550 ਬੈੱਡਾਂ ਵਾਲਾ ਸਿਵਲ ਹਸਪਤਾਲ, ਅੱਧਾ ਦਰਜਨ ਵਾਰਡਾਂ ’ਤੇ ਤਾਲਾ

-ਆਰਥੋ ਵਾਰਡ, ਈਐੱਨਟੀ ਵਾਰਡ, ਟੀਬੀ ਵਾਰਡ, ਬਰਨ ਵਾਰਡ ਤੇ ਬਰਨ ਯੂਨਿਟ ’ਤੇ ਲੱਗ ਚੁੱਕੇ ਹਨ ਤਾਲੇ, ਫੀਮੇਲ ਮੈਡੀਕਲ ਵਾਰਡ ਵੀ ਖਾਲੀ
-ਭਰਤੀ ਦੇ ਬਾਵਜੂਦ ਨਰਸਾਂ ਦੀ ਕਮੀ ਦੂਰ ਨਹੀਂ ਹੋਈ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਅਧੀਨ ਸੂਬੇ ਦੇ ਸਭ ਤੋਂ ਵੱਡੇ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਦੀ ਕਰੀਬ 550 ਬੈੱਡਾਂ ਦੀ ਸਮਰੱਥਾ ਹੈ, ਪਰ ਅੱਧਾ ਦਰਜਨ ਵਾਰਡ ਬੰਦ ਪਏ ਹਨ। ਹਸਪਤਾਲ ਪ੍ਰਸ਼ਾਸਨ ਨਰਸਾਂ ਦੀ ਘਾਟ ਕਾਰਨ ਵਾਰਡਾਂ ’ਤੇ ਲੱਗੇ ਤਾਲੇ ਖੋਲ੍ਹਣ ਵਿਚ ਅਸਮਰੱਥ ਨਜ਼ਰ ਆ ਰਿਹਾ ਹੈ। ਸਿਹਤ ਵਿਭਾਗ ਵੱਲੋਂ ਨਰਸਾਂ ਦੀ ਭਰਤੀ ਦੇ ਬਾਵਜੂਦ ਘਾਟ ਪੂਰੀ ਨਹੀਂ ਹੋ ਸਕੀ ਤੇ ਫਿਲਹਾਲ ਵਾਰਡਾਂ ’ਤੇ ਲੱਗੇ ਤਾਲੇ ਖੁੱਲ੍ਹਣ ਮੁਸ਼ਕਲ ਲੱਗ ਰਹੇ ਹਨ। ਨਰਸਾਂ ਦੀ ਕਮੀ ਪੂਰੀ ਕਰਨ ਲਈ ਨਰਸਿੰਗ ਐਸੋਸੀਏਸ਼ਨ ਤੇ ਹਸਪਤਾਲ ਅਧਿਕਾਰੀਆਂ ਵੱਲੋਂ ਸਿਹਤ ਮੰਤਰੀ ਤੇ ਵਿਭਾਗ ਦੇ ਉੱਚ ਅਧਿਕਾਰੀਆਂ ਕੋਲ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ। ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ 550 ਬੈੱਡਾਂ ਦੀ ਸਮਰੱਥਾ ਵਾਲਾ ਹੈ, ਜਿੱਥੇ ਔਸਤਨ 300 ਦੇ ਕਰੀਬ ਮਰੀਜ਼ ਦਾਖ਼ਲ ਰਹਿੰਦੇ ਹਨ। ਹਸਪਤਾਲ ਵਿੱਚ ਲਗਾਤਾਰ ਬੈੱਡ ਸਮਰੱਥਾ ਵਧਾਈ ਗਈ ਪਰ ਨਰਸਾਂ ਦੀ ਗਿਣਤੀ ਵਿੱਚ ਵਾਧਾ ਨਹੀਂ ਕੀਤਾ ਗਿਆ। ਨਰਸਿੰਗ ਸਟਾਫ ਦੇ ਅਨੁਸਾਰ ਹਸਪਤਾਲ ਵਿੱਚ ਲਗਭਗ 200 ਨਰਸਾਂ ਦੀ ਲੋੜ ਹੈ, ਜਦਕਿ ਸਿਰਫ 58 ਹੀ ਸੇਵਾਵਾਂ ਦੇ ਰਹੀਆਂ ਸਨ। ਹਾਲ ਹੀ ਵਿਚ ਸਿਹਤ ਵਿਭਾਗ ਵੱਲੋਂ ਭਰਤੀ ਤੋਂ ਬਾਅਦ ਹਸਪਤਾਲ ਨੂੰ 18 ਨਰਸਾਂ ਮਿਲੀਆਂ, ਜਿਨ੍ਹਾਂ ਵਿੱਚੋਂ 5 ਨਰਸਾਂ ਜੁਆਇਨ ਕਰਨ ਤੋਂ ਪਹਿਲਾਂ ਹੀ ਆਪਣੀ ਮਨਪਸੰਦ ਜਗ੍ਹਾ ਤਬਾਦਲਾ ਕਰਵਾ ਕੇ ਚਲੀ ਗਈਆਂ। ਇਸ ਵੇਲੇ ਹਸਪਤਾਲ ਵਿਚ ਕੁੱਲ 71 ਨਰਸਾਂ ਤਾਇਨਾਤ ਹਨ, ਜੋ ਬੈੱਡ ਸਮਰੱਥਾ ਦੇ ਮੁਕਾਬਲੇ ਕਾਫ਼ੀ ਘੱਟ ਹਨ। ਨਰਸਾਂ ਤੇ ਦਰਜਾ ਚਾਰ ਕਰਮਚਾਰੀਆਂ ਦੀ ਘਾਟ ਕਾਰਨ ਆਰਥੋ ਵਾਰਡ, ਈਐੱਨਟੀ ਵਾਰਡ, ਟੀਬੀ ਵਾਰਡ, ਫੀਮੇਲ ਮੈਡੀਕਲ ਵਾਰਡ, ਬਰਨ ਵਾਰਡ ਅਤੇ ਬਰਨ ਯੂਨਿਟ ਕਰੋੜਾਂ ਰੁਪਏ ਖਰਚ ਕਰਕੇ ਅੱਪਡੇਟ ਹੋਣ ਦੇ ਬਾਵਜੂਦ ਬੰਦ ਪਏ ਹਨ। ਇਨ੍ਹਾਂ ਵਿਭਾਗਾਂ ਦੇ ਮਰੀਜ਼ਾਂ ਦਾ ਇਲਾਜ ਮੁੱਖ ਇਮਾਰਤ ਦੇ ਵਾਰਡਾਂ ਵਿਚ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਆਰਥੋ, ਈਐੱਨਟੀ ਅਤੇ ਆਈ ਆਪ੍ਰੇਸ਼ਨ ਥੀਏਟਰ ਵੀ ਪੁਰਾਣੀ ਇਮਾਰਤ ਵਿੱਚ ਹੋਣ ਕਾਰਨ ਬੰਦ ਪਏ ਹਨ। ਨਰਸਿੰਗ ਐਸੋਸੀਏਸ਼ਨ ਦੀ ਪ੍ਰਧਾਨ ਕਾਂਤਾ ਕੁਮਾਰੀ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਨਰਸਾਂ ਦੀ ਘਾਟ ਕਾਰਨ ਮਰੀਜ਼ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ। ਦੋ ਵਾਰਡਾਂ ਵਿੱਚ 50 ਤੋਂ 60 ਮਰੀਜ਼ਾਂ ਲਈ ਇਕ ਹੀ ਨਰਸ ਡਿਊਟੀ ਕਰ ਰਹੀ ਹੈ। ਇਸ ਤੋਂ ਇਲਾਵਾ ਟ੍ਰੇਨਿੰਗ ਲਈ ਆਉਣ ਵਾਲੀਆਂ ਨਰਸਿੰਗ ਵਿਦਿਆਰਥਣਾਂ ਦੀ ਦੇਖਭਾਲ ਵੀ ਉਨ੍ਹਾਂ ਨੂੰ ਹੀ ਕਰਨੀ ਪੈਂਦੀ ਹੈ। ਰਾਤ ਦੇ ਸਮੇਂ ਸੁਰੱਖਿਆ ਪ੍ਰਬੰਧ ਕਾਫ਼ੀ ਖਰਾਬ ਹੋ ਜਾਂਦੇ ਹਨ ਤੇ ਜ਼ਿਆਦਾਤਰ ਸਟਾਫ ਮਾਨਸਿਕ ਤਣਾਅ ’ਚ ਹੈ। ਉਨ੍ਹਾਂ ਨੇ ਦੱਸਿਆ ਕਿ ਹਾਲ ਹੀ ’ਚ 18 ਨਰਸਾਂ ਮਿਲੀਆਂ ਸਨ ਪਰ 5 ਤਬਾਦਲਾ ਕਰਵਾ ਕੇ ਚਲੀ ਗਈਆਂ। ਐਸੋਸੀਏਸ਼ਨ ਵੱਲੋਂ ਕਈ ਵਾਰ ਸਿਹਤ ਮੰਤਰੀ ਤੇ ਵਿਭਾਗ ਦੇ ਸਕੱਤਰ ਕੋਲ ਮੰਗ ਰੱਖੀ ਜਾ ਚੁੱਕੀ ਹੈ ਤੇ ਜਲਦ ਹੀ ਦੁਬਾਰਾ ਮੁਲਾਕਾਤ ਕਰਕੇ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਦੂਜੇ ਪਾਸੇ ਸਿਵਲ ਹਸਪਤਾਲ ਦੀ ਐੱਮਐੱਸ ਡਾ. ਨਮੀਤਾ ਘਈ ਨੇ ਕਿਹਾ ਕਿ ਭਰਤੀ ਤੋਂ ਬਾਅਦ ਮਿਲੀਆਂ 18 ਨਰਸਾਂ ਵਿੱਚੋਂ 13 ਨੇ ਡਿਊਟੀ ਜੁਆਇਨ ਕਰ ਲਈ ਹੈ। ਈਐੱਨਟੀ ਤੇ ਆਰਥੋ ਓਪਰੇਸ਼ਨ ਥੀਏਟਰ ਨੂੰ ਚਲਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਨਰਸਾਂ ਤੇ ਦਰਜਾ ਚਾਰ ਕਰਮਚਾਰੀਆਂ ਦੀ ਘਾਟ ਹਾਲੇ ਵੀ ਬਰਕਰਾਰ ਹੈ। ਵਿਭਾਗ ਵੱਲੋਂ ਨਰਸਾਂ ਦੀ ਭਰਤੀ ਦੀ ਪ੍ਰਕਿਰਿਆ ਮੁੜ ਸ਼ੁਰੂ ਕੀਤੀ ਗਈ ਹੈ ਅਤੇ ਉਮੀਦ ਹੈ ਕਿ ਜਲਦ ਹੀ ਇਹ ਘਾਟ ਪੂਰੀ ਹੋ ਜਾਵੇਗੀ।