115(2) ਅਧੀਨ ਐੱਫ.ਆਈ.ਆਰ ਨੰਬਰ 0009 ਤਹਿਤ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਟੀਮ ਵੱਲੋਂ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।