ਜ਼ਿਲ੍ਹੇ ਦੇ 2.72 ਲੱਖ ਪਰਿਵਾਰਾਂ ਨੂੰ ਅਪ੍ਰੈਲ ਤੋਂ ਮਿਲ ਸਕਦੀ ਹੈ ਫੂਡ ਕਿਟ
ਜ਼ਿਲ੍ਹੇ ਦੇ 2.72 ਲੱਖ ਪਰਿਵਾਰਾਂ ਨੂੰ ਸੰਭਾਵਿਤ ਅਪ੍ਰੈਲ ਤੋਂ ਮਿਲੇਗੀ ਫੂਡ ਕਿਟ
Publish Date: Sat, 28 Feb 2026 10:17 PM (IST)
Updated Date: Sat, 28 Feb 2026 10:19 PM (IST)

-ਰਾਸ਼ਨ ਦੀਆਂ ਦੁਕਾਨਾਂ ’ਤੇ ਹੁਣੋਂ ਹੀ ਜਾਣਕਾਰੀ ਇਕੱਠੀ ਕਰ ਰਹੇ ਨੇ ਖਪਤਕਾਰ -‘ਮੇਰੀ ਰਸੋਈ’ ਯੋਜਨਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਹੋ ਰਹੀਆਂ ਮੀਟਿੰਗਾਂ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹੇ ਦੇ ਕਰੀਬ 2.72 ਲੱਖ ਪਰਿਵਾਰਾਂ ਨੂੰ ਅਪ੍ਰੈਲ ਮਹੀਨੇ ਤੋਂ ਕਣਕ ਦੇ ਨਾਲ ਫੂਡ ਕਿਟ ਮਿਲਣੀ ਸ਼ੁਰੂ ਹੋ ਜਾਵੇਗੀ। ਇਸ ਨੂੰ ਲੈ ਕੇ ਵਿਭਾਗ ਵੱਲੋਂ ਮੀਟਿੰਗਾਂ ਦਾ ਦੌਰ ਜਾਰੀ ਹੈ। ਨਵੀਂ ਵਿਵਸਥਾ ’ਚ ਲਾਭਪਾਤਰੀਆਂ ਨੂੰ ਕਣਕ ਦੇ ਨਾਲ ਦਾਲ, ਖੰਡ, ਲੂਣ, ਹਲਦੀ ਪਾਊਡਰ ਤੇ ਸਰ੍ਹੋਂ ਦਾ ਤੇਲ ਦਿੱਤਾ ਜਾਵੇਗਾ। ਇਸ ਲਈ ਨਜ਼ਦੀਕੀ ਰਾਸ਼ਨ ਡਿਪੂ ਤੱਕ ਫੂਡ ਕਿਟ ਪਹੁੰਚਾਉਣ ਤੇ ਡਿਜੀਟਲ ਪ੍ਰਣਾਲੀ ਰਾਹੀਂ ਇਸਨੂੰ ਜਾਰੀ ਕਰਨ ਸਬੰਧੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਦਰਅਸਲ, ਆਮ ਆਦਮੀ ਪਾਰਟੀ ਨੇ ਇਸ ਹਫ਼ਤੇ ਸੂਬੇ ਦੇ 40 ਲੱਖ ਪਰਿਵਾਰਾਂ ਨੂੰ ਕਣਕ ਦੇ ਨਾਲ ਹੋਰ ਰਾਸ਼ਨ ਦੇਣ ਦਾ ਐਲਾਨ ਕੀਤਾ ਸੀ। ਆਟਾ-ਦਾਲ ਸਕੀਮ ਹੇਠ ਬਣੇ ਨੀਲੇ ਕਾਰਡਾਂ ’ਤੇ ਮਿਲਦੀ ਕਣਕ ਤੋਂ ਇਲਾਵਾ ਦੋ ਕਿੱਲੋ ਮਾਂਹ-ਛੋਲਿਆਂ ਦੀ ਦਾਲ, ਦੋ ਕਿੱਲੋ ਖੰਡ, ਇਕ ਕਿੱਲੋ ਲੂਣ, 200 ਗ੍ਰਾਮ ਹਲਦੀ ਪਾਊਡਰ ਤੇ ਇਕ ਲੀਟਰ ਸਰ੍ਹੋਂ ਦਾ ਤੇਲ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਨਾਲ ਹੀ ਖੁਰਾਕ ਤੇ ਸਪਲਾਈ ਵਿਭਾਗ ਨੂੰ ਨਵੀਂ ਵਿਵਸਥਾ ਅਨੁਸਾਰ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਲਈ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ---------------- ਰਾਸ਼ਨ ਦੀਆਂ ਦੁਕਾਨਾਂ ਤੋਂ ਜਾਣਕਾਰੀ ਲੈ ਰਹੇ ਲਾਭਪਾਤਰੀ ਭਾਵੇਂ ਸਰਕਾਰ ਨੇ ਫੂਡ ਕਿਟ ਦੇਣ ਦਾ ਐਲਾਨ ਕਰ ਦਿੱਤਾ ਹੈ ਪਰ ਹਾਲੇ ਤੱਕ ਇਸ ਸਬੰਧੀ ਹੁਕਮ ਜਾਰੀ ਨਹੀਂ ਹੋਏ। ਐਲਾਨ ਤੋਂ ਬਾਅਦ ਲਾਭਪਾਤਰੀ ਰੋਜ਼ਾਨਾ ਰਾਸ਼ਨ ਡਿਪੂਆਂ ’ਤੇ ਫੂਡ ਕਿਟ ਬਾਰੇ ਜਾਣਕਾਰੀ ਲੈਣ ਪੁੱਜ ਰਹੇ ਹਨ। ਇਸ ਬਾਰੇ ਰਾਸ਼ਨ ਡਿਪੂ ਹੋਲਡਰ ਯੂਨੀਅਨ ਦੇ ਅਨੂਪ ਸਰੀਨ ਨੇ ਕਿਹਾ ਕਿ ਹਾਲੇ ਤੱਕ ਕੋਈ ਸਰਕਾਰੀ ਹੁਕਮ ਨਹੀਂ ਮਿਲੇ। ਦੂਜੇ ਪਾਸੇ ਜਨਵਰੀ ਤੋਂ ਮਾਰਚ ਤੱਕ ਜਾਰੀ ਹੋਣ ਵਾਲਾ ਕਣਕ ਦਾ ਕੋਟਾ ਵੀ ਹਾਲੇ ਰਿਲੀਜ਼ ਨਹੀਂ ਕੀਤਾ ਗਿਆ। -------------------------- ਡਿਜੀਟਲ ਪ੍ਰਣਾਲੀ ਹੇਠ ਹੀ ਜਾਰੀ ਹੋਵੇਗੀ ਫੂਡ ਕਿਟ ਖੁਰਾਕ ਤੇ ਸਪਲਾਈ ਵਿਭਾਗ ਵੱਲੋਂ ‘ਮੇਰੀ ਰਸੋਈ’ ਸਕੀਮ ਤਹਿਤ ਕਣਕ ਦੀ ਵੰਡ ਪਹਿਲਾਂ ਹੀ ਡਿਜੀਟਲ ਤਰੀਕੇ ਨਾਲ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਫੂਡ ਕਿਟ ਵੀ ਡਿਜੀਟਲ ਪ੍ਰਣਾਲੀ ਰਾਹੀਂ ਜਾਰੀ ਕੀਤੀ ਜਾਵੇਗੀ। ਆਨਲਾਈਨ ਪੋਰਟਲ ’ਤੇ ਪ੍ਰਤੀ ਕਾਰਡ ’ਤੇ ਦਰਜ ਮੈਂਬਰਾਂ ਮੁਤਾਬਕ ਕਣਕ ਜਾਰੀ ਹੁੰਦਾ ਹੈ, ਜਦਕਿ ਫੂਡ ਕਿਟ ਪ੍ਰਤੀ ਕਾਰਡ ਦੇ ਹਿਸਾਬ ਨਾਲ ਦਰਜ ਕੀਤੀ ਜਾਵੇਗੀ, ਜਿਸ ਨਾਲ ਵੰਡ ’ਚ ਪਾਰਦਰਸ਼ਤਾ ਰਹੇਗੀ। --------------------- ਕਣਕ ਦੀ ਤਰ੍ਹਾਂ ਸੜਕ ’ਤੇ ਹੀ ਹੋਵੇਗੀ ਫੂਡ ਕਿਟਾਂ ਦੀ ਵੰਡ ਆਟਾ-ਦਾਲ ਸਕੀਮ ਤਹਿਤ ਰਾਸ਼ਨ ਡਿਪੂ ਨੇੜੇ ਖੁੱਲ੍ਹੇ ਮੈਦਾਨ ਜਾਂ ਚੌਕ ’ਚ ਵਿਭਾਗ ਦੇ ਟਰੱਕ ਰਾਹੀਂ ਸਿੱਧੀ ਵੰਡ ਹੁੰਦੀ ਹੈ। ਇਸੇ ਤਰ੍ਹਾਂ ਫੂਡ ਕਿਟਾਂ ਵੀ ਜਾਰੀ ਕੀਤੀਆਂ ਜਾਣਗੀਆਂ। ਇਕ ਗੱਡੀ ’ਚ ਕਣਕ ਤੇ ਦੂਜੀ ’ਚ ਫੂਡ ਕਿਟਾਂ ਭੇਜੀਆਂ ਜਾਣਗੀਆਂ। ਕਣਕ ਦਾ ਕੋਟਾ ਪਹਿਲਾਂ ਵਾਂਗ ਹੀ ਜਾਰੀ ਰਹੇਗਾ। ------------------- ਤਿੰਨ ਮਹੀਨੇ ਦਾ ਇਕੱਠਾ ਦਿੱਤਾ ਜਾਵੇਗਾ ਕੋਟਾ ਵਿਭਾਗੀ ਪ੍ਰਣਾਲੀ ਮੁਤਾਬਕ ਕਣਕ ਦਾ ਕੋਟਾ ਤਿੰਨ ਮਹੀਨੇ ਦਾ ਇਕੱਠੇ ਜਾਰੀ ਹੁੰਦਾ ਹੈ। ਇਸੇ ਨਾਲ ਫੂਡ ਕਿਟ ਨੂੰ ਜੋੜਿਆ ਗਿਆ ਹੈ। ਕਣਕ ਦੇ ਨਾਲ ਫੂਡ ਕਿਟ ਵੀ ਤਿੰਨ ਮਹੀਨੇ ’ਚ ਇਕ ਵਾਰ ਜਾਰੀ ਕੀਤੀ ਜਾਵੇਗੀ। ਜਨਵਰੀ–ਮਾਰਚ, ਅਪ੍ਰੈਲ–ਜੂਨ, ਜੁਲਾਈ–ਸਤੰਬਰ ਤੇ ਅਕਤੂਬਰ–ਦਸੰਬਰ ਦੇ ਦਰਮਿਆਨ ਕਿਸੇ ਵੀ ਸਮੇਂ ਸਪਲਾਈ ਦਿੱਤੀ ਜਾਵੇਗੀ।