...... ਅਸੀਂ ਲੜਾਂਗੇ ਸਾਥੀ ਉਦਾਸ ਮੌਸਮ ਲਈ

- ਕਾਮਰੇਡਾਂ ਨੇ ‘ਲਾਲ ਲਾਟ’ ’ਤੇ ਲਹਿਰਾਇਆ ਲਾਲ ਝੰਡਾ
ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਦੇਸ਼ ਦੇ ਬਟਵਾਰੇ ਤੋਂ ਪਹਿਲਾਂ ਕਿਸਾਨੀ ਸੰਘਰਸ਼ਾਂ ਦਾ ਸਿਰਨਾਵਾਂ ਰਹੇ ਤੇ ਉੱਘੇ ਕਮਿਊਨਿਸ਼ਟ ਆਗੂ ਕਾਮਰੇਡ ਅਜੀਤ ਸਿੰਘ ਮਾਣਕ ਪੁਰੀ ਦੀ 59ਵੀਂ ਬਰਸੀ ਮੌਕੇ ਜਿੱਥੇ ਨਾਟਕਾਂ ਦੀਆਂ ਪੇਸ਼ਕਾਰੀਆਂ ਨਾਲ ਸੰਵੇਦਨਸ਼ੀਲ ਸਰੋਤਿਆਂ ਦੀਆਂ ਪਲਕਾਂ ’ਚ ਅੱਥਰੂ ਤੈਰਦੇ ਰਹੇ, ਨਾਟਕਾਂ ਅੰਦਰਲੇ ਸੰਵਾਦ ਕਈਆਂ ਨੂੰ ਆਪਣੀ ਹੀ ਕਹਾਣੀ ਬਿਆਨਦੇ ਲੱਗੇ, ਆਕਾਸ਼ ਵੱਲ ਮੁੱਕੇ ਵੀ ਉੱਠਦੇ ਰਹੇ, ਉੱਥੇ ਕਮਿਊਨਿਸ਼ਟ ਆਗੂਆਂ ਦੀਆਂ ਤਕਰੀਰਾਂ ਚੇਤਨਾ ਦਾ ਛੱਟਾ ਦਿੰਦੀਆਂ ਰਹੀਆਂ। ਵੱਖ-ਵੱਖ ਵੰਨਗੀ ਦੀਆਂ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਤੇ ਖੋਟੀਆਂ ਨੀਤਾਂ ਦਾ ਪਰਦਾਫਾਸ਼ ਕਰਦੀਆਂ ਰਹੀਆਂ ਤੇ ਹੱਕਾਂ ਲਈ ਸੰਘਰਸ਼ਾਂ ਦੇ ਪਾਂਧੀ ਬਣਨ ਲਈ ਪ੍ਰੇਰਨਾ ਵੀ ਦਿੰਦੀਆਂ ਰਹੀਆਂ। ਸੀਪੀਆਈ (ਐੱਮ) ਦੀ ਸ਼ਾਹਕੋਟ ਤਹਿਸੀਲ ਕਮੇਟੀ ਦੀ ਅਗਵਾਈ ’ਚ ਪਿੰਡ ਮਾਣਕਪੁਰ ’ਚ ਕਰਵਾਏ ਬਰਸੀ ਸਮਾਗਮ ’ਚ ਸੀਪੀਆਈ ਦੇ ਕੁਝ ਆਗੂਆਂ ਦੀ ਸਰਗਰਮ ਸ਼ਮੂਲੀਅਤ ਦੋਵੇਂ ਪਾਰਟੀਆਂ ਦੀ ਇੱਕਜੁਟਤਾ ਦੀਆਂ ਸੰਭਾਵਨਾਵਾਂ ਨੂੰ ਹੋਰ ਪਕੇਰਾ ਕਰਦੀ ਨਜ਼ਰ ਆਈ। ਬਰਸੀ ਸਮਾਗਮ ਦੀ ਸਟੇਜੀ ਕਾਰਵਾਈ ਤੋਂ ਪਹਿਲਾਂ ਕਾਮਰੇਡ ਅਜੀਤ ਸਿੰਘ ਮਾਣਕਪੁਰੀ ਦੀ ਯਾਦ ’ਚ ਸਥਾਪਿਤ ਕੀਤੀ ਲਾਲ ਲਾਟ ’ਤੇ ਲਾਲ ਝੰਡਾ ਲਹਿਰਾਇਆ ਗਿਆ।
