ਜਾਅਲੀ ਦਸਤਾਵੇਜ਼ਾਂ ਨਾਲ ਜ਼ਮਾਨਤਾਂ ਦੇਣ ਵਾਲੇ 7 ਨਾਮਜ਼ਦ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ,
Publish Date: Fri, 27 Feb 2026 06:21 PM (IST)
Updated Date: Fri, 27 Feb 2026 06:22 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ
ਥਾਣਾ ਬਾਰਾਂਦਰੀ ਦੀ ਪੁਲਿਸ ਨੇ ਏਜੇਐੱਸ ਜਸਵਿੰਦਰ ਸਿੰਘ ਦੀ ਅਦਾਲਤ ਵੱਲੋਂ ਦਿੱਤੇ ਗਏ ਹੁਕਮਾਂ ਤੋਂ ਬਾਅਦ ਮਾਨਯੋਗ ਅਦਾਲਤ ਵਿੱਚ ਅਪਰਾਧੀਆਂ ਦੀਆਂ ਜਾਲੀ ਦਸਤਾਵੇਜ਼ ਤਿਆਰ ਕਰਕੇ ਜ਼ਮਾਨਤਾਂ ਦੇਣ ਵਾਲੇ ਦੋ ਵੱਖ-ਵੱਖ ਗਿਰੋਹ ਦੇ ਮੈਂਬਰਾਂ ਦੇ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਭਾਲ ’ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਏਜੇਐੱਸ ਜਸਵਿੰਦਰ ਸਿੰਘ ਦੀ ਅਦਾਲਤ ਵਿੱਚ ਬੀਤੇ ਦਿਨੀਂ ਕੁਝ ਅਪਰਾਧੀਆਂ ਦੀਆਂ ਕੁਝ ਵਿਅਕਤੀਆਂ ਵੱਲੋਂ ਜ਼ਮਾਨਤਾਂ ਦੇ ਦਿੱਤੀਆਂ ਗਈਆਂ ਸਨ, ਜਦ ਅਦਾਲਤ ਵੱਲੋਂ ਜ਼ਮਾਨਤਾਂ ਲਈ ਲਗਾਏ ਗਏ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ ਤਾਂ ਉਹ ਜਾਅਲੀ ਪਾਏ ਗਏ। ਇਸ ਤੋਂ ਬਾਅਦ ਜੱਜ ਜਸਵਿੰਦਰ ਸਿੰਘ ਦੇ ਰੀਡਰ ਦੇ ਬਿਆਨਾਂ ’ਤੇ ਥਾਣਾ ਬਾਰਾਦਰੀ ਵਿੱਚ ਜ਼ਮਾਨਤਾਂ ਦੇਣ ਵਾਲੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਨ ਲਈ ਕਿਹਾ ਗਿਆ। ਥਾਣਾ ਮੁਖੀ ਇੰਸਪੈਕਟਰ ਰਵਿੰਦਰ ਕੁਮਾਰ ਵੱਲੋਂ ਰੀਡਰ ਦੇ ਬਿਆਨਾਂ ’ਤੇ ਦੋ ਵੱਖ-ਵੱਖ ਮਾਮਲੇ ਦਰਜ ਕਰਦੇ ਹੋਏ ਨਵੀਨ ਸੈਣੀ, ਅਵਜਿੰਦਰ ਸਿੰਘ, ਇਕਬਾਲ ਸਿੰਘ ਸਾਰੇ ਵਾਸੀ ਹਰਗੋਬਿੰਦ ਨਗਰ ਅਤੇ ਵਰੂਣ ਕਟੋਚ ਖਿਲਾਫ ਮਾਮਲਾ ਦਰਜ ਕੀਤਾ ਗਿਆ। ਇਸੇ ਤਰ੍ਹਾਂ ਦੂਜੇ ਮਾਮਲੇ ਵਿੱਚ ਜਾਅਲੀ ਜ਼ਮਾਨਤਾਂ ਦੇਣ ਵਾਲੇ ਦੂਜੇ ਗਿਰੋਹ ਦੇ ਗੌਰਵ ਵਾਸੀ ਕਰਤਾਰ ਨਗਰ, ਮੀਨੂ ਕੁਮਾਰੀ ਵਾਸੀ ਭਾਰਗੋ ਕੈਂਪ ਅਤੇ ਸਾਹਿਲ ਵਾਸੀ ਭਾਰਗੋ ਨਗਰ ਖਿਲਾਫ ਧਾਰਾ 319(2) 318(4) 336 336(2) 338 340 61(2) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਨਾਮਜ਼ਦ ਮੁਲਜ਼ਮਾਂ ਦੀ ਤਲਾਸ਼ ਵਿੱਚ ਲਗਾਤਾਰ ਛਾਪਾਮਾਰੀ ਕੀਤੀ ਜਾ ਰਹੀ ਹੈ। ਉਮੀਦ ਹੈ ਕਿ ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।