- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੁਲਾਈ ਤੱਕ 80 ਫੀਸਦੀ ਸ਼ੁਰੂ ਹੋ ਸਕਦਾ ਹੈ ਸਰਫੇਸ ਵਾਟਰ ਪ੍ਰੋਜੈਕਟ, 13 ਕਿਲੋਮੀਟਰ ਲਈ ਐੱਨਐੱਚਏਆਈ ਦੀ ਮਨਜ਼ੂਰੀ ਦਾ ਇੰਤਜ਼ਾਰ

-525 ਕਰੋੜ ਦਾ ਪ੍ਰੋਜੈਕਟ, ਸਵਾ ਦੋ ਲੱਖ ਘਰਾਂ ਨੂੰ ਮਿਲੇਗਾ ਨਹਿਰੀ ਪਾਣੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕਈ ਸਾਲਾਂ ਤੋਂ ਜਿਸ ਸਰਫੇਸ ਵਾਟਰ ਪ੍ਰੋਜੈਕਟ ਦਾ ਜਲੰਧਰ ਵਾਸੀਆਂ ਨੂੰ ਇੰਤਜ਼ਾਰ ਸੀ, ਉਹ ਹੁਣ ਜਲਦ ਪੂਰਾ ਹੋਣ ਜਾ ਰਿਹਾ ਹੈ। ਇਸ ਸਾਲ ਜੁਲਾਈ ਤੱਕ ਪ੍ਰੋਜੈਕਟ ਦਾ ਕਰੀਬ 80 ਫੀਸਦੀ ਹਿੱਸਾ ਸ਼ੁਰੂ ਕੀਤਾ ਜਾ ਸਕਦਾ ਹੈ। ਨੈਸ਼ਨਲ ਹਾਈਵੇ ਨਾਲ ਲੱਗਦੇ ਇਲਾਕਿਆਂ ’ਚ ਪਾਈਪਲਾਈਨ ਪਾਉਣ ਲਈ ਐੱਨਐੱਚਏਆਈ ਤੋਂ ਮਨਜ਼ੂਰੀ ਨਾ ਮਿਲਣ ਕਾਰਨ 13 ਕਿੱਲੋਮੀਟਰ ਤੱਕ ਪਾਈਪਲਾਈਨ ਦਾ ਕੰਮ ਪ੍ਰਭਾਵਿਤ ਹੋ ਸਕਦਾ ਹੈ, ਜੋ ਅਕਤੂਬਰ ਤੱਕ ਪੂਰਾ ਹੋਣ ਦੀ ਸੰਭਾਵਨਾ ਹੈ। ਸਰਫੇਸ ਵਾਟਰ ਪ੍ਰੋਜੈਕਟ ਰਾਹੀਂ ਜਲੰਧਰ ਦੇ ਲਗਪਗ ਸਵਾ ਦੋ ਲੱਖ ਘਰਾਂ ਤੱਕ ਨਹਿਰੀ ਪਾਣੀ ਪਹੁੰਚਾਇਆ ਜਾਵੇਗਾ। ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਨਿਗਮ ਵੱਲੋਂ 390 ਕਰੋੜ ਰੁਪਏ ਦੇ ਸਰੋਤ ਸੀਵਰੇਜ ਬੋਰਡ ਨੂੰ ਮੁਹੱਈਆ ਕਰਵਾਏ ਜਾ ਚੁੱਕੇ ਹਨ। ਸਮਾਰਟ ਸਿਟੀ ਪ੍ਰੋਜੈਕਟ ਤਹਿਤ ਬਣ ਰਹੇ ਇਸ 525 ਕਰੋੜ ਦੇ ਸਰਫੇਸ ਵਾਟਰ ਪ੍ਰੋਜੈਕਟ ਲਈ ਪਾਈਪ ਪਾਉਣ ਦਾ ਠੇਕਾ ਐੱਲ ਐਂਡ ਟੀ ਕੰਪਨੀ ਨੂੰ ਦਿੱਤਾ ਗਿਆ ਹੈ। ਸੀਵਰੇਜ ਬੋਰਡ ਦੀ ਨਿਗਰਾਨੀ ਹੇਠ ਪਾਈਪਲਾਈਨ ਪਾਉਣ ਦਾ ਕੰਮ ਚੱਲ ਰਿਹਾ ਹੈ। ਸੋਮਵਾਰ ਨੂੰ ਵਿਭਾਗ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਮੁਤਾਬਕ ਪ੍ਰੋਜੈਕਟ ਦਾ 88 ਫੀਸਦੀ ਸਿਵਲ ਵਰਕ ਪੂਰਾ ਹੋ ਚੁੱਕਾ ਹੈ, ਜੋ 31 ਮਈ ਤੱਕ ਮੁਕੰਮਲ ਹੋਣ ਦੀ ਉਮੀਦ ਹੈ।
