ਟੀਐੱਸਯੂ ਦਾ 43ਵਾਂ ਸੂਬਾਈ ਡੈਲੀਗੇਟ ਇਜਲਾਸ ਸ਼ੁਰੂ
ਟੈਕਨੀਕਲ ਸਰਵਿਸ ਯੂਨੀਅਨ ਦਾ 43ਵਾ ਸੁਬਾਈ ਡੈਲੀਗੇਟ ਅਜਲਾਸ ਸ਼ੁਰੂ
Publish Date: Sat, 17 Jan 2026 07:50 PM (IST)
Updated Date: Sat, 17 Jan 2026 07:51 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਟੀਐੱਸਯੂ ਦੇ 43ਵੇਂ ਸੁਬਾਈ ਡੈਲੀਗੇਟ ਇਜਲਾਸ ਦਾ ਦੇਸ਼ ਭਗਤ ਯਾਦਗਾਰ ਹਾਲ ਵਿਖੇ ਜਥੇਬੰਦੀ ਦੇ ਸੂਬਾ ਪ੍ਰਧਾਨ ਰਤਨ ਸਿੰਘ ਮਜਾਰੀ ਵੱਲੋਂ ਜਥੇਬੰਦੀ ਦਾ ਝੰਡਾ ਲਹਿਰਾਉਣ ਨਾਲ ਆਰੰਭ ਹੋਇਆ। ਸ਼ਹੀਦੀ ਮਿਨਾਰ ’ਤੇ ਫੁੱਲ ਭੇਟ ਕਰਨ ਉਪਰੰਤ ਪਹਿਲਾ ਖੁੱਲ੍ਹਾ ਇਜਲਾਸ, ਜਿਸ ’ਚ ਸਵਾਗਤੀ ਕਮੇਟੀ ਦੇ ਚੇਅਰਮੈਨ ਨਿਰਮਲ ਸਿੰਘ ਵੱਲੋਂ ਟੀਐੱਸਯੂ ਦੇ ਸਾਬਕਾ ਤੇ ਮੌਜੂਦਾ ਸੂਬਾਈ ਆਗੂਆਂ, ਭਰਾਤਰੀ ਜਥੇਬੰਦੀਆਂ ਦੇ ਆਗੂਆਂ ਤੇ ਡੈਲੀਗੇਟਾਂ ਨੂੰ ‘ਜੀ ਆਇਆ’ ਆਖਿਆ ਗਿਆ। ਇਸ ’ਚ ਜਥੇਬੰਦੀ ਦੇ ਸਾਬਕਾ ਸੂਬਾਈ ਆਗੂਆਂ ਰਣਜੀਤ ਸਿੰਘ, ਪ੍ਰਤਾਪ ਸਿੰਘ ਮੋਮੀ, ਪਾਲ ਸਿੰਘ ਮੋਗਾ, ਦੇਵ ਰਾਜ, ਜੈਲ ਸਿੰਘ, ਕ੍ਰਿਸ਼ਨ ਦੇਵ, ਰਘਵਿੰਦਰ ਸਿੰਘ, ਜਮੀਰ ਸਿੰਘ, ਹਰਜੀਤ ਸਿੰਘ, ਸੁਖਮੰਦਰ ਸਿੰਘ, ਬਲਵੰਤ ਮਖੂ ਤੇ ਮਨਸਟੀਰੀਅਲ ਸਰਵਿਸ ਯੂਨੀਅਨ ਦੇ ਸਾਬਕਾ ਸੂਬਾ ਪ੍ਰਧਾਨ ਹਰਭਜਨ ਸਿੰਘ, ਮੌਜੂਦਾ ਪ੍ਰਧਾਨ ਹਰਪਾਲ ਸਿੰਘ, ਜਨਰਲ ਸਕੱਤਰ ਅਵਤਾਰ ਸਿੰਘ ਤੇ ਪੀਐੱਸਈਬੀ ਇੰਪਲਾਈਜ਼ ਜੁਆਇੰਟ ਫੋਰਮ ਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਆਗੂਆਂ ਗੁਰਪ੍ਰੀਤ ਸਿੰਘ ਗੰਡੀ ਪਿੰਡ, ਬਲਦੇਵ ਸਿੰਘ ਮੰਢਾਲੀ, ਜਰਨੈਲ ਸਿੰਘ, ਹਰਬੇਲ ਸਿੰਘ ਸਹਾਇਪੁਰ, ਰਣਜੀਤ ਸਿੰਘ ਢਿੱਲੋ, ਜਸਵੀਰ ਸਿੰਘ ਦਾ ਸਨਮਾਨ ਕੀਤਾ ਗਿਆ। ਪਿਛਲੀਆਂ ਗਰਮੀਆਂ ਦੀ ਰਿਪੋਰਟ ਜਨਰਲ ਸਕੱਤਰ ਕੁਲਵਿੰਦਰ ਸਿੰਘ ਨੇ ਪੇਸ਼ ਕੀਤੀ, ਵਿੱਤ ਭਲਾਈ ਫੰਡ ਦੀ ਰਿਪੋਰਟ ’ਚ ਸਕੱਤਰ ਲਖਵਿੰਦਰ ਸਿੰਘ ਨੇ ਪੇਸ਼ ਕੀਤੀ। ਕੁੱਲ 650 ਡੈਲੀਗੇਟ ਸ਼ਾਮਲ ਹੋਏ। ਬਿਜਲੀ ਖੇਤਰ ਉੱਪਰ ਹੋ ਰਹੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਹਮਲਿਆਂ ’ਤੇ ਬੁਲਾਰਿਆਂ ਨੇ ਗੱਲ ਕੀਤੀ, ਨਿੱਜੀਕਰਨ ਬੰਦ ਕਰਵਾਉਣ, ਪੁਰਾਣੀ ਪੈਨਸ਼ਨ ਬਹਾਲ ਕਰਵਾਉਣ, ਬਿਜਲੀ ਸੋਧ ਬਿੱਲ 2025 ਵਾਪਸ ਕਰਵਾਉਣ, 29 ਲੇਬਰ ਕੋਡ ਬਹਾਲ ਕਰਵਾਉਣ, ਪੰਜਾਬ ਚ ਨਸ਼ੇ ਖਤਮ ਕਰਨ ਲਈ, ਆਉਣ ਵਾਲੇ ਸਮੇਂ ’ਚ ਸੰਘਰਸ਼ ਕਰਨ ਦਾ ਫੈਸਲਾ ਕੀਤਾ ਗਿਆ। ਇਨ੍ਹਾਂ ਮੰਗਾਂ ਸਮੇਤ ਹੋਰ ਮੰਗਾਂ ਨੂੰ ਮਨਾਉਣ ਲਈ 12 ਫਰਵਰੀ 2026 ਨੂੰ ਹੋ ਰਹੀ ਹੜਤਾਲ ’ਚ ਸ਼ਮੂਲੀਅਤ ਕਰਨ ਦਾ ਫੈਸਲਾ ਵੀ ਕੀਤਾ ਗਿਆ।