ਇਹ ਰਸਮ ਸੀਪੀਆਈ (ਐੱਮ) ਨਾਲ ਸਬੰਧਤ ਕਿਸਾਨ ਸਭਾ ਦੇ ਸੂਬਾ ਸਕੱਤਰ ਬਲਜੀਤ ਸਿੰਘ ਗਰੇਵਾਲ, ਸੀਨੀਅਰ ਕਮਿਊਨਿਸ਼ਟ ਆਗੂ ਬਚਿੱਤਰ ਸਿੰਘ ਤੱਗੜ, ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਵਰਿੰਦਰਪਾਲ ਸਿੰਘ ਕਾਲਾ, ਸੀਪੀਆਈ ਨਾਲ ਸਬੰਧਿਤ ਕੁੱਲ ਹਿੰਦ ਕਿਸਾਨ ਸਭਾ ਦੀ ਪੰਜਾਬ ਇਕਾਈ ਦੇ ਸੀਨੀਅਰ ਮੀਤ ਪ੍ਰਧਾਨ ਸੂਰਤ ਸਿੰਘ ਧਰਮਕੋਟ, ਕਾਮਰੇਡ ਕੇਵਲ ਸਿੰਘ ਦਾਨੇਵਾਲ, ਕਾਮਰੇਡ ਗੁਰਸੇਵਕ ਸੇਠ, ਕਾਮਰੇਡ ਜਸਕਰਨ ਸਿੰਘ ਕੰਗ ਤੇ ਗਿਆਨ ਸਿੰਘ (ਪੋਤਰਾ ਅਜੀਤ ਸਿੰਘ ਮਾਣਕਪੁਰੀ) ਆਦਿ ਨੇ ਨਿਭਾਈ। ਸਮਾਗਮ ਦੀ ਸ਼ੁਰੂਆਤ ਸ਼ਹੀਦ ਊਧਮ ਸਿੰਘ ਦੀ ਵਾਰ ਨਾਲ ਹੋਈ। ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੀ ਟੀਮ ਨੇ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਹੇਠ ਕੋਰੀਓਗ੍ਰਾਫੀ ‘ਘੋੜੀ ਸ਼ਹੀਦ-ਏ-ਆਜ਼ਮ ਭਗਤ ਸਿੰਘ’ ਦੀ ਪੇਸ਼ਕਾਰੀ ਨੇ ਸਮਾਗਮ ਨੂੰ ਅੱਗੇ ਤੋਰਿਆ। ਇਸ ਖੂਬਸੂਰਤ ਪੇਸ਼ਕਾਰੀ ਦੌਰਾਨ ਬਹੁਤ ਸਾਰੇ ਦਰਸ਼ਕਾਂ ਦੀਆਂ ਅੱਖਾਂ ਨਮ ਹੋਈਆਂ। ਇਸ ਦੌਰਾਨ ਕਾਮਰੇਡ ਵਰਿੰਦਰਪਾਲ ਸਿੰਘ ਕਾਲਾ ਨੇ ਕਾਮਰੇਡ ਅਜੀਤ ਸਿੰਘ ਮਾਣਕਪੁਰੀ ਦੇ ਜੀਵਨ ’ਤੇ ਪੰਛੀ ਝਾਤ ਪਵਾਈ। ਉਨ੍ਹਾਂ ਨੇ ਭਗਤ ਸਿੰਘ ਦੇ ਕਿਤਾਬ ਪੜ੍ਹਦਿਆਂ ਮੋੜੇ ਗਏ ਵਰਕੇ ਨੂੰ ਅੱਗੇ ਪੜ੍ਹਨ ਦੀ ਜ਼ਰੂਰਤ ਦੱਸਦਿਆਂ ਨੌਜਵਾਨਾਂ ਨੂੰ ਸੰਘਰਸ਼ ’ਚ ਕੁੱਦਣ ਦੀ ਪ੍ਰੇਰਨਾ ਦਿੱਤੀ।
ਇਸ ਮੌਕੇ ਕਾਮਰੇਡ ਸੂਰਤ ਸਿੰਘ ਧਰਮਕੋਟ ਨੇ ਸਾਡੇ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦੇ ਗੀਤ '......