ਵਿਕਾਸ ਕੰਮਾਂ ਲਈ ਨਹੀਂ ਮਿਲੇ 85 ਕਰੋੜ, ਮੁੜ ਲੱਗੇ 59 ਕਰੋੜ ਦੇ ਟੈਂਡਰ
ਵਿਕਾਸ ਕੰਮਾਂ ਲਈ ਕੇਂਦਰ ਦੀ 85 ਕਰੋੜ ਦੀ ਰਕਮ ਨਹੀਂ ਆਈ , ਨਿਗਮ ਨੇ ਮੁੜ ਲਾਏ 59 ਕਰੋੜ ਦੇ ਟੈਂਡਰ
Publish Date: Thu, 15 Jan 2026 06:40 PM (IST)
Updated Date: Thu, 15 Jan 2026 06:45 PM (IST)
ਕੇਂਦਰੀ ਗ੍ਰਾਂਟ ਪ੍ਰਾਪਤ ਕਰਨ ਲਈ ਨਿਗਮ ਨੇ ਹਾਊਸ ਦੀ ਸੱਦੀ ਸੀ ਹੰਗਾਮੀ ਮੀਟਿੰਗ
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਨੂੰ ਕੇਂਦਰੀ ਗ੍ਰਾਂਟ ਦੀ 85 ਕਰੋੜ ਕਰੋੜ ਰੁਪਏ ਦੀ ਰਕਮ ਨਾ ਆਉਣ ਕਾਰਨ ਵਿਕਾਸ ਕੰਮਾਂ ਲਈ ਲਾਏ ਗਏ ਟੈਂਡਰ ਮੁੜ ਲਾਏ ਗਏ ਹਨ, ਜਦਕਿ ਨਗਰ ਨਿਗਮ 4 ਵਾਰਡਾਂ ’ਚ 6 ਕਰੋੜ ਰੁਪਏ ਦੇ ਵਿਕਾਸ ਕੰਮਾਂ ਦੇ ਟੈਂਡਰਾਂ ਦੇ ਕੰਮਾਂ ਦੀ ਅਲਾਟਮੈਂਟ ਕਰ ਚੁੱਕੀ ਹੈ ਤੇ ਉਥੇ ਕੰਮ ਸ਼ੁਰੂ ਹੋ ਚੁੱਕੇ ਹਨ। ਨਗਰ ਨਿਗਮ ਨੇ 85 ਕਰੋੜ ਦੇ ਵਿਕਾਸ ਕੰਮਾਂ ’ਚੋਂ 65 ਕਰੋੜ ਦੇ ਟੈਂਡਰ ਮੰਗੇ ਸਨ, ਜਿਨ੍ਹਾਂ ’ਚੋਂ 6 ਕਰੋੜ ਦੇ ਕੰਮ ਤਾਂ ਸ਼ੁਰੂ ਹੋ ਚੁੱਕੇ ਹਨ ਜਦੋਂਕਿ 59 ਕਰੋੜ ਦੇ ਟੈਂਡਰ ਪਹਿਲੀ ਵਾਰ ਰੱਦ ਹੋ ਗਏ, ਜਦਕਿ ਹੁਣ ਮੁੜ ਮੰਗੇ ਗਏ ਹਨ।
ਨਗਰ ਨਿਗਮ ਦੇ ਮੇਅਰ ਵਨੀਤ ਧੀਰ ਨੇ ਬੀਤੇ ਨਵੰਬਰ 2025 ਦੇ ਆਖਰੀ ਹਫਤੇ ਨਿਗਮ ਹਾਊਸ ਦੀ ਮੀਟਿੰਗ ਸਥਾਨਕ ਸਰਕਾਰਾਂ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ’ਤੇ ਹੰਗਾਮੀ ਮੀਟਿੰਗ ਰੈੱਡ ਕਰਾਸ ਭਵਨ ਵਿਖੇ ਸੱਦੀ ਸੀ, ਜਿਸ ’ਚ 85 ਕਰੋੜ ਦੇ ਵਿਕਾਸ ਕੰਮਾਂ ਦੇ ਐਸਟੀਮੇਟ ਪਾਸ ਕਰਕੇ ਚੰਡੀਗੜ੍ਹ ਭੇਜੇ ਸਨ, ਜਿਹੜੇ ਕਿ ਪਾਸ ਹੋ ਕੇ ਆ ਚੁੱਕੇ ਹਨ ਪਰ ਕੇਂਦਰ ਸਰਕਾਰ ਦੀ ਗ੍ਰਾਂਟ ਦੀ 85 ਕਰੋੜ ਦੀ ਰਕਮ ਅਜੇ ਤਕ ਨਹੀਂ ਆਈ। ਉਕਤ ਰਕਮ ਨਾਲ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਤੇ ਸੀਸੀ ਫਲੋਰਿੰਗ ਦੀਆਂ ਸੜਕਾਂ ਬਣਾਈਆਂ ਜਾਣੀਆਂ ਸਨ। ਇਸ ਦੌਰਾਨ ਕੇਂਦਰ ਸਰਕਾਰ ਤੋਂ ਹਦਾਇਤ ਆਈ ਸੀ ਕਿ ਵਿਕਾਸ ਕੰਮ ਸ਼ੁਰੂ ਕਰਵਾਏ ਜਾਣ ਅਤੇ ਇਸ ਮਗਰੋਂ ਰਕਮ ਵੀ ਭੇਜੀ ਜਾਵੇਗੀ। ਇਸ ਦੌਰਾਨ ਨਗਰ ਨਿਗਮ ਨੇ ਕਈ ਇਲਾਕਿਆਂ ’ਚ ਗਲੀਆਂ ਅਤੇ ਸੜਕਾਂ ਦੀ ਪੁਟਾਈ ਵੀ ਸ਼ੁਰੂ ਕਰਵਾ ਰੱਖੀ ਹੈ ਅਤੇ ਹੁਣ ਉਥੇ ਅੱਗੇ ਕੰਮ ਨਹੀਂ ਹੋ ਰਿਹਾ ਹੈ ਕਿਉਂਕਿ ਠੇਕੇਦਾਰ ਨੂੰ ਭੁਗਤਾਨ ਨਹੀਂ ਹੋ ਰਿਹਾ ਹੈ। ਗਲੀਆਂ ਤੇ ਸੜਕਾਂ ਦੀ ਪੁਟਾਈ ਹੋਣ ਕਾਰਨ ਲੋਕ ਕਾਫੀ ਪਰੇਸ਼ਾਨ ਹਨ। ਨਗਰ ਨਿਗਮ ਦੀ ਬੀਐਂਡਆਰ ਬ੍ਰਾਂਚ ਦੇ ਐੱਸਈ ਰਜਨੀਸ਼ ਡੋਗਰਾ ਨੇ 85 ਕਰੋੜ ਦੀ ਗਰਾਂਟ ਨਾ ਆਉਣ ਦੀ ਪੁਸ਼ਟੀ ਕੀਤੀ ਹੈ ਤੇ ਕਿਹਾ ਹੈ ਕਿ 59 ਕਰੋੜ ਦੇ ਟੈਂਡਰ ਮੁੜ ਮੰਗੇ ਗਏ ਹਨ, ਕਿਉਂਕਿ ਪਹਿਲੇ ਟੈਂਡਰ ਕਿਸੇ ਵੀ ਕੰਪਨੀ ਨੇ ਨਹੀਂ ਪਾਏ ਸਨ।