ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ ’ਤੇ 5 ਇਮਾਰਤਾਂ ਸੀਲ
5 ਡਿਫਾਲਟਰਾਂ ਦੇ ਕਮਰਸ਼ੀਅਲ ਅਦਾਰਿਆਂ ਦੀ ਨਿਗਮ ਨੇ ਕੀਤੀ ਸੀਲਿੰਗ
Publish Date: Thu, 12 Mar 2026 07:33 PM (IST)
Updated Date: Thu, 12 Mar 2026 07:36 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ
ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਬਰਾਂਚ ਨੇ ਡਿਫਾਲਟਰਾਂ ਵਿਰੁੱਧ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ, ਜਿਸ ਤਹਿਤ ਵੀਰਵਾਰ ਨੂੰ 5 ਕਾਰੋਬਾਰੀ ਡਿਫਾਲਟਰਾਂ ਦੀਆਂ ਪ੍ਰਾਪਰਟੀਆਂ ਸੀਲ ਕੀਤੀਆਂ ਗਈਆਂ। ਜਾਣਕਾਰੀ ਦਿੰਦੇ ਹੋਏ ਟੈਕਸ ਸੁਪਰਡੈਂਟ ਮਹੀਪ ਸਰੀਨ ਨੇ ਦੱਸਿਆ ਕਿ ਉਨ੍ਹਾਂ ਨੇ ਸੁਪਰਡੈਂਟਾਂ ਭੁਪਿੰਦਰ ਬੜਿੰਗ ਤੇ ਰਾਜੀਵ ਰਿਸ਼ੀ ਦੇ ਸਹਿਯੋਗ ਨਾਲ ਨਕੋਦਰ ਰੋਡ, ਬੂਟਾਂ ਮੰਡੀ ਇਲਾਕੇ ’ਚ 5 ਕਾਰੋਬਾਰੀ ਪ੍ਰਾਪਰਟੀਆਂ ਸੀਲ ਕਰ ਦਿੱਤੀਆਂ। ਟੈਕਸ ਸੁਪਰਡੈਂਟ ਨੇ ਦੱਸਿਆ ਕਿ ਡਿਫਾਲਟਰਾਂ ਨੂੰ ਟੈਕਸ ਜਮ੍ਹਾਂ ਕਰਵਾਉਣ ਲਈ ਬਕਾਇਦਾ ਨੋਟਿਸ ਜਾਰੀ ਕੀਤੇ ਜਾ ਰਹੇ ਹਨ ਤੇ ਜਿਹੜੀਆਂ 5 ਪ੍ਰਾਪਰਟੀਆਂ ਸੀਲ ਕੀਤੀਆਂ ਗਈਆਂ ਹਨ, ਉਨ੍ਹਾਂ ਦੇ ਮਾਲਕਾਂ ਨੂੰ ਵੀ ਨੋਟਿਸ ਜਾਰੀ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ 31 ਮਾਰਚ ਤਕ ਜਿਹੜੇ ਡਿਫਾਲਟਰ ਟੈਕਸ ਜਮ੍ਹਾਂ ਕਰਵਾ ਦੇਣਗੇ ਉਨ੍ਹਾਂ ਨੂੰ 20 ਫੀਸਦੀ ਵਿਆਜ ’ਤੇ 10 ਫੀਸਦੀ ਜੁਰਮਾਨਾ ਨਹੀਂ ਲੱਗੇਗਾ। ਪਹਿਲੀ ਅਪ੍ਰੈਲ ਤੋਂ ਡਿਫਾਲਟਰਾਂ ਨੂੰ 20 ਫੀਸਦੀ ਵਿਆਜ ’ਤੇ 10 ਫੀਸਦੀ ਜੁਰਮਾਨਾ ਲੱਗੇਗਾ।
ਪ੍ਰਾਪਰਟੀ ਟੈਂਕ ਬ੍ਰਾਂਚ ਵਸੂਲ ਚੁੱਕੀ ਹੈ 48 ਕਰੋੜ
ਇਸ ਦੌਰਾਨ ਟੈਕਸ ਸੁਪਰਡੈਂਟ ਨੇ ਦੱਸਿਆ ਕਿ ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਬਰਾਂਚ ਦਾ ਬਜਟ ਟੀਚਾ 75 ਕਰੋੜ ਰੁਪਏ ਹੈ ਤੇ ਹੁਣ ਤੱਕ 48 ਕਰੋੜ ਰੁਪਏ ਦੀ ਟੈਕਸ ਵਸੂਲੀ ਹੋ ਚੁੱਕੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਆਜ ਤੇ ਜੁਰਮਾਨੇ ਤੋਂ ਬਚਣ ਲਈ 31 ਮਾਰਚ ਤੱਕ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ।