- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
58 ਲੱਖ ਦੀ ਲਾਗਤ ਨਾਲ ਨੰਗਲ ਸ਼ਾਮਾ ਵਿਖੇ ਬਣੇਗਾ ਡਾਗ ਸ਼ੈਲਟਰ - ਡਿਪਟੀ ਕਮਿਸ਼ਨਰ

-58 ਲੱਖ ਦੀ ਲਾਗਤ ਨਾਲ ਨੰਗਲ ਸ਼ਾਮਾਂ ’ਚ ਬਣੇਗਾ ਡਾਗ ਸ਼ੈਲਟਰ
-ਬੇਸਹਾਰਾ ਪਸ਼ੂਆਂ ਸਬੰਧੀ ਹੈਲਪਲਾਈਨ-9646222555 ’ਤੇ ਭੇਜਿਆ ਜਾ ਸਕਦੈ ਸੁਨੇਹਾ
ਮਦਨ ਭਾਰਦਵਾਜ ਪੰਜਾਬੀ ਜਾਗਰਣ, ਜਲੰਧਰ
58 ਲੱਖ ਰੁਪਏ ਦੀ ਲਾਗਤ ਨਾਲ ਨੰਗਲਸ਼ਾਖਾ ਵਿਖੇ ਅਵਾਰਾ ਕੁੱਤਿਆਂ ਲਈ ਬਣੇਗਾ ਡਾਗ ਸ਼ੈਲਟਰ ਤੇ ਅਵਾਰਾ ਪਸ਼ੂਆਂ ਲਈ ਕਰਤਾਰਪੁਰ ਵਿਖੇ 3.5 ਕਰੋੜ ਦੀ ਲਾਗਤ ਨਾਲ ਨਵੀਂ ਗਊਸ਼ਾਲਾ ਬਣਾਈ ਗਈ ਹੈ। ਉਕਤ ਜਾਣਕਾਰੀ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸੁਸਾਇਟੀ ਫਾਰ ਪ੍ਰੀਵੈਂਸ਼ਨ ਆਫ ਕਰੂਐਲਿਟੀ ਟੂ ਐਨੀਮਲਜ਼, ਜ਼ਿਲਾ ਪਸ਼ੂ ਭਲਾਈ ਸੁਸਾਇਟੀ ਤੇ ਐਨੀਮਲ ਬਰਥ ਕੰਟਰੋਲ ਰੂਲਜ਼ 2023 ਸਬੰਧੀ ਸਮੀਖਿਆ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਨੰਗਲਸ਼ਾਮਾ ਵਿਖੇ ਬਣਨ ਵਾਲੇ ਡਾਗ ਸ਼ੈਲਟਰ ਦਾ ਕੰਮ 31 ਮਾਰਚ 2026 ਤੋਂ ਪਹਿਲਾਂ ਸ਼ੁਰੂ ਹੋ ਜਾਏਗਾ। ਉਨ੍ਹਾਂ ਦੱਸਿਆ ਕਿ ਡਾਗ ਸ਼ੈਲਟਰ ਬਨਣ ਨਾਲ ਕੁੱਤਿਆਂ ਦੇ ਵੱਢਣ ਦੀਆਂ ਘਟਨਾਵਾਂ ਨੂੰ ਘਟਾਉਣ ਅਤੇ ਆਵਾਰਾ ਕੁੱਤਿਆਂ ਲਈ ਢੁੱਕਵੀਂ ਡਾਕਟਰੀ ਦੇਖ਼ਭਾਲ ਤੇ ਇਲਾਜ ਨੂੰ ਯਕੀਨੀ ਬਣਾਉਣ ਵਿੱਚ ਮਦਦ ਮਿਲੇਗੀ। ਡਿਪਟੀ ਕਮਿਸਨਰ ਨੇ ਐਨੀਮਲ ਬਰਥ ਕੰਟਰੋਲ ਪ੍ਰੋਗਰਾਮ ਤਹਿਤ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦੇ ਅਪ੍ਰੇਸ਼ਨ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਵਾਰਡ ਨੰ.10 ਅਤੇ 11 ਵਿੱਚ ਕੁੱਤਿਆਂ ਦੀ ਸਟਰਲਾਈਜ਼ੇਸ਼ਨ ਸਫ਼ਲਤਾਪੂਰਵਕ ਮੁਕੰਮਲ ਕਰ ਲਈ ਗਈ ਹੈ। ਜਦਕਿ ਵਾਰਡ ਨੰ. 