- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਲਕੇ ਦੇ ਤਿੰਨ ਸ਼ਹਿਰਾਂ ਦੀਆਂ ਸਾਰੀਆਂ ਸੜਕਾਂ ਬਣਾਉਣ ’ਤੇ 26.87 ਕਰੋੜ ਖਰਚੇ ਜਾਣਗੇ-ਮਾਨ

* ਕਿਹਾ, ਨਕੋਦਰ, ਨੂਰਮਹਿਲ ਤੇ ਬਿਲਗਾ ਦੀ ਬਦਲੇਗੀ ਸੂਰਤ
ਧੀਰਜ ਮਰਵਾਹਾ, ਪੰਜਾਬੀ ਜਾਗਰਣ
ਨਕੋਦਰ : ਹਲਕਾ ਨਕੋਦਰ ਅਧੀਨ ਆਉਂਦੇ ਤਿੰਨ ਸ਼ਹਿਰਾਂ ਨਕੋਦਰ, ਨੂਰਮਹਿਲ ਤੇ ਬਿਲਗਾ ’ਚ ਸੜਕਾਂ ਦੇ ਨਵੀਨੀਕਰਨ ਤੇ ਚੌੜਾ ਕਰਨ ਲਈ ਕੁੱਲ 26.87 ਕਰੋੜ ਰੁਪਏ ਖਰਚੇ ਜਾ ਰਹੇ ਹਨ। ਨਕੋਦਰ ਸ਼ਹਿਰ ਦੀਆਂ ਸੜਕਾਂ ’ਤੇ 14.80 ਕਰੋੜ, ਨੂਰਮਹਿਲ ਦੀਆਂ ਸੜਕਾਂ ’ਤੇ 6.02 ਕਰੋੜ ਤੇ ਬਿਲਗਾ ਦੀਆਂ ਸੜਕਾਂ ’ਤੇ 6.05 ਕਰੋੜ ਰੁਪਏ ਦੀ ਲਾਗਤ ਆਵੇਗੀ। ਇਹ ਜਾਣਕਾਰੀ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਨੇ ਪ੍ਰੈਸ ਨਾਲ ਗੱਲਬਾਤ ਦੌਰਾਨ ਦਿੱਤੀ। ਬੀਬੀ ਮਾਨ ਨੇ ਕਿਹਾ ਕਿ ਸੜਕਾਂ ਸਿਰਫ਼ ਬਣਾਈਆਂ ਹੀ ਨਹੀਂ ਜਾ ਰਹੀਆਂ, ਸਗੋਂ ਟ੍ਰੈਫਿਕ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨੂੰ ਚੌੜਾ ਵੀ ਕੀਤਾ ਜਾ ਰਿਹਾ ਹੈ। ਜਿੱਥੇ ਟ੍ਰੈਫਿਕ ਵਿੱਚ ਰੁਕਾਵਟ ਬਣ ਰਹੇ ਖੰਭੇ ਹਨ, ਉਨ੍ਹਾਂ ਨੂੰ ਵੀ ਹਟਾਇਆ ਜਾਵੇਗਾ। ਵਿਧਾਇਕ ਨੇ ਦੱਸਿਆ ਕਿ ਸਰਕਾਰ ਵੱਲੋਂ ਠੇਕੇਦਾਰਾਂ ਤੋਂ ਐਫੀਡੈਵਿਟ ਲਏ ਗਏ ਹਨ ਕਿ ਸਾਰਾ ਕੰਮ 31 ਮਾਰਚ ਤੱਕ ਮੁਕੰਮਲ ਕੀਤਾ ਜਾਵੇਗਾ। ਇਸ ਸਮੇਂ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਇਸ ਨਾਲ ਸ਼ਹਿਰ ਵਾਸੀਆਂ ਦੇ ਲੰਮੇ ਸਮੇਂ ਤੋਂ ਲਟਕਦੇ ਸੁਪਨੇ ਸਾਕਾਰ ਹੋਣਗੇ। ਬੀਬੀ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਇਨ੍ਹਾਂ ਸੜਕਾਂ ਦੇ ਬਣਨ ਨਾਲ ਸੰਪਰਕ ਪਿੰਡਾਂ ਨੂੰ ਵੀ ਬਿਹਤਰ ਆਵਾਜਾਈ ਸੁਵਿਧਾ ਮਿਲੇਗੀ ਅਤੇ ਸਰਕਾਰ ਵੱਲੋਂ ਹਰ ਸੜਕ ਨੂੰ ਮਿਆਰੀ ਢੰਗ ਨਾਲ ਤਿਆਰ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਨਗਰ ਕੌਂਸਲ ਨਕੋਦਰ ਅਧੀਨ ਬਣਨ ਵਾਲੀਆਂ ਮੁੱਖ ਸੜਕਾਂ
ਨੈਸ਼ਨਲ ਕਾਲਜ (ਮੁੰਡਿਆ) ਤੋਂ ਸ਼ੰਕਰ ਬਾਈਪਾਸ (ਨੇੜੇ ਨਹਿਰ) ਤੱਕ, ਕਪੂਰਥਲਾ ਬਾਈਪਾਸ ਤੋਂ ਨਗੀਨਾ ਫੋਰਟ ਤੱਕ, ਕਮਲ ਹਸਪਤਾਲ (ਜਲੰਧਰ ਬਾਈਪਾਸ) ਤੋਂ ਕਰਤਾਰ ਕਲੱਬ ਰਾਹੀਂ ਨੂਰਮਹਿਲ ਬਾਈਪਾਸ ਤੱਕ, ਨੂਰਮਹਿਲ ਬਾਈਪਾਸ ਤੋਂ ਰੇਲਵੇ ਫਾਟਕ (ਮਹਿਤਪੁਰ ਰੋਡ) ਤੱਕ, ਕਮਲ ਹਸਪਤਾਲ ਤੋਂ ਅਲੋਵਾਲ ਪਿੰਡ ਦੀ ਹੱਦ ਤੱਕ, ਕਰਤਾਰ ਕਲੱਬ ਤੋਂ ਸੇਵਕ ਸਕੂਲ ਤੱਕ, ਲੱਕੜ ਮੰਡੀ ਤੋਂ ਮਹਿਤਪੁਰ ਬਾਈਪਾਸ ਤੱਕ, ਬਿੱਲੇ ਮੀਟ ਵਾਲੇ ਦੀ ਦੁਕਾਨ ਤੋਂ ਮੁਹੱਲਾ ਰਹਿਮਾਨਪੁਰਾ ਤੱਕ, ਕਪੂਰਥਲਾ ਬਾਈਪਾਸ ਤੋਂ ਮੁਹੱਲਾ ਸ਼ੇਰਪੁਰ ਰਾਹੀਂ ਨਗੀਨਾ ਫੋਰਟ ਤੱਕ, ਡਾ. ਅੰਬੇਦਕਰ ਚੌਂਕ ਤੋਂ ਹਿੰਦੂ ਬੈਂਕ ਤੱਕ, ਧੀਮਾਨ ਇੰਡਸਟਰੀ ਤੋਂ ਗੁਰੂ ਨਾਨਕ ਪੂਰਾ ਰਾਹੀਂ ਸ਼੍ਰੀ ਮਾਤਾ ਚਕਰੇਸ਼ਵਰੀ ਦੇਵੀ ਜੈਨ ਮੰਦਰ (ਪੁਰਾਣਾ ਮਲਸੀਆਂ ਰੋਡ) ਤੱਕ, ਮੁਹੱਲਾ ਖੈਰਾ ਤੋਂ ਮੁਹੱਲਾ ਗੋਂਸ ਤੱਕ, ਰਾਜੂ ਕਿਰਆਨਾ ਸਟੋਰ ਤੋਂ ਪ੍ਰਦੀਪ ਠੇਕੇਦਾਰ ਦੇ ਘਰ ਤੱਕ ਨਵਾਂ ਲੁੱਕ ਦਿੱਤਾ ਜਾਵੇਗਾ।
