ਐੱਨਸੀਪੀ ਦੀ ਸੂਬਾ ਕਾਨਫਰੰਸ ’ਚ ਬਰਾੜ ਨੇ ਪੇਸ਼ ਕੀਤੀ ਰਾਜਸੀ ਰਿਪੋਰਟ
ਭਾਰਤੀ ਕਮਿਊਨਿਸਟ ਪਾਰਟੀ ਦੀ 25ਵੀਂ ਸੂਬਾ ਕਾਨਫਰੰਸ, ਬੰਤ ਸਿੰਘ ਬਰਾੜ ਨੇ ਰਾਜਸੀ ਰਿਪੋਰਟ ਪੇਸ਼ ਕੀਤੀ, ਵੱਖ-ਵੱਖ ਮਤੇ ਸਰਬ-ਸੰਮਤੀ ਨਾਲ ਪਾਸ
Publish Date: Wed, 18 Feb 2026 10:02 PM (IST)
Updated Date: Wed, 18 Feb 2026 10:06 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਭਾਰਤੀ ਕਮਿਊਨਿਸਟ ਪਾਰਟੀ ਦੀ 25ਵੀਂ ਸੂਬਾ ਕਾਨਫਰੰਸ ’ਚ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਰਾਜਸੀ ਰੀਵਿਊ ਰਿਪੋਰਟ ਤੇ ਜਥੇਬੰਦਕ ਰਿਪੋਰਟ ਪੇਸ਼ ਕੀਤੀ। ਜ਼ਿਕਰਯੋਗ ਹੈ ਕਿ ਇਸ ਸੂਬਾ ਕਾਨਫਰੰਸ ਤੋਂ ਪਹਿਲਾਂ 24ਵੀਂ ਕਾਨਫਰੰਸ 8-9 ਸਤੰਬਰ 2022 ਨੂੰ ਵੀ ਦੇਸ਼ ਭਗਤ ਯਾਦਗਾਰ ਹਾਲ ’ਚ ਹੀ ਹੋਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਸੰਸਾਰ ਪੱਧਰ ’ਤੇ ਵੱਡੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਕਾਮਰੇਡ ਬਰਾੜ ਨੇ ਰਿਪੋਰਟ ’ਚ ਅੰਤਰ-ਰਾਸ਼ਟਰੀ ਹਾਲਾਤ ਤੋਂ ਲੈ ਕੇ ਪੰਜਾਬ ਦੀਆਂ ਸਿਆਸੀ, ਸਮਾਜੀ ਤੇ ਆਰਥਿਕ ਹਾਲਤਾਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ। ਉਨ੍ਹਾਂ ਸਤੰਬਰ 2025 ’ਚ ਚੰਡੀਗੜ੍ਹ ’ਚ ਹੋਈ ਪਾਰਟੀ ਕਾਂਗਰਸ ਦੀ ਵੱਡੀ ਸਫ਼ਲਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਦਾ ਸਿਹਰਾ ਪੰਜਾਬ ਦੀ ਸਮੁੱਚੀ ਪਾਰਟੀ ਨੂੰ ਜਾਂਦਾ ਹੈ। ਸਭ ਦੇ ਸਾਂਝੇ ਯਤਨਾਂ ਦੇ ਸਾਰਥਿਕ ਨਤੀਜੇ ਸਾਹਮਣੇ ਆਏ। ਪੰਜਾਬ ਦੀਆਂ ਮੌਜੂਦਾ ਪ੍ਰਸਥਿਤੀਆਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਸਮਿਆਂ ’ਚ ਡੇਰਾਵਾਦ ਦਾ ਵੱਡਾ ਉਭਾਰ ਹੋਇਆ ਹੈ। ਆਰਐੱਸਐੱਸ ਤੇ ਭਾਜਪਾ ਵੱਲੋਂ ਪੰਜਾਬ ਦੇ ਲੋਕਾਂ ਨੂੰ ਆਪਣੀ ਜਕੜ ’ਚ ਲੈਣ ਲਈ ਹਰ ਹਰਬਾ ਵਰਤਿਆ ਜਾ ਰਿਹਾ ਹੈ। ਕਾਮਰੇਡ ਬਰਾੜ ਨੇ ਭਾਜਪਾ, ਆਰਐੱਸਐੱਸ ਤੇ ਅਕਾਲੀ ਦਲ ਦੇ ਸੰਭਾਵੀ ਗੱਠਜੋੜ ਹੋਣ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਲਈ ਠੀਕ ਨਹੀਂ ਹੋਵੇਗਾ। ਇਸ ਵਿਸਥਾਰਤ ਰਿਪੋਰਟ ’ਚ ਪਿਛਲੇ ਸਾਲਾਂ ਦੀ ਹਰ ਸਰਗਰਮੀ ਨੂੰ ਸ਼ਾਮਲ ਕੀਤਾ ਗਿਆ ਹੈ। ਰਿਪੋਰਟ ’ਤੇ ਭਖਵੀਂ ਬਹਿਸ ਹੋਈ। ਡੈਲੀਗੇਟਾਂ ਨੇ ਰਿਪੋਰਟ ਦਾ ਹਿੱਸਾ ਬਣਨ ਲਈ ਬਹੁਤ ਸਾਰੇ ਸੁਝਾਅ ਦਿੱਤੇ। ਇਸ ਬਹਿਸ ’ਚ ਕਾਮਰੇਡ ਹਰਦੇਵ ਸਿੰਘ ਅਰਸ਼ੀ, ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਕਾਮਰੇਡ ਜਗਰੂਪ, ਕ੍ਰਿਸ਼ਨ ਚੌਹਾਨ, ਪਿ੍ਥੀਪਾਲ ਮਾੜੀਮੇਘਾ, ਸੁਖਦੇਵ ਸ਼ਰਮਾ, ਦੇਵੀ ਕੁਮਾਰੀ ਸਰਹਾਲੀ ਕਲਾਂ, ਕੁਲਦੀਪ ਭੋਲਾ, ਰਜਿੰਦਰ ਪਾਲ ਕੌਰ ਸਮੇਤ 41 ਸਾਥੀਆਂ ਨੇ ਹਿੱਸਾ ਲਿਆ। ਇਸੇ ਦੌਰਾਨ ਵੈਟਰਨ ਕਮਿਊਨਿਸਟ ਆਗੂਆਂ ਨੂੰ ਸੂਬਾ ਪਾਰਟੀ ਵੱਲੋਂ ਸਨਮਾਨਤ ਕੀਤਾ ਗਿਆ। ਸਨਮਾਨ ਪ੍ਰਾਪਤ ਕਰਨ ਵਾਲੇ ਆਗੂਆਂ ’ਚ ਭੁਪਿੰਦਰ ਸਾਂਬਰ, ਹਰਭਜਨ ਸਿੰਘ, ਸੰਪੂਰਨ ਸਿੰਘ ਛਾਜਲੀ, ਚੰਦ ਫਤਿਹਪੁਰੀ, ਕੁਸ਼ਲ ਭੌਰਾ ਆਦਿ ਸ਼ਾਮਲ ਹਨ। ਸੂਬਾ ਕਾਨਫਰੰਸ ’ਚ ਵੱਖ-ਵੱਖ ਮਤੇ ਪੇਸ਼ ਕੀਤੇ ਗਏ, ਜਿਨ੍ਹਾਂ ਨੂੰ ਸਰਬ-ਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਲਖਬੀਰ ਸਿੰਘ ਨਿਜ਼ਾਮਪੁਰ ਵੱਲੋਂ ਪੇਸ਼ ਕੀਤੇ ਮਤੇ ’ਚ ਪੰਜਾਬ ਦੇ ਸੰਘਰਸ਼ਸ਼ੀਲ ਮਜ਼ਦੂਰਾਂ, ਮੁਲਾਜ਼ਮਾਂ ਤੇ ਵਿਦਿਆਰਥੀਆਂ ਉਪਰ ਹੁੰਦੇ ਪੁਲਸ ਤਸ਼ੱਦਦ ਦੀ ਨਿਖੇਧੀ ਕੀਤੀ ਗਈ। ਬਠਿੰਡਾ ਵਿਖੇ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਰੋਸ ਧਰਨੇ ਨੂੰ ਅਸਫਲ ਕਰਨ ਲਈ ਪੂਰੇ ਪੰਜਾਬ ਦੀ ਕੀਤੀ ਗਈ ਨਾਕੇਬੰਦੀ ਦੀ ਨਿਖੇਧੀ ਦਾ ਵੀ ਮਤਾ ਪੇਸ਼ ਕੀਤਾ ਗਿਆ। ਇਸੇ ਤਰ੍ਹਾਂ ਡਾ. ਰਜਿੰਦਰ ਪਾਲ ਸਿੰਘ ਔਲਖ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਅਰੁਣ ਮਿੱਤਰਾ ਅਤੇ ਗਿਆਨ ਸੈਦਪੁਰੀ ਵੱਲੋਂ ਵੱਖ-ਵੱਖ ਵਿਸ਼ਿਆਂ ’ਤੇ ਮਤੇ ਪੇਸ਼ ਕੀਤੇ ਗਏ, ਜੋ ਡੈਲੀਗੇਟ ਹਾਊਸ ਨੇ ਸਰਬ-ਸੰਮਤੀ ਨਾਲ ਪਾਸ ਕਰ ਦਿੱਤੇ।