-------------------
ਸਤੰਬਰ 2023 ਤੱਕ ਪੂਰਾ ਕਰਨਾ ਸੀ ਪ੍ਰੋਜੈਕਟ
ਸਰਫੇਸ ਵਾਟਰ ਪ੍ਰੋਜੈਕਟ ਸਤੰਬਰ 2020 ’ਚ ਸ਼ੁਰੂ ਹੋ ਕੇ ਸਤੰਬਰ 2023 ਤੱਕ ਪੂਰਾ ਹੋਣਾ ਸੀ ਪਰ ਗੈਰਕਾਨੂੰਨੀ ਕਬਜ਼ਿਆਂ ਤੇ ਤਕਨੀਕੀ ਕਾਰਨਾਂ ਕਰਕੇ ਕੰਮ ’ਚ ਲਗਪਗ ਦੋ ਸਾਲ ਦੀ ਦੇਰੀ ਹੋ ਗਈ। ਕੰਮ ’ਚ ਦੇਰੀ ਕਾਰਨ ਕੰਪਨੀ ’ਤੇ ਦੋ ਫੀਸਦੀ ਜੁਰਮਾਨਾ ਵੀ ਲਾਇਆ ਗਿਆ ਹੈ। ਹੁਣ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਪੂਰੀ ਸਮਰੱਥਾ ਨਾਲ ਕੰਮ ਕੀਤਾ ਜਾ ਰਿਹਾ ਹੈ। ਸ਼ਹਿਰ ਦੀਆਂ ਕਈ ਮਹੱਤਵਪੂਰਨ ਸੜਕਾਂ ਪੁੱਟਣ ਕਾਰਨ ਟ੍ਰੈਫਿਕ ਵੀ ਪ੍ਰਭਾਵਿਤ ਹੋ ਰਿਹਾ ਹੈ ਤੇ ਲੋਕਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਲੰਬਾ ਰਸਤਾ ਤੈਅ ਕਰਨਾ ਪੈ ਰਿਹਾ ਹੈ।
------------------------
ਵਾਟਰ ਟੈਂਕ ਤੇ ਟ੍ਰੀਟਮੈਂਟ ਪਲਾਂਟ ਵੀ ਜਲਦ ਹੋਣਗੇ ਤਿਆਰ
ਸੀਵਰੇਜ ਬੋਰਡ ਤੇ ਕੰਪਨੀ ਵੱਲੋਂ ਵਾਟਰ ਟੈਂਕ ਤੇ ਵਾਟਰ ਟ੍ਰੀਟਮੈਂਟ ਪਲਾਂਟ ਦਾ ਕੰਮ 85 ਤੋਂ 90 ਫੀਸਦੀ ਤੱਕ ਪੂਰਾ ਹੋਣ ਦਾ ਦਾਅਵਾ ਕੀਤਾ ਗਿਆ ਹੈ। ਨਹਿਰੀ ਪਾਣੀ ਦੀ ਸਪਲਾਈ ਲਈ ਮਾਡਲ ਟਾਊਨ, ਟਰਾਂਸਪੋਰਟ ਨਗਰ, ਸੂਰਿਆ ਇਨਕਲੇਵ ਤੇ ਬਲਰਟਨ ਪਾਰਕ ’ਚ ਵਾਟਰ ਟੈਂਕ ਬਣਾਏ ਜਾ ਰਹੇ ਹਨ। ਦਾਅਵਾ ਹੈ ਕਿ ਵਾਟਰ ਟੈਂਕ ਦਾ ਕੰਮ 85 ਫੀਸਦੀ ਤੱਕ ਮੁਕੰਮਲ ਹੋ ਚੁੱਕਾ ਹੈ। ਉੱਥੇ ਹੀ ਬਿਲਗਾ ਪਿੰਡ ’ਚ ਬਣ ਰਹੇ ਵਾਟਰ ਟ੍ਰੀਟਮੈਂਟ ਪਲਾਂਟ ਦਾ ਕੰਮ 90 ਫੀਸਦੀ ਤੱਕ ਪੂਰਾ ਹੋਣ ਦੀ ਰਿਪੋਰਟ ਦਿੱਤੀ ਗਈ ਹੈ।
----------------------
ਸਵਾ ਦੋ ਲੱਖ ਘਰਾਂ ਨੂੰ ਮਿਲੇਗੀ ਸਹੂਲਤ
