- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ,

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ-
ਸੰਤ ਅਵਤਾਰ ਸਿੰਘ ਜੀ ਦੀ 38ਵੀਂ ਸਲਾਨਾ ਬਰਸੀ ਨੂੰ ਸਮਰਪਿਤ ਕਰਵਾਏ ਗਏ ਵਿਸ਼ਾਲ ਖੇਡ ਮੇਲੇ ਦੌਰਾਨ ਹਾਕੀ ਦੇ ਦੋ ਦਿਨਾ ਰੋਮਾਂਚਕ ਮੁਕਾਬਲੇ ਸਫਲਤਾਪੂਰਵਕ ਸੰਪੰਨ ਹੋਏ। ਦੇਰ ਸ਼ਾਮ ਤੱਕ ਚੱਲੇ ਰੋਮਾਂਚਕ ਮੁਕਾਬਲਿਆਂ ਵਿਚ ਜੂਨੀਅਰ ਵਰਗ ਦਾ ਖ਼ਿਤਾਬ ਨਿੱਕੇ ਘੁੰਮਣ ਗੁਰਦਾਸਪੁਰ ਦੀ ਟੀਮ ਨੇ ਆਪਣੇ ਨਾਮ ਕੀਤਾ, ਜਦਕਿ ਮੋਗਾ ਦੀ ਟੀਮ ਉਪ-ਜੇਤੂ ਰਹੀ। ਸੀਨੀਅਰ ਵਰਗ ਵਿਚ ਸਰੀਂਹ ਜਲੰਧਰ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਬੁੱਟਰਾਂ ਦੀ ਟੀਮ ਦੂਜੇ ਸਥਾਨ 'ਤੇ ਰਹੀ। ਸੀਨੀਅਰ ਵਰਗ ਦੇ ਰੋਮਨਚਕ ਤੇ ਫਸਵੇਂ ਮੁਕਬਾਲੇ ਵਿਚ ਸਰੀਂਹ ਦੀ ਟੀਮ ਨੇ ਬੁੱਟਰ ਕਲਾਂ ਨੂੰ 1-0 ਨਾਲ ਹਰਾਇਆ।
ਅੰਡਰ-11 ਵਰਗ ਦੇ ਸ਼ੋਅ ਮੈਚ ਵਿਚ ਸੀਚੇਵਾਲ ਦੀ ਟੀਮ ਜੇਤੂ ਤੇ ਕਪੂਰਥਲਾ ਦੀ ਟੀਮ ਉਪ-ਜੇਤੂ ਰਹੀ। ਪਹਿਲੇ ਦਿਨ ਜੇਤੂ ਰਹੀਆਂ ਟੀਮਾਂ ਦੇ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ ਦੂਜੇ ਦਿਨ ਕਰਵਾਏ ਗਏ। ਜੂਨੀਅਰ ਵਰਗ ਦੇ ਮੈਚ ਐਸਟ੍ਰੋਟਰਫ ਮੈਦਾਨ 'ਤੇ ਜਦਕਿ ਸੀਨੀਅਰ ਵਰਗ ਦੇ ਮੁਕਾਬਲੇ ਕੱਚੇ ਮੈਦਾਨ ਵਿਚ ਖੇਡੇ ਗਏ। ਪੰਜਾਬ ਦੇ ਵੱਖ-ਵੱਖ ਜ਼ਿਿਲ੍ਹਆਂ ਤੋਂ ਇਲਾਵਾ ਹਰਿਆਣਾ ਦੀਆਂ ਟੀਮਾਂ ਨੇ ਵੀ ਉਤਸ਼ਾਹ ਨਾਲ ਹਿੱਸਾ ਲਿਆ। ਖੇਡ ਮੇਲੇ ਵਿਚ ਜੂਨੀਅਰ ਵਰਗ ਦੀਆਂ 16 ਅਤੇ ਸੀਨੀਅਰ ਵਰਗ ਦੀਆਂ 16 ਟੀਮਾਂ ਨੇ ਭਾਗ ਲੈ ਕੇ ਆਪਣੀ ਖੇਡ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਇਨਾਮ ਵੰਡ ਸਮਾਰੋਹ ਦੌਰਾਨ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਖੇਡਾਂ ਸਿਰਫ਼ ਸਰੀਰਕ ਤੰਦਰੁਸਤੀ ਹੀ ਨਹੀਂ ਸਗੋਂ ਆਪਸੀ ਸਾਂਝ, ਟੀਮ ਭਾਵਨਾ ਅਤੇ ਅਨੁਸ਼ਾਸਨ ਦੀ ਵੀ ਸਿੱਖਿਆ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਖਿਡਾਰੀਆਂ ਵਿੱਚ ਮਿਲਵਰਤਣ ਅਤੇ ਟੀਮ ਵਰਕ ਦੀ ਭਾਵਨਾ ਹੀ ਅਸਲ ਜਿੱਤ ਦਾ ਆਧਾਰ ਬਣਦੀ ਹੈ।
