ਨਿਤਿਨ ਕੋਹਲੀ ਵੱਲੋਂ ਸੀਵਰੇਜ ਤੇ ਵਾਟਰ ਸਪਲਾਈ ਕੰਮਾਂ ਦਾ ਉਦਘਾਟਨ
ਆਬਾਦੀ ਕੋਟ ਰਾਮਦਾਸ ਨੂੰ ਵਿਕਾਸ ਦੀ ਵੱਡੀ ਸੌਗਾਤ
Publish Date: Thu, 15 Jan 2026 07:28 PM (IST)
Updated Date: Thu, 15 Jan 2026 07:30 PM (IST)
-ਕਿਹਾ, ਬੁਨਿਆਦੀ ਸੁਵਿਧਾਵਾਂ ਦੀ ਕਮੀ ਤੇ ਸਮੱਸਿਆਵਾਂ ਦਾ ਨਿਕਲੇਗਾ ਪੱਕਾ ਹੱਲ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਵਾਰਡ ਨੰਬਰ 7 ਆਬਾਦੀ ਕੋਟ ਰਾਮਦਾਸ ਵਿਖੇ ਜਲੰਧਰ ਸੈਂਟਰਲ ਦੇ ਹਲਕਾ ਇੰਚਾਰਜ ਨਿਤਿਨ ਕੋਹਲੀ ਵੱਲੋਂ 44 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਤੇ ਵਾਟਰ ਸਪਲਾਈ ਨਾਲ ਸਬੰਧਤ ਵਿਕਾਸ ਕਾਰਜਾਂ ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਮੌਕੇ ਨਿਤਿਨ ਕੋਹਲੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਦੌਰਾਨ ਇਸ ਇਲਾਕੇ ਨੂੰ ਲੰਮੇ ਸਮੇਂ ਤੱਕ ਅਣਡਿੱਠਾ ਕੀਤਾ ਗਿਆ, ਜਿਸ ਕਾਰਨ ਲੋਕਾਂ ਨੂੰ ਗੰਦਗੀ, ਸੀਵਰੇਜ ਜਾਮ ਤੇ ਸੁੱਚੇ ਪੀਣ ਵਾਲੇ ਪਾਣੀ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਿਰਫ਼ ਵਾਅਦੇ ਨਹੀਂ ਕਰਦੀ, ਸਗੋਂ ਜ਼ਮੀਨੀ ਪੱਧਰ ’ਤੇ ਕੰਮ ਕਰਕੇ ਵਿਖਾਉਂਦੀ ਹੈ।
ਨਿਤਿਨ ਕੋਹਲੀ ਨੇ ਸਪੱਸ਼ਟ ਕੀਤਾ ਕਿ ਇਹ ਪ੍ਰੋਜੈਕਟ ਸਿਰਫ਼ 44 ਲੱਖ ਰੁਪਏ ਦੀ ਰਕਮ ਤੱਕ ਸੀਮਿਤ ਨਹੀਂ ਹੈ, ਬਲਕਿ ਇਹ ਲੋਕਾਂ ਦੀ ਸਿਹਤ, ਇੱਜ਼ਤ ਤੇ ਭਵਿੱਖ ਨਾਲ ਸਿੱਧੇ ਤੌਰ ’ਤੇ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਹਰ ਗਲੀ ਤੇ ਹਰ ਘਰ ਤੱਕ ਸੁੱਚਾ ਪੀਣ ਵਾਲਾ ਪਾਣੀ ਪਹੁੰਚਾਉਣਾ ਤੇ ਮਜ਼ਬੂਤ ਸੀਵਰੇਜ ਪ੍ਰਣਾਲੀ ਮੁਹੱਈਆ ਕਰਵਾਉਣਾ ਆਮ ਆਦਮੀ ਪਾਰਟੀ ਸਰਕਾਰ ਦੀ ਪਹਿਲੀ ਤਰਜੀਹ ਹੈ। ਅਖੀਰ ’ਚ ਨਿਤਿਨ ਕੋਹਲੀ ਨੇ ਭਰੋਸਾ ਦਿਵਾਇਆ ਕਿ ਜਲੰਧਰ ਸੈਂਟਰਲ ਦੇ ਹਰ ਵਾਰਡ ਨੂੰ ਇਕਸਾਰ ਤੌਰ ’ਤੇ ਵਿਕਾਸ ਦੀ ਮੁੱਖ ਧਾਰਾ ਨਾਲ ਜੋੜਿਆ ਜਾਵੇਗਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਹੱਕਾਂ ਤੇ ਸੁਵਿਧਾਵਾਂ ਲਈ ਲਗਾਤਾਰ ਕੰਮ ਕਰਦੀ ਰਹੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਵਾਰਡ ਇੰਚਾਰਜ ਪ੍ਰਵੀਨ ਪਹਿਲਵਾਨ, ਜਸਵਿੰਦਰ ਪਾਲ, ਕਮਲਜੀਤ ਸਿੰਘ ਢਿੱਲੋਂ, ਆਰਐੱਸ ਯਾਦਵ, ਅੰਮ੍ਰਿਤ ਰਾਏ, ਦਲਜੀਤ ਸਿੰਘ, ਪੁਰੁਸ਼ੋਤਮ ਡੋਗਰਾ, ਦਿਲਬਾਗ ਸਿੰਘ, ਸੋਹਣ ਸਿੰਘ ਕਪੂਰ, ਚਰਨਜੀਤ ਲਾਲ ਪੱਪੂ, ਅਮਰਜੀਤ ਸਿੰਘ, ਵਿਸ਼ਾਲ, ਪ੍ਰਸ਼ੋਤਮ ਸਿੰਘ, ਬਲਬੀਰ ਲਾਲ, ਗੋਲਡੀ ਮਰਵਾਹਾ, ਸੰਜੀਵ ਤ੍ਰੇਹਨ, ਧੀਰਜ ਸੇਠ, ਪ੍ਰਵੀਨ ਪੱਬੀ, ਮਨੀਸ਼ ਸ਼ਰਮਾ ਤੇ ਸੁਬਾਸ਼ ਸ਼ਰਮਾ ਸਮੇਤ ਵੱਡੀ ਗਿਣਤੀ ’ਚ ਪਾਰਟੀ ਆਗੂ ਤੇ ਇਲਾਕਾ ਨਿਵਾਸੀ ਮੌਜੂਦ ਸਨ।