525 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋ ਰਹੇ ਇਸ ਪ੍ਰੋਜੈਕਟ ਤਹਿਤ ਜਲੰਧਰ ਦੇ ਲਗਭਗ ਸਵਾ ਦੋ ਲੱਖ ਘਰਾਂ ਨੂੰ ਨਹਿਰੀ ਪਾਣੀ ਮਿਲੇਗਾ। ਸਤਲੁਜ ਦਰਿਆ ਦਾ ਪਾਣੀ ਪਹਿਲਾਂ ਵਾਟਰ ਟ੍ਰੀਟਮੈਂਟ ਪਲਾਂਟ ’ਚ ਸਾਫ਼ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਪਾਈਪਲਾਈਨ ਰਾਹੀਂ ਘਰਾਂ ਤੱਕ ਪਹੁੰਚਾਇਆ ਜਾਵੇਗਾ। ਨੈਸ਼ਨਲ ਹਾਈਵੇ ਨਾਲ ਲੱਗਦੇ ਇਲਾਕਿਆਂ ’ਚ ਇਹ ਸਹੂਲਤ ਪਹੁੰਚਣ ’ਚ ਕੁਝ ਹੋਰ ਸਮਾਂ ਲੱਗ ਸਕਦਾ ਹੈ, ਕਿਉਂਕਿ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਇੱਥੇ ਪਾਈਪਲਾਈਨ ਪਾਉਣ ਲਈ ਅਜੇ ਤੱਕ ਮਨਜ਼ੂਰੀ ਨਹੀਂ ਮਿਲੀ। ਵਿਭਾਗ ਵੱਲੋਂ ਮਨਜ਼ੂਰੀ ਲਈ ਲਿਖਿਆ ਗਿਆ ਹੈ ਤੇ ਜਲਦੀ ਮਨਜ਼ੂਰੀ ਮਿਲਣ ਦੀ ਉਮੀਦ ਹੈ।
----------------------------
ਜੁਲਾਈ ਤੱਕ ਸ਼ੁਰੂ ਹੋ ਜਾਵੇਗੀ ਸਪਲਾਈ : ਕਮਿਸ਼ਨਰ
ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਜੁਲਾਈ ਤੱਕ 80 ਫੀਸਦੀ ਪ੍ਰੋਜੈਕਟ ਸ਼ੁਰੂ ਕਰ ਦਿੱਤਾ ਜਾਵੇਗਾ ਤੇ ਲੋਕਾਂ ਨੂੰ ਦਰਿਆ ਦਾ ਪਾਣੀ ਮਿਲਣਾ ਸ਼ੁਰੂ ਹੋ ਜਾਵੇਗਾ। ਐੱਨਐੱਚਏਆਈ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਬਾਕੀ ਇਲਾਕਿਆਂ ’ਚ ਵੀ ਇਹ ਸਹੂਲਤ ਸ਼ੁਰੂ ਕੀਤੀ ਜਾਵੇਗੀ। ਪ੍ਰੋਜੈਕਟ ਸੀਵਰੇਜ ਬੋਰਡ ਵੱਲੋਂ ਪੂਰਾ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਇਸ ਦਾ ਸੰਚਾਲਨ ਨਗਰ ਨਿਗਮ ਦੀ ਦੇਖ-ਰੇਖ ਹੇਠ ਹੋਵੇਗਾ। ਨਿਗਮ ਵੱਲੋਂ ਇਸ ਪ੍ਰੋਜੈਕਟ ਲਈ ਲਗਪਗ 390 ਕਰੋੜ ਰੁਪਏ ਦੇ ਸਰੋਤ ਮੁਹੱਈਆ ਕਰਵਾਏ ਜਾ ਚੁੱਕੇ ਹਨ। ਜਲੰਧਰ ਲਈ ਇਹ ਪ੍ਰੋਜੈਕਟ ਕਾਫ਼ੀ ਮਹੱਤਵਾਕਾਂਖੀ ਮੰਨਿਆ ਜਾ ਰਿਹਾ ਹੈ।