- ਜਲੰਧਰ ’ਚ ਆਨਲਾਈਨ

- ਜਲੰਧਰ ’ਚ ਆਨਲਾਈਨ ਠੱਗੀ ਦਾ ਜਾਲ, ਕਈ ਲੋਕਾਂ ਨੂੰ ਪੈਕੇਜ ਦੇ ਨਾਂ 'ਤੇ ਮਿਲਿਆ ਧੋਖਾ
- ਲਾਲਚ ਤੇ ਬਲੈਕਮੇਲਿੰਗ ਦੀ ਖੇਡ, ਪਿਛਲੇ 5 ਮਹੀਨਿਆਂ ’ਚ 40 ਤੋਂ ਵੱਧ ਲੋਕ ਬਣੇ ਸ਼ਿਕਾਰ
ਸੁਕਰਾਂਤ, ਜਾਗਰਣ, ਜਲੰਧਰ
ਜਲੰਧਰ ਵਿਚ ਸਾਈਬਰ ਠੱਗੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਜਲੰਧਰ ਦੇ ਇਕ ਵਪਾਰੀ ਨੂੰ ਥਾਈਲੈਂਡ ਜਾਣ ਦਾ ਸਸਤਾ ਤੇ ਆਕਰਸ਼ਕ ਆਫਰ ਮਿਲਿਆ, ਇਸ ਰਾਹੀਂ ਉਸ ਨਾਲ 8 ਲੱਖ ਰੁਪਏ ਦੀ ਠੱਗੀ ਹੋਈ ਹੈ। ਠੱਗਾਂ ਨੇ ਸਸਤੀ ਹਵਾਈ ਟਿਕਟ, ਹੋਟਲ ਤੇ ਖਾਣ-ਪੀਣ ਦੇ ਸਸਤੇ ਪੈਕੇਜ ਦਾ ਲਾਲਚ ਦੇ ਕੇ ਨੈੱਟਵਰਕ ’ਚ ਫਸਾ ਲਿਆ। ਜਿਵੇਂ ਹੀ ਵਪਾਰੀ ਨੇ ਲਿੰਕ 'ਤੇ ਕਲਿੱਕ ਕੀਤਾ, ਉਸ ਨੂੰ ਇਕ ਕੁੜੀ ਦਾ ਸੰਪਰਕ ਨੰਬਰ ਮਿਲਿਆ। ਗੱਲਬਾਤ ਦੌਰਾਨ ਔਰਤ ਨੇ ਭਰੋਸਾ ਜਿੱਤਦੇ ਹੋਏ ਉਸ ਨੂੰ ਆਕਰਸ਼ਕ ਆਫਰ ਦਿੱਤੇ ਤੇ ਤਿੰਨ ਦਿਨਾਂ ਤੱਕ ਸੰਪਰਕ ’ਚ ਰਹਿ ਕੇ ਹੌਲੀ-ਹੌਲੀ ਉਸ ਕੋਲੋਂ ਲਗਪਗ 8 ਲੱਖ ਰੁਪਏ ਲੈ ਲਏ। ਬਾਅਦ ’ਚ ਔਰਤ ਦਾ ਫੋਨ ਬੰਦ ਹੋ ਗਿਆ ਤੇ ਵੈੱਬਸਾਈਟ ਵੀ ਗਾਇਬ ਹੋ ਗਈ। ਪੀੜਤ ਨੇ ਸਾਈਬਰ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਹੈ।
---
ਸਾਈਬਰ ਠੱਗੀ ਕਿਵੇਂ ਹੁੰਦੀ ਹੈ?