ਸਾਡੇ ਪਿੜਾਂ ’ਚ ਤੇਰੇ ਗਲ਼ ਚੀਥੜੇ ਨੀ ਮੇਰੀਏ ਜਵਾਨ ਕਣਕੇ, ਕੱਲ੍ਹ ਸ਼ਾਹਾਂ ਦੇ ਗੁਦਾਮਾਂ ਵਿੱਚੋਂ ਨਿਕਲੀ ਤੂੰ ਸੋਨੇ ਦਾ ਪਟੋਲਾ ਬਣ ਕੇ' ਦੇ ਹਵਾਲੇ ਨਾਲ ਕਿਸਾਨ-ਮਜ਼ਦੂਰ ਦੀ ਮਾੜੀ ਆਰਥਿਕਤਾ, ਕਾਰਪੋਰੇਟ ਘਰਾਣਿਆਂ ਦੀ ਲੁੱਟ ਤੇ ਸਰਕਾਰਾਂ ਦੇ ਅਵੇਸਲੇਪਣ ਦਾ ਤਰਕਸੰਗਤ ਵਰਨਣ ਕੀਤਾ। ਬਰਸੀ ਸਮਾਗਮ ਦੇ ਮੁੱਖ ਬੁਲਾਰੇ ਕਾਮਰੇਡ ਬਲਜੀਤ ਸਿੰਘ ਗਰੇਵਾਲ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਸਕੱਤਰ ਨੇ ਇਲਾਕੇ ਦੇ ਲੋਕਾਂ ਦੀ ਇਸ ਗੱਲ ਤੋਂ ਸ਼ਲਾਘਾ ਕੀਤੀ ਕਿ ਕਾਮਰੇਡ ਅਜੀਤ ਸਿੰਘ ਮਾਣਕਪੁਰੀ ਨੇ ਲੋਕ ਮੁਕਤੀ ਦਾ ਜਿਹੜਾ ਰਸਤਾ ਵਿਖਾਇਆ ਸੀ, ਉਸ ਨੂੰ ਛੱਡਿਆ ਨਹੀਂ। ਉਨ੍ਹਾਂ ਕਿਹਾ ਕਿ ਸਾਡੇ ਰਾਹ ਦਸੇਰੇ ਜਿਸ ਆਜ਼ਾਦੀ ਲਈ ਲਹੂ ਵਿਣਵੀ ਲੜਾਈ ਲੜੇ ਸਨ, ਉਹ ਅੱਜ ਵੀ ਅਧੂਰੀ ਹੈ। ਸਾਡੇ ਮੁਲਕ ਦੀਆਂ ਸਰਕਾਰਾਂ ਦੀ ਜ਼ਹਿਨੀਅਤ ਅੱਜ ਵੀ ਸਾਨੂੰ ਸੈਂਕੜੇ ਸਾਲ ਗੁਲਾਮ ਰੱਖਣ ਵਾਲਿਆਂ ਦੀ 'ਗੁਲਾਮ' ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਦੌਰ ਅੰਦਰ ਚੱਲ ਰਹੇ ਬਹੁਤੇ ਐਕਟ 1907 ਵਾਲੇ ਹਨ। ਕਾਮਰੇਡ ਗਰੇਵਾਲ ਨੇ ਦਿੱਲੀ ਦੀਆਂ ਬਰੂਹਾਂ 'ਤੇ ਕੀਤੇ ਕਿਸਾਨੀ ਅੰਦੋਲਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਨੂੰ ਤਿੰਨ ਕਾਲੇ ਕਾਨੂੰਨ ਤਾਂ ਵਾਪਸ ਕਰਨੇ ਪਏ ਪਰ ਉਹ ਆਪ ਕਿਸਾਨ ਵਿਰੋਧੀ ਮਾਨਸਿਕਤਾ ਤੋਂ ਖਹਿੜਾ ਨਹੀਂ ਛੁਡਾ ਸਕੀ। ਉਸ ਦਾ ਬਦਲਵੇਂ ਰੂਪਾਂ ’ਚ ਕਿਸਾਨੀ 'ਤੇ ਮਾਰੂ ਹੱਲਾ ਜਾ ਰਹੀ ਹੈ।