ਸੰਤ ਸੀਚੇਵਾਲ ਨੇ ਉਪ-ਵਿਜੇਤਾ ਅਤੇ ਹੋਰ ਭਾਗ ਲੈਣ ਵਾਲੀਆਂ ਟੀਮਾਂ ਦੇ ਖਿਡਾਰੀਆਂ ਦਾ ਵੀ ਹੌਸਲਾ ਵਧਾਉਂਦਿਆਂ ਕਿਹਾ ਕਿ ਉਨ੍ਹਾਂ ਦਾ ਪ੍ਰਦਰਸ਼ਨ ਵੀ ਸ਼ਲਾਘਾਯੋਗ ਰਿਹਾ ਹੈ ਅਤੇ ਭਵਿੱਖ ਵਿਚ ਹੋਰ ਮਿਹਨਤ ਅਤੇ ਲਗਨ ਨਾਲ ਉਹ ਨਵੀਆਂ ਉਚਾਈਆਂ ਨੂੰ ਛੂਹ ਸਕਦੇ ਹਨ। ਖੇਡ ਮੇਲੇ ਦੌਰਾਨ ਹਾਕੀ ਦੇ ਤਿੰਨ ਕੌਮਾਂਤਰੀ ਖਿਡਾਰੀਆਂ ਵਰੁਣ ਕੁਮਾਰ ਮਿੱਠਾਪੁਰ, ਤਲਵਿੰਦਰ ਸਿੰਘ ਅਤੇ ਗੁਰਜੋਤ ਸਿੰਘ ਦਾ ਵੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਸੰਤ ਸੁਖਜੀਤ ਸਿੰਘ, ਸੁਰਜੀਤ ਸਿੰਘ ਸ਼ੰਟੀ, ਕੁਲਵਿੰਦਰ ਸਿੰਘ, ਜੋਗਾ ਸਿੰਘ ,ਸਮੇਤ ਅਨੇਕਾਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ। ਮੁਕਾਬਲਿਆਂ ਨੂੰ ਸੁਚਾਰੂ ਢੰਗ ਨਾਲ ਸੰਪੰਨ ਕਰਵਾਉਣ ਵਾਲੇ ਰੈਫਰੀਆਂ ਅਤੇ ਪ੍ਰਬੰਧਕੀ ਟੀਮ ਦੇ ਮੈਂਬਰਾਂ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।
ਖੇਡ ਮੇਲੇ ’ਚ ਐਨਆਰਆਈ ਦਾ ਰਹਿੰਦਾ ਹੈ ਵੱਡਾ ਯੋਗਦਾਨ
ਖੇਡ ਮੇਲੇ ਦੌਰਾਨ ਐਨਆਰਆਈ ਵੀਰਾਂ ਵੱਲੋਂ ਹਾਕੀ ਕੋਚ ਦਵਿੰਦਰ ਸਿੰਘ ਨੂੰ 71 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਨਾਲ ਵਿਸ਼ੇਸ਼ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਅੰਡਰ-11 ਵਰਗ ਦੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਲਈ ਜੇਤੂ ਖਿਡਾਰੀਆਂ ਨੂੰ ਹਾਕੀਆਂ ਭੇਟ ਕਰਕੇ ਸਨਮਾਨਿਆ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ ਖੇਡ ਮੇਲਿਆਂ ਦੀ ਸਫਲਤਾ ਵਿੱਚ ਐਨਆਰਆਈ ਭਾਈਚਾਰੇ ਦਾ ਹਮੇਸ਼ਾ ਵੱਡਾ ਅਤੇ ਸ਼ਲਾਘਾਯੋਗ ਯੋਗਦਾਨ ਰਹਿੰਦਾ ਹੈ।