ਨਗਰ ਕੌਂਸਲ ਨੂਰਮਹਿਲ ਅਧੀਨ ਬਣਨ ਵਾਲੀਆਂ ਮੁੱਖ ਸੜਕਾਂ
ਤਲਵਣ ਚੌਕ ਤੋਂ ਧਰਮ ਕੰਡਾ ਤਲਵਣ ਰੋਡ, ਤਲਵਣ ਚੌਕ ਤੋਂ ਬੀਬੀ ਹੋਟਲ, ਨਕੋਦਰ ਚੁੰਗੀ ਤੋਂ ਉੱਪਲਾਂ ਰੋਡ ਭੱਠੇ ਤੱਕ, ਪੁਰਾਣਾ ਬੱਸ ਸਟੈਂਡ ਤੋਂ ਨਕੋਦਰ ਰੋਡ ਕਾਲੋਨੀ, ਰਾਮ ਮੰਦਰ ਚੌਕ ਤੋਂ ਜਲੰਧਰੀ ਗੇਟ, ਜਲੰਧਰੀ ਗੇਟ ਤੋਂ ਸ੍ਰੀ ਗੁਰੂ ਰਵੀਦਾਸ ਚੌਕ, ਸ੍ਰੀ ਗੁਰੂ ਰਵੀਦਾਸ ਚੌਕ ਤੋਂ ਫਿਲੌਰ ਰੋਡ (ਆਟੇ ਵਾਲੀ ਚੱਕੀ ਤੱਕ), ਤਲਵਣ ਚੌਕ ਤੋਂ ਬਿਲਗਾ ਮੋੜ, ਵਰਕਸ਼ਾਪ ਓਂਕਾਰ ਸਿੰਘ ਤੋਂ ਰੇਲਵੇ ਸਟੇਸ਼ਨ, ਦਾਣਾ ਮੰਡੀ ਚੌਕ ਤੋਂ ਪੁਰਾਣਾ ਬੱਸ ਸਟੈਂਡ ਤੇ ਨਕੋਦਰ ਬਾਈਪਾਸ ਤੋਂ ਨੌਗੱਜਾ ਪੀਰ ਵਾਲਾ ਤੱਕ ਸੜਕਾਂ ਬਣਨਗੀਆਂ।
ਨਗਰ ਪੰਚਾਇਤ ਬਿਲਗਾ ਅਧੀਨ ਬਣਨ ਵਾਲੀਆਂ ਮੁੱਖ ਸੜਕਾਂ
ਅੰਦਰਲੀ ਫਿਰਨੀ, ਪੱਤੀ ਦੁਨੀਆ ਮਨਸੂਰ ਗੇਟ ਤੋਂ ਔਜਲਾ ਰੋਡ, ਨੀਲੋਵਾਲ ਚੌਂਕ ਤੋਂ ਨਗਰ ਪੰਚਾਇਤ ਦੀ ਹੱਦ ਤੱਕ, ਮਸਤ ਪ੍ਰਕਾਸ਼ ਜੀ ਦੀ ਜਗ੍ਹਾ ਤੋਂ ਐਸ.ਟੀ.ਪੀ ਪੁਆਇੰਟ, ਪੁਆਦੜਾ ਚੌਂਕ ਤੋਂ ਸੰਗੋਵਾਲ ਰੋਡ, ਪੁਆਦੜਾ ਰੋਡ, ਪੱਤੀ ਭੋਜਾ ਚੌਂਕ, ਸ਼ਾਮਪੁਰ ਰੋਡ, ਫਰਵਾਲਾ ਰੋਡ ਅਤੇ ਪੱਤੀ ਭੱਟੀ ਫਾਟਕਾਂ ਤੋਂ ਰੇਲਵੇ ਕਰੋਸਿੰਗ ਤੱਕ ਸੜਕਾਂ ਤਿਆਰ ਕੀਤੀਆਂ ਜਾ ਰਹੀਆਂ ਹਨ।