ਵੱਖ-ਵੱਖ ਜਥੇਬੰਦੀਆਂ ਦੇ ਲੋਕਾਂ ਨੇ 8 ਅਪ੍ਰੈਲ ਨੂੰ ਰਾਸ਼ਟਰੀ ਮਾਰਗ ਜਾਮ ਕਰਨ ਦਾ ਕੀਤਾ ਐਲਾਨ
ਸੰਵਾਦ ਸਹਿਯੋਗੀ, ਜਾਗਰਣ, ਕਰਤਾਰਪੁਰ
Publish Date: Sun, 05 Apr 2026 10:08 PM (IST)
Updated Date: Sun, 05 Apr 2026 10:10 PM (IST)

ਸੰਵਾਦ ਸਹਿਯੋਗੀ, ਜਾਗਰਣ, ਕਰਤਾਰਪੁਰ : ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਸੰਘਰਸ਼ ਨੂੰ ਤੇਜ਼ ਕਰਦਿਆਂ 8 ਅਪ੍ਰੈਲ ਨੂੰ ਕਰਤਾਰਪੁਰ ਵਿਚ ਅੰਮ੍ਰਿਤਸਰ-ਜਲੰਧਰ ਹਾਈਵੇ ਨੂੰ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਜਾਮ ਗੁਆਂਢੀ ਪਿੰਡ ਪੱਤੜ ਕਲਾਂ ਵਿਚ ਇੱਕ ਸਾਜ਼ਿਸ਼ ਤਹਿਤ ਭਗਵਾਨ ਵਾਲਮੀਕਿ ਨਿਸ਼ਾਨ ਸਾਹਿਬ ਦੇ ਅਪਮਾਨ ਖ਼ਿਲਾਫ਼ ਸੱਤਾ ਧਿਰ ਦੇ ਦਬਾਅ ਕਾਰਨ ਪੁਲਿਸ ਵੱਲੋਂ ਮਾਮਲਾ ਦਰਜ ਨਾ ਕਰਨ ਦੇ ਵਿਰੋਧ ਵਿਚ ਕੀਤਾ ਜਾ ਰਿਹਾ ਹੈ। ਇਹ ਫੈਸਲਾ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ-ਨਾਲ ਹੋਰ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਤੋਂ ਬਾਅਦ ਲਿਆ ਗਿਆ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਯੂਥ ਵਿੰਗ ਦੇ ਆਗੂ ਗੁਰਪ੍ਰੀਤ ਸਿੰਘ ਚੀਦਾ ਨੇ ਜਥੇਬੰਦੀਆਂ ਦੇ ਇਸ ਫੈਸਲੇ ਨੂੰ ਪ੍ਰਦਰਸ਼ਨਕਾਰੀਆਂ ਦੇ ਸਾਹਮਣੇ ਰੱਖਿਆ, ਜਿਸ ’ਤੇ ਉਨ੍ਹਾਂ ਨੇ ਹੱਥ ਉਠਾ ਕੇ ਸਹਿਮਤੀ ਜਤਾਈ। ਬੈਠਕ ਵਿਚ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਕਸ਼ਮੀਰ ਸਿੰਘ ਘੁਘਸ਼ੋਰ, ਗੁਰਪ੍ਰੀਤ ਸਿੰਘ ਚੀਦਾ, ਅੰਬੇਡਕਰ ਸੈਨਾ ਪੰਜਾਬ ਦੇ ਬਲਵਿੰਦਰ ਬੁੱਗਾ, ਪੰਜਾਬ ਖੇਤ ਮਜ਼ਦੂਰ ਸਭਾ ਦੇ ਵੀਰ ਕੁਮਾਰ, ਵਾਲਮੀਕਿ ਮੱਜ਼੍ਹਬੀ ਸਿੱਖ ਮੋਰਚਾ, ਆਦਿਵਾਸੀ ਗੁਰੂ ਗਿਆਨ ਨਾਥ ਪੁਰਾਣ ਸੰਘਰਸ਼ ਦਲ ਦੇ ਜੱਸੀ, ਡਾ. ਹਰਜਿੰਦਰ ਮੱਟੂ, ਡਾ. ਅੰਬੇਡਕਰ ਸੰਘਰਸ਼ ਮੋਰਚਾ ਦੇ ਉਪ ਪ੍ਰਧਾਨ ਭਾਜੀ ਅੰਮ੍ਰਿਤ ਸਿੰਘ, ਮਿਸਾਲ ਬਾਬਾ ਜੀਵਨਪਾਲ ਸਿੰਘ ਚਕਰਵਰਤੀ, ਭਾਰਤ ਪੰਜਾਬ ਦੇ ਜਥੇਦਾਰ ਬਾਬਾ ਰਵੀਪਾਲ ਸਿੰਘ, ਮੰਗਲ ਸਿੰਘ, ਇੰਦਰਜੀਤ ਸਿੰਘ ਮਾਨ ਤਲਵੰਡੀ ਅਤੇ ਵੱਡੀ ਗਿਣਤੀ ’ਚ ਨਿਹੰਗ ਸਿੰਘ ਮੌਜੂਦ ਸਨ। ਬੈਠਕ ਦੇ ਫ਼ੈਸਲੇ ’ਤੇ ਵਾਲਮੀਕਿ ਮੱਜ਼੍ਹਬੀ ਸਿੱਖ ਮੋਰਚਾ ਦੇ ਪ੍ਰਧਾਨ ਮਹਿੰਦਰ ਸਿੰਘ, ਸਰਵਨ ਸਿੰਘ ਰੌਮੀ ਅਤੇ ਬਾਬਾ ਜੀਵਨ ਸਿੰਘ ਦਲ ਦੇ ਜਥੇਦਾਰ ਬਾਬਾ ਹੀਰਾ ਆਦਿ ਨੇ ਸਹਿਮਤੀ ਜਤਾਈ। ਜ਼ਿਕਰਯੋਗ ਹੈ ਕਿ ਇਨਸਾਫ਼ ਲੈਣ ਲਈ ਲੋਕਾਂ ਵੱਲੋਂ ਪੁਲਿਸ ਸਟੇਸ਼ਨ ਦੇ ਬਾਹਰ ਲਿੰਕ ਸੜਕ ’ਤੇ ਧਰਨਾ ਲਾਇਆ ਹੋਇਆ ਹੈ।