ਸ਼ਹਿਰ ’ਚ ਰੋਜ਼ਾਨਾ ਸਾਹਮਣੇ ਆ ਰਹੇ ਨੇ ਡੌਗ ਬਾਈਟ ਦੇ 38 ਮਾਮਲੇ
ਸ਼ਹਿਰ ’ਚ ਡਾਗ ਬਾਈਟ ਦੇ ਰੋਜ਼ਾਨਾ 38 ਮਾਮਲੇ, ਪੀੜਤਾਂ ਨੂੰ ਆਮ ਆਦਮੀ ਕਲੀਨਿਕ ’ਚ ਵੀ ਲੱਗ ਰਹੇ ਇੰਜੈਕਸ਼ਨ
Publish Date: Wed, 25 Feb 2026 10:22 PM (IST)
Updated Date: Wed, 25 Feb 2026 10:25 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ’ਚ ਕੁੱਤਿਆਂ ਦੀ ਦਹਿਸ਼ਤ ਘਟਣ ਦਾ ਨਾਂ ਨਹੀਂ ਲੈ ਰਹੀ। ਹਸਪਤਾਲ ’ਚ ਕੁੱਤਾ ਕੱਟਣ ਤੋਂ ਬਾਅਦ ਐਂਟੀ ਰੇਬੀਜ਼ ਟੀਕਾਕਰਨ ਕਰਵਾਉਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਕੁੱਤੇ ਦਾ ਸ਼ਿਕਾਰ ਹੋਣ ਵਾਲੇ ਮਰੀਜ਼ਾਂ ’ਚ ਬੱਚਿਆਂ ਦੀ ਗਿਣਤੀ ਵੀ ਵਧ ਰਹੀ ਹੈ। ਸਿਵਲ ਹਸਪਤਾਲ ’ਚ ਰੋਜ਼ਾਨਾ ਔਸਤਨ 38 ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਹ ਉਹ ਪੀੜਤ ਹਨ ਜੋ ਸਿਵਲ ਹਸਪਤਾਲ ਪੁੱਜੇ ਹਨ, ਜਦਕਿ ਕਈ ਲੋਕ ਪ੍ਰਾਈਵੇਟ ਹਸਪਤਾਲਾਂ ’ਚ ਵੀ ਇਲਾਜ ਕਰਵਾ ਰਹੇ ਹਨ। ਇਸ ਦਾ ਵੱਡਾ ਕਾਰਨ ਨਗਰ ਨਿਗਮ ਦਾ ਡਾਗ ਸਟਰਲਾਈਜ਼ੇਸ਼ਨ ਪ੍ਰੋਜੈਕਟ ਕਾਮਯਾਬ ਨਾ ਹੋਣਾ ਹੈ। ਇਹ ਪ੍ਰੋਜੈਕਟ 8 ਸਾਲਾਂ ਤੋਂ ਚੱਲ ਰਿਹਾ ਹੈ ਪਰ ਨਤੀਜੇ ਨਿਰਾਸ਼ਾਜਨਕ ਹਨ। 2018 ਤੇ 2019 ’ਚ ਹੀ ਕੰਮ ਠੀਕ ਤਰ੍ਹਾਂ ਹੋਇਆ, ਉਸ ਤੋਂ ਬਾਅਦ ਪ੍ਰੋਜੈਕਟ ਪਟੜੀ ਤੋਂ ਲੱਥ ਗਿਆ। 8 ਸਾਲਾਂ ’ਚ ਸਿਰਫ 40 ਹਜ਼ਾਰ ਕੁੱਤਿਆਂ ਦੀ ਹੀ ਆਪ੍ਰੇਸ਼ਨ ਹੋ ਸਕੇ, ਜਦਕਿ ਇਹ ਅੰਕੜਾ 80 ਹਜ਼ਾਰ ਹੋਣਾ ਚਾਹੀਦਾ ਸੀ। ਜਦੋਂ ਇਹ ਪ੍ਰੋਜੈਕਟ ਸ਼ੁਰੂ ਹੋਇਆ ਸੀ ਤਾਂ ਸ਼ਹਿਰ ’ਚ ਕਰੀਬ 60 ਹਜ਼ਾਰ ਕੁੱਤੇ ਮੰਨੇ ਜਾਂਦੇ ਸਨ ਪਰ ਹੁਣ ਇਹ ਅੰਦਾਜ਼ਾ ਇਕ ਤੋਂ ਸਵਾ ਲੱਖ ਦੇ ਕਰੀਬ ਹੈ। ਪ੍ਰੋਜੈਕਟ ਦੇ ਮੱਠੀ ਰਫ਼ਤਾਰ ਨਾਲ ਚੱਲਣ ਕਾਰਨ ਕੁੱਤਿਆਂ ਦੀ ਗਿਣਤੀ ਵਧ ਗਈ ਹੈ। ਇਹ ਕੁੱਤੇ ਸਟ੍ਰੀਟ ਫੂਡ ਮਾਰਕੀਟਾਂ ਤੇ ਉਨ੍ਹਾਂ ਰੈਸਟੋਰੈਂਟਾਂ ਦੇ ਆਲੇ ਦੁਆਲੇ ਵੱਧ ਮਿਲਦੇ ਹਨ ਜਿੱਥੇ ਮੀਟ ਬਣਦਾ ਹੈ। ਕਾਲੋਨੀਆਂ ’ਚ ਵੀ ਬਾਹਰੀ ਲੋਕਾਂ ਦੇ ਆਉਣ ’ਤੇ ਇਹ ਹਮਲਾਵਰ ਹੋ ਜਾਂਦੇ ਹਨ। ਪੰਜਾਬ ’ਚ ਕੁੱਤਾ ਕੱਟਣ ਨਾਲ ਜੁੜੇ ਰੇਬੀਜ਼ ਦਾ ਖਤਰਾ ਕਾਫ਼ੀ ਗੰਭੀਰ ਹੈ, ਕਿਉਂਕਿ ਇਹ ਲਾਗ ਕੁੱਤਿਆਂ ਤੋਂ ਫੈਲਦੀ ਹੈ ਤੇ ਸਮੇਂ ’ਤੇ ਇਲਾਜ ਨਾ ਮਿਲਣ ’ਤੇ ਮੌਤ ਤੱਕ ਹੋ ਸਕਦੀ ਹੈ। -------------------------- ਕੁੱਤਿਆਂ ਨੂੰ ਨਾ ਮਾਰੋ, ਦੋਸਤੀ ਕਰੋ : ਡਾ. ਬੇਦੀ ਪਸ਼ੂ ਪਾਲਨ ਵਿਭਾਗ ਦੇ ਰਿਟਾਇਰਡ ਡਾਇਰੈਕਟਰ ਡਾ. ਜੀਐੱਸ ਬੇਦੀ ਨੇ ਕਿਹਾ ਕਿ ਜਦੋਂ ਲੋਕ ਕੁੱਤਿਆਂ ਨੂੰ ਡੰਡੇ ਨਾਲ ਡਰਾਉਂਦੇ ਹਨ ਤਾਂ ਉਹ ਆਪਣੀ ਰੱਖਿਆ ਲਈ ਹਮਲਾ ਕਰਦੇ ਹਨ। ਸੈਰ ਕਰਦੇ ਸਮੇਂ ਡੰਡਾ ਲੈ ਜਾਣ ਦੀ ਬਜਾਏ ਹੱਥ ’ਚ ਬਿਸਕੁਟ ਰੱਖੋ ਤਾਂ ਕੁੱਤੇ ਨਾਲ ਦੋਸਤੀ ਬਣ ਸਕਦੀ ਹੈ ਤੇ ਉਹ ਕੱਟਣ ਦੀ ਬਜਾਏ ਦੋਸਤਾਨਾ ਵਰਤਾਅ ਕਰੇਗਾ। -------------------------- ਐਂਟੀ ਰੇਬੀਜ਼ ਟੀਕਾਕਰਨ ਮੁਫ਼ਤ : ਸਿਵਲ ਸਰਜਨ ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਦੱਸਿਆ ਕਿ ਸਿਵਲ ਹਸਪਤਾਲ ’ਚ ਐਂਟੀ ਰੇਬੀਜ਼ ਦਾ ਟੀਕਾਕਰਨ ਮੁਫ਼ਤ ਕੀਤਾ ਜਾ ਰਿਹਾ ਹੈ। ਪਹਿਲਾਂ ਇਹ ਸੁਵਿਧਾ ਸਿਰਫ਼ ਵੱਡੇ ਸਰਕਾਰੀ ਹਸਪਤਾਲਾਂ ’ਚ ਸੀ, ਪਰ ਹੁਣ ਜ਼ਿਲ੍ਹੇ ਦੇ ਸਾਰੇ ਆਮ ਆਦਮੀ ਕਲੀਨਿਕਾਂ (ਆਰੋਗਿਆ ਕੇਂਦਰਾਂ) ’ਚ ਵੀ ਉਪਲਬਧ ਹੈ। ਮਰੀਜ਼ ਆਪਣੇ ਘਰ ਦੇ ਨੇੜੇ ਹੀ ਇਸ ਦਾ ਲਾਭ ਲੈ ਸਕਦੇ ਹਨ। ---------------------------- ਫੈਕਟਸ 2024 ’ਚ ਕੁੱਤਾ ਕੱਟਣ ਦੇ 23,004 ਮਾਮਲੇ ਦਰਜ ਹੋਏ, ਜੋ 2023 ਦੇ 18,001 ਮਾਮਲਿਆਂ ਨਾਲੋਂ ਲਗਭਗ 27 ਫੀਸਦੀ ਵੱਧ ਹਨ। 2025 ’ਚ ਪੰਜਾਬ ’ਚ ਲਗਭਗ 3.34 ਲੱਖ ਡਾਗ ਬਾਈਟ ਕੇਸ ਦਰਜ ਹੋਏ, ਅਰਥਾਤ ਔਸਤਨ ਕਰੀਬ 915 ਹਰ ਰੋਜ਼। ਸੂਬਾ ਪੱਧਰ ’ਤੇ ਸਿਰਫ਼ ਲਗਪਗ 67 ਫੀਸਦੀ ਮਰੀਜ਼ਾਂ ਨੇ ਹੀ ਗੰਭੀਰ (ਗ੍ਰੇਡ-2/3) ਕੱਟਣ ਤੋਂ ਬਾਅਦ ਪੂਰਾ ਰੇਬੀਜ਼ ਟੀਕਾਕਰਨ ਕਰਵਾਇਆ। ਸਰਕਾਰੀ ਅੰਕੜਿਆਂ ਮੁਤਾਬਕ ਲਗਪਗ 80 ਫੀਸਦੀ ਮਾਮਲੇ ਆਵਾਰਾ ਕੁੱਤਿਆਂ ਦੇ ਹਨ। ----------------------------- ਸਾਲ 2025 ਦੇ ਅੰਕੜੇ ਮਾਰਚ – 1060 ਅਪ੍ਰੈਲ – 878 ਮਈ – 930 ਜੂਨ – 825 ਜੁਲਾਈ – 887 ਅਗਸਤ – 810 ਸਤੰਬਰ – 703 ਅਕਤੂਬਰ – 758 ਨਵੰਬਰ – 692 ਦਸੰਬਰ – 989 ਸਾਲ 2026 ਜਨਵਰੀ – 940 ਫ਼ਰਵਰੀ – 1051 ------------------------ ਕੁੱਤਾ ਕੱਟੇ ਤਾਂ ਲਾਪਰਵਾਹੀ ਨਾ ਵਰਤੋਂ ਰਿਟਾਇਰਡ ਮਾਈਕ੍ਰੋਬਾਇਓਲਾਜਿਸਟ ਡਾ. ਦਵਿੰਦਰ ਬਿਮਰਾ ਮੁਤਾਬਕ ਕੁੱਤਾ ਕੱਟਣ ਜਾਂ ਨੋਚਣ ’ਤੇ ਲਾਪਰਵਾਹੀ ਨਾ ਕਰੋ। ਤੁਰੰਤ ਡਾਕਟਰ ਦੀ ਸਲਾਹ ਨਾਲ ਐਂਟੀ ਰੇਬੀਜ਼ ਟੀਕਾਕਰਨ ਕਰਵਾਓ। ਪਹਿਲੇ ਦਿਨ ਡੋਜ਼ ਲੱਗਣ ਤੋਂ ਬਾਅਦ ਤੀਜੇ, ਸੱਤਵੇਂ ਤੇ 21ਵੇਂ ਦਿਨ ਟੀਕਾ ਲੱਗਦਾ ਹੈ। -------------------- ਸਾਵਧਾਨੀਆਂ : ਜ਼ਖ਼ਮ ਨੂੰ 10–15 ਮਿੰਟ ਤੱਕ ਸਾਫ਼ ਪਾਣੀ ਤੇ ਸਾਬਣ ਨਾਲ ਧੋਵੋ। ਐਂਟੀਸੈਪਟਿਕ ਲਾਓ। ਮਿਰਚ, ਹਲਦੀ, ਚੂਨਾ, ਤੇਲ ਆਦਿ ਨਾ ਲਗਾਓ। ਖੂਨ ਵੱਧ ਆ ਰਿਹਾ ਹੋਵੇ ਤਾਂ ਸਾਫ਼ ਕੱਪੜੇ ਨਾਲ ਹਲਕਾ ਜਿਹਾ ਦਬਾਅ ਦਿਓ। ਪੱਟੀ ਬਹੁਤ ਕੱਸ ਕੇ ਨਾ ਬੰਨ੍ਹੋ। ਲੋੜ ਹੋਵੇ ਤਾਂ ਰੇਬੀਜ਼ ਇਮਿਊਨੋਗਲੋਬਿਊਲਿਨ ਲਗਵਾਓ। ਟੈੱਟਨਸ ਦਾ ਟੀਕਾ ਲਗਵਾਓ। ਜੇ ਪਾਲਤੂ ਕੁੱਤਾ ਹੋਵੇ ਤਾਂ 10 ਦਿਨ ਨਿਗਰਾਨੀ ਕਰੋ। ਜ਼ਖ਼ਮ ਡੂੰਘਾ ਹੋਵੇ ਤਾਂ ਤੁਰੰਤ ਹਸਪਤਾਲ ਜਾਓ।