- ਇਹ ਠੱਗੀ ਸੋਸ਼ਲ ਇੰਜੀਨੀਅਰਿੰਗ ਤੇ ਹਨੀ ਟ੍ਰੈਪ ਦਾ ਮਿਸ਼ਰਣ ਹੁੰਦੀ ਹੈ। ਪਹਿਲਾਂ ਫੇਕ ਵੈੱਬਸਾਈਟ ਜਾਂ ਸੋਸ਼ਲ ਮੀਡੀਆ ਇਸ਼ਤਿਹਾਰ ਰਾਹੀਂ ਸ਼ਿਕਾਰ ਲੱਭਿਆ ਜਾਂਦਾ ਹੈ। ਫਿਰ ਕੁੜੀ ਨੂੰ ਏਜੰਟ ਬਣਾ ਕੇ ਭਰੋਸਾ ਜਿੱਤਿਆ ਜਾਂਦਾ ਹੈ ਤੇ ਉਸ ਨਾਲ ਹੋਈ ਗੱਲਬਾਤ ਨੂੰ ਨਿੱਜੀ ਬਣਾਇਆ ਜਾਂਦਾ ਹੈ। ਬਾਅਦ ’ਚ ਜਾਂ ਤਾਂ ਪੈਸੇ ਮੰਗੇ ਜਾਂਦੇ ਹਨ ਜਾਂ ਬਲੈਕਮੇਲ ਕੀਤਾ ਜਾਂਦਾ ਹੈ। ਕਈ ਮਾਮਲਿਆਂ ਵਿਚ ਲਿੰਕ 'ਤੇ ਕਲਿੱਕ ਕਰਨ ਨਾਲ ਮੋਬਾਈਲ ’ਚ ਮੈਲਵੇਅਰ ਜਾਂ ਸਪਾਈਵੇਅਰ ਵੀ ਇੰਸਟਾਲ ਹੋ ਜਾਂਦਾ ਹੈ, ਜਿਸ ਨਾਲ ਬੈਂਕ ਦਾ ਵੇਰਵਾ ਤੇ ਓਟੀਪੀ ਤੱਕ ਸਾਈਬਰ ਠੱਗਾਂ ਦੀ ਪਹੁੰਚ ਬਣ ਜਾਂਦੀ ਹੈ।
---
ਕਿਵੇਂ ਫਸਦੇ ਹਨ ਲੋਕ?
-ਸਸਤੇ ਟੂਰ, ਕਰਜ਼ਾ ਜਾਂ ਆਫਰ ਦਾ ਲਾਲਚ, ਸਾਈਬਰ ਠੱਗ ਨੈੱਟਵਰਕ ’ਚ ਫਸੇ ਵਿਅਕਤੀ ਨੂੰ ਸਸਤੇ ਟੂਰ ਦਿਵਾਉਣ, ਪੈਸਿਆਂ ਦੀ ਕਮੀ ਕਾਰਨ ਆਸਾਨ ਕਿਸਤਾਂ 'ਤੇ ਕਰਜ਼ਾ ਦਿਵਾਉਣ ਤੇ ਆਕਰਸ਼ਕ ਆਫਰ ਦਾ ਲਾਲਚ ਦੇ ਕੇ ਫਸਾਉਂਦੇ ਹਨ।
-ਅਣਜਾਣ ਨੰਬਰ ਤੋਂ ਦੋਸਤਾਨਾ ਗੱਲਬਾਤ, ਕਿਸੇ ਵੀ ਵਿਅਕਤੀ ਨੂੰ ਗੱਲਬਾਤ ’ਚ ਫਸਾ ਕੇ ਉਸ ਨਾਲ ਇਸ ਤਰ੍ਹਾਂ ਗੱਲ ਕੀਤੀ ਜਾਂਦੀ ਹੈ ਕਿ ਜੋ ਆਫਰ ਦਿੱਤਾ ਜਾ ਰਿਹਾ ਹੈ, ਉਹ ਸਿਰਫ ਉਨ੍ਹਾਂ ਲਈ ਹੀ ਹੈ ਤੇ ਲੋਕ ਗੱਲਾਂ ’ਚ ਫਸ ਜਾਂਦੇ ਹਨ।
-ਜਲਦੀ ਭਰੋਸਾ ਕਰਨਾ, ਅਜਿਹੇ ਲਾਲਚ ’ਤੇ ਜਾਂ ਫੋਨ ਕਰਨ ਵਾਲੇ 'ਤੇ ਜਲਦੀ ਭਰੋਸਾ ਕਰਨਾ ਵੀ ਲੋਕਾਂ ਨੂੰ ਫਸਾ ਦਿੰਦਾ ਹੈ।
-ਨਿੱਜੀ ਜਾਣਕਾਰੀ ਜਾਂ ਫੋਟੋ ਸਾਂਝਾ ਕਰਨਾ, ਕਿਸੇ ਦੇ ਨਾਲ ਵੀ ਆਪਣੇ ਪਰਿਵਾਰ ਦੀ ਜਾਂ ਆਪਣੀ ਨਿੱਜੀ ਜਾਣਕਾਰੀ ਜਾਂ ਫੋਟੋ ਸਾਂਝਾ ਕਰਨਾ ਵੀ ਲੋਕਾਂ ਨੂੰ ਫਸਾ ਦਿੰਦਾ ਹੈ।
-ਬਿਨਾਂ ਜਾਂਚ ਕੀਤੇ ਲਿੰਕ 'ਤੇ ਕਲਿੱਕ ਕਰਨਾ, ਕਿਸੇ ਵੀ ਤਰ੍ਹਾਂ ਦੇ ਆਕਰਸ਼ਕ ਆਫਰ ਨੂੰ ਦੇਖ ਕੇ ਉਸ ਦੀ ਜਾਂਚ ਕੀਤੇ ਬਿਨਾਂ ਹੀ ਉਸ 'ਤੇ ਕਲਿੱਕ ਕਰਨਾ ਵੀ ਕਾਫੀ ਨੁਕਸਾਨਦਾਇਕ ਰਹਿੰਦਾ ਹੈ।
--
ਕਿਵੇਂ ਕਰੀਏ ਬਚਾਅ?
