ਸਰਕਾਰੀ ਸਕੂਲ ਢੰਡੋਵਾਲ ਦੇ 7 ਵਿਦਿਆਰਥੀ ਜਵਾਹਰ ਨਵੋਦਿਆ ਵਿਦਿਆਲਿਆ ਲਈ ਚੁਣੇ
ਸਰਕਾਰੀ ਸਕੂਲ ਢੰਡੋਵਾਲ ਦੇ 7 ਵਿਦਿਆਰਥੀ ਜਵਾਹਰ ਨਵੋਦਿਆ ਵਿਦਿਆਲਿਆ ਲਈ ਚੁਣੇ
Publish Date: Sat, 21 Mar 2026 07:57 PM (IST)
Updated Date: Sat, 21 Mar 2026 08:01 PM (IST)

-ਵਿਦਿਆਰਥਣ ਹਰਸੀਰਤ ਕੌਰ ਨੇ ਜ਼ਿਲ੍ਹੇ ਭਰ ਚੋਂ ਪਹਿਲਾ ਸਥਾਨ ਹਾਸਲ ਕਰਕੇ ਵਧਾਇਆ ਮਾਣ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਸਿੱਖਿਆ ਦੇ ਖੇਤਰ ਵਿਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਸਰਕਾਰੀ ਐਲੀਮੈਂਟਰੀ ਸਕੂਲ ਢੰਡੋਵਾਲ ਨੇ ਵੱਡੀ ਮੱਲ ਮਾਰੀ ਹੈ। ਸਕੂਲ ਦੇ 7 ਹੋਣਹਾਰ ਵਿਦਿਆਰਥੀਆਂ ਨੇ ਨਵੋਦਿਆ ਵਿਦਿਆਲਿਆ ਸੰਮਤੀ ਵੱਲੋਂ ਸੈਸ਼ਨ 2026-27 ਦੇ 6ਵੀਂ ਜਮਾਤ ਦੇ ਦਾਖਲੇ ਲਈ ਲਈ ਗਈ ਪ੍ਰਵੇਸ਼ ਪ੍ਰੀਖਿਆ ਪਾਸ ਕਰਕੇ ਜਵਾਹਰ ਨਵੋਦਿਆ ਵਿਦਿਆਲਾ ਤਲਵੰਡੀ ਮਾਧੋ ਆਪਣਾ ਦਾਖਲਾ ਪੱਕਾ ਕਰ ਲਿਆ ਹੈ। ਸਕੂਲ ਮੁਖੀ ਜਤਿੰਦਰ ਪਾਲ ਅਰੋੜਾ ਨੇ ਦੱਸਿਆ ਕਿ ਸਕੂਲ ਦੀ ਹੋਣਹਾਰ ਵਿਦਿਆਰਥਣ ਹਰਸੀਰਤ ਕੌਰ ਪੁੱਤਰੀ ਨਵਨੀਤ ਸਿੰਘ ਨੇ ਇਸ ਪ੍ਰੀਖਿਆ ਵਿਚ ਪੂਰੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਸਕੂਲ, ਮਾਪਿਆਂ ਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ਇਸ ਤੋਂ ਇਲਾਵਾ ਲਵਪ੍ਰੀਤ ਸਿੰਘ ਪੁੱਤਰ ਨਿਰਮਲ ਢੰਡੋਵਾਲੀਆ, ਦਲਜੀਤ ਸਿੰਘ ਪੁੱਤਰ ਜਸਵੰਤ ਸਿੰਘ, ਪਲਕ ਕੌਰ ਪੁੱਤਰੀ ਕੁਲਵੰਤ, ਸੁਖਜੋਤ ਕੌਰ ਪੁੱਤਰੀ ਮਨਜੀਤ ਸਿੰਘ, ਆਂਚਲ ਪੁੱਤਰੀ ਕੈਪਟਨ ਕੁਮਾਰ ਅਤੇ ਹੰਸ ਰਾਜ ਪੁੱਤਰ ਰਵਿੰਦਰ ਸ਼ਾਹ ਨੇ ਵੀ ਪ੍ਰੀਖਿਆ ਪਾਸ ਕਰਕੇ ਨਾਮਣਾ ਖੱਟਿਆ। ਸਕੂਲ ਮੁਖੀ ਅਰੋੜਾ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਦੀ ਸਫਲਤਾ ਪਿੱਛੇ ਜਮਾਤ ਇੰਚਾਰਜ ਮਨਮੀਤ ਸਿੰਘ ਦੀ ਦਿਨ-ਰਾਤ ਦੀ ਲਗਨ, ਬੱਚਿਆਂ ਦੀ ਮਿਹਨਤ, ਸਮੂਹ ਸਟਾਫ ਤੇ ਮਾਪਿਆਂ ਦਾ ਪੂਰਨ ਸਹਿਯੋਗ ਹੈ। ਇਹ ਕੋਈ ਪਹਿਲੀ ਵਾਰ ਨਹੀਂ ਹੈ, ਬਲਕਿ ਸਾਲ 2006 ਤੋਂ ਲਗਾਤਾਰ ਹਰ ਸਾਲ ਇਸ ਸਕੂਲ ਦੇ ਵਿਦਿਆਰਥੀ ਇਹ ਪ੍ਰੀਖਿਆ ਪਾਸ ਕਰਕੇ ਉਚੇਰੀ ਸਿੱਖਿਆ ਵਿੱਚ ਮੱਲਾਂ ਮਾਰ ਰਹੇ ਹਨ। ਇਸ ਸ਼ਾਨਦਾਰ ਪ੍ਰਾਪਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਢੰਡੋਵਾਲ ਵੈਲਫੇਅਰ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਅਤੇ ਮਾਰਕੀਟ ਕਮੇਟੀ ਸ਼ਾਹਕੋਟ ਦੇ ਸਾਬਕਾ ਚੇਅਰਮੈਨ ਸੁਰਿੰਦਰਜੀਤ ਸਿੰਘ ਚੱਠਾ ਨੇ ਹੈੱਡ ਟੀਚਰ ਜਤਿੰਦਰ ਪਾਲ ਅਰੋੜਾ ਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਸੰਸਥਾ ਵੱਲੋਂ ਚੁਣੇ ਗਏ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਹੌਸਲਾ ਅਫ਼ਜ਼ਾਈ ਲਈ ਵਿਸ਼ੇਸ਼ ਇਨਾਮ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਬਲਵੀਰ ਸਿੰਘ, ਲਖਵੀਰ ਸਿੰਘ ਚੱਠਾ, ਨੰਬਰਦਾਰ ਬਲਹਾਰ ਸਿੰਘ ਚੱਠਾ, ਬਲਵਿੰਦਰ ਸਿੰਘ ਚੱਠਾ, ਤੁਲਸੀ ਦੇਵੀ ਚੇਅਰਪਰਸਨ, ਪੂਜਾ ਵਾਈਸ ਚੇਅਰਪਰਸਨ, ਕੁਲਜੀਤ ਕੌਰ, ਮਨਜੀਤ ਕੌਰ, ਸਕੂਲ ਸਟਾਫ ਰੁਪਿੰਦਰ ਕੌਰ, ਪ੍ਰਭਜੋਤ ਕੌਰ, ਜਸਮੀਤ ਕੌਰ, ਅੰਜੂ ਬਾਲਾ, ਜਸਵੀਰ ਕੌਰ, ਗੁਰਬਖਸ਼ ਕੌਰ, ਬਲਦੀਪ ਕੌਰ, ਰਾਜਦੀਪ ਕੌਰ ਆਦਿ ਹਾਜ਼ਰ ਸਨ।