ਸਾਥੀ ਗਰੇਵਾਲ ਨੇ ਮੁਕਤ ਵਪਾਰ ਤੋਂ ਲੈ ਕੇ ਬੀਜ ਬਿੱਲ 2025 ਨਾਲ ਮੁਲਕ ਨੂੰ ਪੈਣ ਵਾਲੀਆਂ ਮਾਰਾਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ। ਸੀਪੀਆਈ (ਐੱਮ) ਦੇ ਸੀਨੀਅਰ ਆਗੂ ਕਾਮਰੇਡ ਬਚਿੱਤਰ ਸਿੰਘ ਤੱਗੜ ਨੇ ਸਟੇਜ ਦੀ ਕਾਰਵਾਈ ਚਲਾਉਣ ਦੇ ਨਾਲ-ਨਾਲ ਮੌਜੂਦਾ ਹਾਲਾਤਾਂ ’ਤੇ ਚਾਨਣਾ ਵੀ ਪਾਇਆ। ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਸਕੱਤਰ ਕਾਮਰੇਡ ਸੁਖਪ੍ਰੀਤ ਜੌਹਲ ਨੇ ਵੀ ਕਾਮਰੇਡ ਅਜੀਤ ਸਿੰਘ ਮਾਣਕਪੁਰੀ ਨੂੰ ਇਨਕਲਾਬੀ ਸ਼ਰਧਾਂਜਲੀ ਭੇਟ ਕਰਦਿਆਂ ਕਿਸਾਨੀ ਤੇ ਹੋਰ ਮਸਲਿਆਂ ’ਤੇ ਚਰਚਾ ਕੀਤੀ। ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵੱਲੋਂ ‘ਪਰਿੰਦੇ ਭਟਕ ਗਏ’ ਨਾਟਕ ਦਰਸ਼ਕਾਂ ਨੇ ਦੇਖਿਆ। ਨਾਟਕ ਦੇ ਆਖਰ ’ਚ ਜਦੋਂ ਨਸ਼ਿਆਂ ਦੇ ਸੌਦਾਗਰ ਨੂੰ ਮਾਰ ਦਿੱਤਾ ਜਾਂਦਾ ਹੈ। ਪਾਸ਼ ਦੀ ਕਵਿਤਾ, 'ਅਸੀਂ ਲੜਾਂਗੇ ਸਾਥੀ ਉਦਾਸ ਮੌਸਮ ਲਈ, ਅਸੀਂ ਲੜਾਂਗੇ ਸਾਥੀ ਗੁਲਾਮ ਸਧਰਾਂ ਲਈ.....' ਤਾਂ ਪੰਡਾਲ ’ਚ ਉਤਸਾਹੀ ਮਾਹੌਲ ਸਿਰਜਿਆ ਜਾਂਦਾ ਹੈ। ਦਰਸ਼ਕਾਂ ਦੇ ਮੁੱਕੇ ਤਣ ਜਾਂਦੇ ਹਨ। ਅਵਤਾਰ ਝੜੱਕ ਦੀ ਭੰਡਾਂ ਦੀ ਟੀਮ ਵੱਲੋਂ ਸਿਆਸੀ ਪਾਰਟੀਆਂ ਤੇ ਸਿਆਸੀ ਆਗੂਆਂ ’ਤੇ ਭਰਪੂਰ ਵਿਅੰਗ ਕੱਸੇ ਗਏ। ਆਖਿਰ ’ਚ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਹੇਠ ਖੇਡੇ ਗਏ ਨਾਟਕ ‘ਧਰਿਤ ਵੰਗਾਰੇ ਤਖਤ ਨੂੰ’ ਰਾਹੀਂ ਗ਼ਦਰੀ ਗੁਲਾਬ ਕੌਰ ਦੀ ਮਾਣਮੱਤੀ ਜ਼ਿੰਦਗੀ ਬਿਆਨ ਕੀਤੀ ਗਈ। ਸਮਾਗਮ ’ਚ ਹੋਰਨਾਂ ਤੋਂ ਇਲਾਵਾ ਕਾਮਰੇਡ ਕੇਵਲ ਸਿੰਘ ਦਾਨੇਵਾਲ, ਕਾਮਰੇਡ ਜਸਕਰਨ ਸਿੰਘ ਕੰਗ, ਸੁਰਿੰਦਰ ਸਿੰਘ, ਇੰਦਰਜੀਤ ਸਿੰਘ ਬੁਰਜ, ਅਮਰਜੀਤ ਸਿੰਘ ਸ਼ੇਰਪੁਰੀ, ਗਾਇਕ ਪ੍ਰੀਤ ਕੰਠ ਆਦਿ ਸ਼ਾਮਲ ਸਨ।