-ਸਿਰਫ਼ ਭਰੋਸੇਯੋਗ ਵੈੱਬਸਾਈਟ ਤੋਂ ਹੀ ਬੁਕਿੰਗ ਕਰੋ।
-ਕਿਸੇ ਵੀ ਅਣਜਾਣ ਲਿੰਕ 'ਤੇ ਕਲਿੱਕ ਨਾ ਕਰੋ।
-ਅਣਜਾਣ ਵਿਅਕਤੀ ਨਾਲ ਨਿੱਜੀ ਫੋਟੋ ਜਾਂ ਕੋਈ ਜਾਣਕਾਰੀ ਸਾਂਝਾ ਨਾ ਕਰੋ।
-ਓਟੀਪੀ ਜਾਂ ਬੈਂਕ ਦਾ ਵੇਰਵਾ ਕਦੇ ਵੀ ਸਾਂਝਾ ਨਾ ਕਰੋ।
-ਸ਼ੱਕੀ ਆਫਰ ਮਿਲਣ ’ਤੇ ਤੁਰੰਤ ਪੁਲਿਸ ਜਾਂ ਸਾਈਬਰ ਹੈਲਪਲਾਈਨ (1930) ’ਤੇ ਸੰਪਰਕ ਕਰੋ।
---
ਕਈ ਲੋਕ ਹੋ ਚੁੱਕੇ ਹਨ ਆਕਰਸ਼ਕ ਆਫਰ ਦਾ ਸ਼ਿਕਾਰ
ਕੇਸ 1- ਟੂਰ ਪੈਕੇਜ ਫਰਾਡ : ਜਲੰਧਰ ਦੇ ਮਿਲਾਪ ਚੌਕ ਨੇੜੇ ਰਹਿਣ ਵਾਲੇ ਇਕ ਵਪਾਰੀ ਨੂੰ ਗੋਆ ਟ੍ਰਿਪ, ਪਰਿਵਾਰ ਦੇ ਨਾਲ ਬਿਤਾਉਣ ਲਈ ਆਫਰ ਮਿਲਿਆ। ਲਿੰਕ ਦਿੱਤਾ ਗਿਆ ਤੇ ਉਸ 'ਤੇ ਸਾਰੀ ਜਾਣਕਾਰੀ ਲੈਣ ਲਈ ਕਿਹਾ ਗਿਆ। ਕਲਿੱਕ ਕਰਦੇ ਹੀ ਖਾਤਾ ਹੈਕ ਹੋ ਗਿਆ ਤੇ 80 ਹਜ਼ਾਰ ਰੁਪਏ ਉੱਡ ਗਏ।
ਕੇਸ 2. ਸਸਤੀ ਕਾਰ ਦਾ ਝਾਂਸਾ : ਇਕ ਵਿਅਕਤੀ ਨੇ ਸਸਤੀ ਗੱਡੀ ਖਰੀਦਣ ਲਈ ਇੰਟਰਨੈੱਟ ਮੀਡੀਆ 'ਤੇ ਮਿਲੇ ਆਕਰਸ਼ਕ ਆਫਰ ਨੂੰ ਦੇਖਿਆ ਤਾਂ ਕਲਿੱਕ ਕੀਤਾ। ਗੱਡੀ ਤਾਂ ਨਹੀਂ ਮਿਲੀ ਖਾਤੇ ਤੋਂ ਹਜ਼ਾਰਾਂ ਰੁਪਏ ਨਿਕਲ ਗਏ।
ਕੇਸ 3. ਬੈਂਕਾਕ ਦਾ ਸਸਤਾ ਪੈਕੇਜ ਪੈ ਗਿਆ ਮਹਿੰਗਾ: ਸ਼ਕਤੀ ਨਗਰ ਨੇੜੇ ਰਹਿਣ ਵਾਲੇ ਇਕ ਵਪਾਰੀ, ਜੋ ਅਕਸਰ ਟੂਰ ਲਗਾਉਂਦਾ ਰਹਿੰਦਾ ਸੀ, ਨੂੰ ਵੀ ਸਾਈਬਰ ਠੱਗਾਂ ਨੇ ਠੱਗ ਲਿਆ। ਉਸ ਨੂੰ ਬੈਂਕਾਕ ਦਾ ਸਸਤਾ ਆਫਰ ਇਕ ਇਸ਼ਤਿਹਾਰ ’ਚ ਮਿਲਿਆ। ਉਸ ਨੇ ਉਸ 'ਤੇ ਕਲਿੱਕ ਕੀਤਾ ਤਾਂ ਇਕ ਨੰਬਰ ਮਿਲਿਆ। ਫੋਨ ਕਰਨ ਵਾਲੀ ਇਕ ਔਰਤ ਸੀ ਤੇ ਅਜਿਹੇ ਆਕਰਸ਼ਕ ਆਫਰ ਮਿਲੇ ਕਿ ਵਪਾਰੀ ਉਸ ’ਚ ਫਸ ਗਿਆ ਤੇ ਫਿਰ ਲਗਪਗ ਤਿੰਨ ਲੱਖ ਰੁਪਏ ਦੇ ਕੇ ਸਾਈਬਰ ਥਾਣੇ ’ਚ ਕੇਸ ਦਰਜ ਕਰਵਾਇਆ।
---
ਪੰਜ ਮਹੀਨਿਆਂ ’ਚ 40 ਤੋਂ ਵੱਧ ਠੱਗੀ ਦੇ ਕੇਸ ਦਰਜ
ਜਲੰਧਰ ਵਿਚ ਪਿਛਲੇ 5 ਮਹੀਨਿਆਂ ਵਿਚ 40 ਤੋਂ ਵੱਧ ਸਾਈਬਰ ਠੱਗੀ ਦੇ ਕੇਸ ਦਰਜ ਹੋ ਚੁੱਕੇ ਹਨ। ਜਾਣਕਾਰੀ ਮੁਤਾਬਕ ਅਸਲੀ ਗਿਣਤੀ ਇਸ ਤੋਂ ਕਾਫੀ ਵੱਧ ਹੋ ਸਕਦੀ ਹੈ, ਕਿਉਂਕਿ ਕਈ ਲੋਕ ਬਦਨਾਮੀ ਦੇ ਡਰੋਂ ਸ਼ਿਕਾਇਤ ਦਰਜ ਨਹੀਂ ਕਰਵਾਉਂਦੇ।
---
ਸਾਈਬਰ ਮਾਹਿਰਾਂ ਦਾ ਕੀ ਕਹਿਣਾ ਹੈ
ਸਾਈਬਰ ਸੁਰੱਖਿਆ ਮਾਹਿਰ ਪਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਆਨਲਾਈਨ ਠੱਗ ਨਵੇਂ-ਨਵੇਂ ਤਰੀਕੇ ਅਪਣਾ ਕੇ ਲੋਕਾਂ ਨੂੰ ਨੈੱਟਵਰਕ ’ਚ ਫਸਾ ਰਹੇ ਹਨ। ਲੋੜ ਹੈ ਚੌਕਸ ਰਹਿਣ ਦੀ ਤੇ ਕਿਸੇ ਵੀ ਲਾਲਚ ਜਾਂ ਅਣਜਾਣ ਸੰਪਰਕ ਤੋਂ ਬਚਣ ਦੀ ਤਾਂ ਜੋ ਮਿਹਨਤ ਦੀ ਕਮਾਈ ਸੁਰੱਖਿਅਤ ਰਹਿ ਸਕੇ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਆਫਰ ਅਜਿਹੇ ਆਨਲਾਈਨ ਨਹੀਂ ਆਉਂਦਾ। ਕਿਸੇ ਆਫਰ ਦੀ ਜਾਂਚ ਕਰਨ ਲਈ ਕੋਈ ਲਿੰਕ ਨਾ ਦਬਾਓ ਤੇ ਨਾ ਹੀ ਉਸ 'ਤੇ ਕੋਈ ਜਾਣਕਾਰੀ ਹਾਸਲ ਕਰਨ ਦਾ ਯਤਨ ਕਰੋ। ਭਰੋਸੇਯੋਗ ਟੂਰ ਤੇ ਟ੍ਰੈਵਲ ਵਾਲਿਆਂ ਕੋਲ ਮਿਲਣ ਵਾਲੇ ਆਫਰ ’ਤੇ ਹੀ ਭਰੋਸਾ ਕਰੋ।