ਸੰਵਿਧਾਨਕ ਡਿਊਟੀਆਂ ਨਿਭਾਉਣਾ ਸਾਡਾ ਫ਼ਰਜ਼ : ਐੱਮਐੱਫ ਫਾਰੂਕੀ
ਜਲੰਧਰ ’ਚ 77ਵਾਂ ਗਣਤੰਤਰ ਦਿਵਸ ਉਤਸ਼ਾਹ ਤੇ ਸ਼ਾਨ ਨਾਲ ਮਨਾਇਆ
Publish Date: Tue, 27 Jan 2026 09:06 PM (IST)
Updated Date: Tue, 27 Jan 2026 09:10 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : 26 ਜਨਵਰੀ ਨੂੰ ਪੀਏਪੀ ਕੰਪਲੈਕਸ ਅਸ਼ਵਨੀ ਸਟੇਡੀਅਮ ਵਿਖੇ 77ਵਾਂ ਗਣਤੰਤਰ ਦਿਵਸ ਭਾਰੀ ਉਤਸ਼ਾਹ ਤੇ ਜੋਸ਼ ਨਾਲ ਮਨਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਐੱਮਐੱਫ ਫਾਰੂਕੀ, ਆਈਪੀਐੱਸ, ਵਧੀਕ ਡਾਇਰੈਕਟਰ ਜਨਰਲ ਪੁਲਿਸ, ਸਟੇਟ ਆਰਮਡ ਪੁਲਿਸ ਨੇ ਰਾਸ਼ਟਰੀ ਝੰਡਾ ਲਹਿਰਾਇਆ। ਗਾਰਦ ਵੱਲੋਂ ਰਾਸ਼ਟਰੀ ਝੰਡੇ ਨੂੰ ਸਲੂਟ ਦਿੱਤਾ ਗਿਆ ਤੇ ਮੁੱਖ ਮਹਿਮਾਨ ਨੇ ਗਾਰਦ ਦੀ ਨਿਰੀਖਣ ਕੀਤਾ। ਇਸ ਸਮੇਂ ਇੰਦਰਬੀਰ ਸਿੰਘ, ਆਈਪੀਐੱਸ ਡੀਆਈਜੀ (ਐਡਮਿਨ) ਪੀਏਪੀ, ਵਿਵੇਕਸ਼ੀਲ ਸੋਨੀ, ਆਈਪੀਐੱਸ, ਕਮਾਂਡੈਂਟ 75ਵੀਂ ਬਟਾਲੀਅਨ ਪੀਏਪੀ, ਗੁਰਤੇਜਿੰਦਰ ਸਿੰਘ ਔਲਖ, ਪੀਪੀਐੱਸ, ਕਮਾਂਡੈਂਟ 7ਵੀਂ ਬਟਾਲੀਅਨ ਪੀਏਪੀ, ਜਲੰਧਰ ਤੇ ਦਵਿੰਦਰ ਸਿੰਘ, ਪੀਪੀਐੱਸ, ਡੀਐੱਸਪੀ ਆਰਟੀਸੀ ਮੌਜੂਦ ਸਨ। ਮੁੱਖ ਮਹਿਮਾਨ ਨੇ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਤੇ ਭਾਰਤ ਦੇ ਸੰਵਿਧਾਨ ਦੇ ਮਹੱਤਵ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਸੰਵਿਧਾਨ ਸਾਨੂੰ ਅਧਿਕਾਰਾਂ ਦੇਣ ਦੇ ਨਾਲ-ਨਾਲ ਡਿਊਟੀਆਂ ਵੀ ਸੌਂਪਦਾ ਹੈ, ਜਿਨ੍ਹਾਂ ਨੂੰ ਨਿਭਾਉਣਾ ਸਾਡੇ ਲਈ ਫਰਜ਼ ਹੈ ਤੇ ਭਾਰਤੀ ਸੰਵਿਧਾਨ ਵੱਲੋਂ ਮਨੁੱਖਤਾ ਲਈ ਦਿੱਤੇ ਗਏ ਅਧਿਕਾਰਾਂ ਦੀ ਰੱਖਿਆ ਕਰਨੀ ਚਾਹੀਦੀ ਹੈ। ਸਮਾਗਮ ’ਚ ਨੈਸ਼ਨਲ ਟੈਂਟ ਪੈਗਿੰਗ ਚੈਂਪੀਅਨਸ਼ਿਪ (ਜਨਵਰੀ 2026) ’ਚ ਸਿਲਵਰ ਮੈਡਲ ਜੇਤੂ ਸੀਨੀਅਰ ਸਿਪਾਹੀ ਜਤਿੰਦਰ ਸਿੰਘ ਤੇ ਸਿਪਾਹੀ ਪਟੇਲ ਨੂੰ ਮੁੱਖ ਮਹਿਮਾਨ ਨੇ ਸਨਮਾਨ ਚਿੰਨ ਭੇਟ ਕੀਤੇ। ਇਸਦੇ ਉਪਰੰਤ ਮੁੱਖ ਮਹਿਮਾਨ ਨੂੰ ਵੀ ਇੰਦਰਬੀਰ ਸਿੰਘ, ਵਿਵੇਕਸ਼ੀਲ ਸੋਨੀ ਤੇ ਗੁਰਤੇਜਿੰਦਰ ਸਿੰਘ ਔਲਖ ਵੱਲੋਂ ਸਨਮਾਨਿਤ ਕੀਤਾ ਗਿਆ।