ਨਾਜਾਇਜ਼ ਸ਼ਰਾਬ ਸਣੇ ਤਿੰਨ ਤਸਕਰ ਗ੍ਰਿਫ਼ਤਾਰ
ਵੱਖ-ਵੱਖ ਥਾਵਾਂ ਤੋਂ 3 ਸ਼ਰਾਬ ਤਸਕਰ ਗ੍ਰਿਫਤਾਰ
Publish Date: Thu, 08 Jan 2026 06:39 PM (IST)
Updated Date: Fri, 09 Jan 2026 04:09 AM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ ਜਲੰਧਰ : ਥਾਣਾ ਅੱਠ ਤੇ ਚਾਰ ਦੀ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਤਿੰਨ ਸ਼ਰਾਬ ਤਸਕਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਥਾਣਾ ਅੱਠ ਦੇ ਇੰਚਾਰਜ ਇੰਸਪੈਕਟਰ ਸਾਹਿਲ ਚੌਧਰੀ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਗਦਈਪੁਰ ਦੀ ਨਹਿਰ ਪੁਲੀ ਲਾਗਿਓਂ ਉਸ ਵੇਲੇ ਦੋ ਸ਼ਰਾਬ ਤਸਕਰਾਂ ਨੂੰ ਕਾਬੂ ਕਰ ਲਿਆ ਜਦ ਉਹ ਕਿਸੇ ਨੂੰ ਨਾਜਾਇਜ਼ ਸ਼ਰਾਬ ਦੀ ਸਪਲਾਈ ਦੇਣ ਲਈ ਉਡੀਕ ਕਰ ਰਹੇ ਸਨ। ਪੁਲਿਸ ਨੇ ਫੜੇ ਗਏ ਨਸ਼ਾ ਤਸਕਰਾਂ, ਜਿਨ੍ਹਾਂ ਦੀ ਪਛਾਣ ਨਗਿੰਦਰ ਸਿੰਘ ਵਾਸੀ ਬਿਹਾਰ ਤੇ ਛੋਟੇ ਲਾਲ ਵਾਸੀ ਬਿਹਾਰ ਹਾਲ ਵਾਸੀ ਸਵਰਨ ਪਾਰਕ ਵਜੋਂ ਹੋਈ ਹੈ, ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 24 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਇਸੇ ਤਰ੍ਹਾਂ ਥਾਣਾ ਚਾਰ ਦੀ ਐੱਸਐੱਚਓ ਇੰਸਪੈਕਟਰ ਅਨੂੰ ਪਲਿਆਲ ਦੀ ਅਗਵਾਈ ਹੇਠ ਸਬ ਇੰਸਪੈਕਟਰ ਸੁਖਵੰਤ ਸਿੰਘ ਪੁਲਿਸ ਪਾਰਟੀ ਸਮੇਤ ਲਾਲ ਰਤਨ ਸਿਨੇਮਾ ਲਾਗੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਸੜਕ ’ਤੇ ਇਕ ਵਜ਼ਨੀ ਬੋਰੀ ਰੱਖ ਕੇ ਖੜ੍ਹਾ ਨੌਜਵਾਨ ਦਿਖਾਈ ਦਿੱਤਾ। ਸ਼ੱਕ ਪੈਣ ’ਤੇ ਪੁਲਿਸ ਪਾਰਟੀ ਨੇ ਉਸ ਨੂੰ ਰੋਕ ਕੇ ਜਦ ਉਸ ਦਾ ਨਾਂ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਮਹਿੰਦਰ ਪਾਲ ਸਿੰਘ ਵਾਸੀ ਮਖਦੂਮਪੁਰਾ ਦੱਸਿਆ। ਜਦ ਪੁਲਿਸ ਪਾਰਟੀ ਨੇ ਉਸ ਦੇ ਅੱਗੇ ਪਈ ਬੋਰੀ ਦੀ ਤਲਾਸ਼ੀ ਲਈ ਤਾਂ ਉਸ ’ਚੋਂ 18 ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਈਆਂ। ਜਿਸ ’ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਫੜੇ ਗਏ ਮੁਲਜ਼ਮਾਂ ਖ਼ਿਲਾਫ਼ ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕਰ ਕੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।