8 ਅਤੇ 9 ਵਿੱਚ ਡਾਗ ਸਟਰਲਾਈਜ਼ੇਸ਼ਨ ਦਾ ਕੰਮ 80 ਫੀਸਦੀ ਪੂਰਾ ਕਰ ਲਿਆ ਗਿਆ ਹੈ। ਇਸ ਪ੍ਰੋਗਰਾਮ ਤਹਿਤ ਇਸ ਸਾਲ ਜਨਵਰੀ ਮਹੀਨੇ ਦੌਰਾਨ ਕਰੀਬ 543 ਕੁੱਤਿਆਂ ਦੀ ਸਟਰਲਾਈਜ਼ੇਸ਼ਨ ਕੀਤੀ ਗਈ ਹੈ। ਸ਼ਹਿਰ ਦੀਆਂ ਸੜਕਾਂ ਤੋਂ ਬੇਸਹਾਰਾ ਪਸ਼ੂਆਂ ਨੂੰ ਗਊਸ਼ਲਾਵਾਂ ਵਿੱਚ ਤਬਦੀਲ ਕੀਤੇ ਜਾਣ ਦੇ ਯਤਨਾਂ ਦਾ ਦੀ ਚਰਚਾ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਇਸ ਸਾਲ ਜਨਵਰੀ ਮਹੀਨੇ ਦੌਰਾਨ 64 ਬੇਸਹਾਰਾ ਪਸ਼ੂ ਸ਼ਹਿਰ ਦੀਆਂ ਸੜਕਾਂ ਤੋਂ ਗਊਸ਼ਲਾਵਾਂ ਵਿੱਚ ਭੇਜੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਕਰਤਾਰਪੁਰ ਵਿਖੇ 3.5 ਕਰੋੜ ਰੁਪਏ ਦੀ ਲਾਗਤ ਨਾਲ 300 ਪਸ਼ੂਆਂ ਦੀ ਸਮਰੱਥਾ ਵਾਲੀ ਗਊਸ਼ਾਲਾ ਦਾ ਨਿਰਮਾਣ ਕੀਤਾ ਗਿਆ ਹੈ, ਜਿਸ ’ਚ 80 ਤੋਂ ਵੱਧ ਬੇਸਹਾਰਾ ਪਸ਼ੂ ਭੇਜੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਗਊਸ਼ਾਲਾ ਸਦਕਾ ਸ਼ਹਿਰ ਵਿੱਚੋਂ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਨੂੰ ਕਾਫੀ ਹੱਦ ਤੱਕ ਹੱਲ ਕਰਨ ਵਿੱਚ ਸਹਾਇਤਾ ਮਿਲੇਗੀ। ਇਸ ਦੌਰਾਨ ਨਗਰ ਨਿਗਮ ਜਲੰਧਰ ਦੇ ਅਧਿਕਾਰੀਆਂ ਨੇ ਜਾਣੂ ਕਰਵਾਇਆ ਕਿ ਨਗਰ ਨਿਗਮ ਵੱਲੋਂ ਇਕ ਹੋਰ ਕੈਟਲ ਕੈਚਰ ਵਾਹਨ ਦੀ ਖ਼ਰੀਦ ਕੀਤੀ ਗਈ, ਜਿਸ ਨਾਲ ਬੇਸਹਾਰਾ ਪਸ਼ੂਆਂ ਨੂੰ ਗਊਸ਼ਾਲਾਵਾਂ ਵਿੱਚ ਤਬਦੀਲ ਕਰਨ ਦੇ ਯਤਨਾਂ ਨੂੰ ਹੋਰ ਮਜ਼ਬੂਤੀ ਮਿਲੇਗੀ। ਡਿਪਟੀ ਕਮਿਸ਼ਨਰ ਨੇ ਐੱਸਡੀਐੱਮਜ਼ ਨੂੰ ਆਪੋ-ਆਪਣੇ ਅਧਿਕਾਰ ਖੇਤਰਾਂ ਵਿੱਚ ਹਾਈਵੇ ਪੈਟਰੋਲ ਕਮੇਟੀਆਂ ਦਾ ਗਠਨ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਹ ਕਮੇਟੀਆਂ ਅਜਿਹੀਆਂ ਥਾਵਾਂ, ਜਿਥੇ ਬੇਸਹਾਰਾ ਪਸ਼ੂਆਂ ਕਾਰਨ ਹਾਦਸੇ ਵਾਪਰਦੇ ਹਨ, ਬਾਰੇ ਵਿਸਥਾਰ ਨਾਲ ਰਿਪੋਰਟ ਦੇਣਗੀਆਂ ਤਾਂ ਜੋ ਲੋੜੀਂਦੇ ਕਦਮ ਚੁੱਕੇ ਜਾ ਸਕਣ। ਉਨ੍ਹਾਂ ਕਿਹਾ ਕਿ ਇਨ੍ਹਾਂ ਕਦਮਾਂ ਦਾ ਮਕਸਦ ਲੋਕਾਂ ਤੇ ਬੇਸਹਾਰਾ ਪਸ਼ੂਆਂ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ।
---------------------
ਬੇਸਹਾਰਾ ਪਸ਼ੂਆਂ ਸਬੰਧੀ ਹੈਲਪ ਲਾਈਨ ’ਤੇ ਦਿੱਤੀ ਜਾਵੇ ਸੂਚਨਾ
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਵ੍ਹਟਸਐਪ ਐਕਸ਼ਨ ਹੈਲਪਲਾਈਨ 9646222555 ’ਤੇ ਬੇਸਹਾਰਾ ਪਸ਼ੂਆਂ ਸਬੰਧੀ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦਾ ਤੁਰੰਤ ਹੱਲ ਕੀਤਾ ਜਾ ਰਿਹਾ ਹੈ। ਉਨ੍ਹਾਂ ਜਨਤਾ ਨੂੰ ਬੇਸਹਾਰਾ ਪਸ਼ੂਆਂ ਸਬੰਧੀ ਸੂਚਨਾ ਦੇਣ ਅਤੇ ਇਸ ਸਬੰਧੀ ਸਹਾਇਤਾ ਲਈ ਹੈਲਪਲਾਈਨ ਨੰਬਰ ’ਤੇ ਵ੍ਹਟਸਐਪ ਮੈਸੇਜ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਬੇਸਹਾਰਾ ਪਸ਼ੂਆਂ ਨੂੰ ਸੜਕਾਂ ’ਤੇ ਛੱਡਣ ਦੀ ਬਜਾਏ ਪ੍ਰਸ਼ਾਸਨ ਵੱਲੋਂ ਚਲਾਈਆਂ ਜਾ ਰਹੀਆਂ ਗਊਸ਼ਲਾਵਾਂ ਵਿੱਚ ਭੇਜਿਆ ਜਾਵੇ। ਇਸ ਮੀਟਿੰਗ ’ਚ ਸਹਾਇਕ ਕਮਿਸ਼ਨਰ (ਯੂਟੀ) ਮੁਕਿਲਨ ਆਰ, ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਡਾ. ਮਨਦੀਪ ਕੌਰ ਅਤੇ ਸਹਾਇਕ ਹੈਲਥ ਅਫਸਰ ਡਾ: ਸੁਮਿਤਾ ਅਬਰੋਲ ਸਮੇਤ ਹੋਰ ਵੀ ਕਈ ਅਧਿਕਾਰੀ ਮੌਜੂਦ ਸਨ।