74ਵਾਂ ਆਲ ਇੰਡੀਆ ਪੁਲਿਸ ਐਥਲੈਟਿਕਸ ਕਲੱਸਟਰ ਸ਼ੁਰੂ
74ਵਾਂ ਆਲ ਇੰਡੀਆ ਪੁਲਿਸ ਏਥਲੈਟਿਕਸ ਕਲੱਸਟਰ ਸ਼ੁਰੂ, 1200 ਏਥਲੀਟਾਂ ਲੈ ਰਹੇ ਹਿੱਸਾ
Publish Date: Sat, 07 Mar 2026 08:38 PM (IST)
Updated Date: Sat, 07 Mar 2026 08:42 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : 74ਵਾਂ ਆਲ ਇੰਡੀਆ ਪੁਲਿਸ ਐਥਲੈਟਿਕਸ ਕਲੱਸਟਰ 7 ਤੋਂ 12 ਮਾਰਚ ਤੱਕ ਪੀਏਪੀ ਜਲੰਧਰ ’ਚ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਡੀਆਈਜੀ ਇੰਦਰਬੀਰ ਸਿੰਘ ਨੇ ਸ਼ਨਿਚਰਵਾਰ ਨੂੰ ਪੀਏਪੀ ਹੈੱਡਕੁਆਰਟਰ ’ਚ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਉਨ੍ਹਾਂ ਨੇ ਕਿਹਾ ਕਿ ਛੇ ਦਿਨਾਂ ਦੇ ਇਸ ਕਲੱਸਟਰ ’ਚ ਐਥਲੈਟਿਕਸ ਤੇ ਸਾਈਕਲਿੰਗ ਦੇ ਮੁਕਾਬਲੇ ਹੋਣਗੇ, ਜਿਸ ’ਚ ਦੇਸ਼ ਭਰ ਦੇ ਪੁਲਿਸ ਬਲਾਂ ਦੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਹਿੱਸਾ ਲੈ ਰਹੇ ਹਨ। ਕਲੱਸਟਰ ’ਚ 29 ਵੱਖ-ਵੱਖ ਸੂਬਿਆਂ ਦੀ ਪੁਲਿਸ ਦੇ 1200 ਐਥਲੀਟ ਸ਼ਾਮਲ ਹਨ, ਜੋ ਆਪਣੀ ਪ੍ਰਤਿਭਾ ਤੇ ਖੇਡ-ਭਾਵਨਾ ਦਾ ਪ੍ਰਦਰਸ਼ਨ ਕਰਨਗੇ। ਕਲੱਸਟਰ ਦਾ ਮੁੱਖ ਟੀਚਾ ਪੁਲਿਸ ਮੁਲਾਜ਼ਮਾਂ ’ਚ ਸਰੀਰਕ ਫਿਟਨੈੱਸ, ਅਨੁਸ਼ਾਸਨ ਤੇ ਦੋਸਤੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ। ਐਥਲੈਟਿਕਸ ਦੇ 21 ਈਵੈਂਟ ਸਪੋਰਟਸ ਕਾਲਜ ਦੇ ਟ੍ਰੈਕ ’ਤੇ ਹੋਣਗੇ, ਜਦਕਿ ਸਾਈਕਲਿੰਗ ਈਵੈਂਟ, 20 ਕਿੱਲੋਮੀਟਰ ਵਾਕ ਤੇ 42 ਕਿੱਲੋਮੀਟਰ ਮੈਰਾਥਨ ਮੈਕਡੋਨੇਲਡ ਤੋਂ ਜਮਸ਼ੇਰ ਰੋਡ (ਨਕੋਦਰ ਬਾਈਪਾਸ) ਤੱਕ ਕਰਵਾਏ ਜਾਣਗੇ। ਕਲੱਸਟਰ ਨੂੰ ਸਰਬ ਭਾਰਤੀ ਪੁਲਿਸ ਕੰਟਰੋਲ ਬੋਰਡ, ਨਵੀਂ ਦਿੱਲੀ ਦੇ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। ਡੀਆਈਜੀ ਨੇ ਕਿਹਾ ਕਿ ਖਿਡਾਰੀਆਂ ਦੇ ਰਹਿਣ-ਸਹਿਣ ਲਈ ਸਭ ਤਿਆਰੀਆਂ ਕੀਤੀਆਂ ਗਈਆਂ ਹਨ। ਇਸ ਸਮਾਗਮ ’ਚ ਖੇਡ ਸਕੱਤਰ ਗੁਰਤੇਜਿੰਦਰ ਸਿੰਘ ਔਲਖ, ਆਬਰਜ਼ਵਰ ਦੇਵੀ ਲਾਲ, ਡੀਐੱਸਪੀ ਦਵਿੰਦਰ ਸਿੰਘ, ਮੁਨੀਸ਼ ਕੁਮਾਰ, ਗੁਰਕ੍ਰਿਪਾਲ ਸਿੰਘ ਤੇ ਦਵਿੰਦਰ ਯਾਦਵ ਮੌਜੂਦ ਸਨ।