ਅਮਰੀਕਾ ਭੇਜਣ ਦੇ ਨਾਂ ’ਤੇ 25 ਲੱਖ ਠੱਗੇ, ਦੋ ਨਾਮਜ਼ਦ
ਅਮਰੀਕਾ ਭੇਜਣ ਦੇ ਨਾਂ ’ਤੇ 25 ਲੱਖ ਦੀ ਠੱਗੀ, ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Publish Date: Thu, 08 Jan 2026 07:00 PM (IST)
Updated Date: Fri, 09 Jan 2026 04:09 AM (IST)
- ਮਾਮਲਾ ਦਰਜ ਹੋਣ ਮਗਰੋਂ ਦੋਵੇਂ ਮੁਲਜ਼ਮ ਜੀਜਾ–ਸਾਲਾ ਫ਼ਰਾਰ
ਤਜਿੰਦਰ ਕੁਮਾਰ, ਪੰਜਾਬੀ ਜਾਗਰਣ
ਨੂਰਮਹਿਲ/ਬਿਲਗਾ : ਅਮਰੀਕਾ ਭੇਜਣ ਦੇ ਨਾਂ ’ਤੇ 25 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਨੂਰਮਹਿਲ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਹਰਸ਼ਰਨਜੀਤ ਸਿੰਘ ਵਾਸੀ ਨੂਰਮਹਿਲ ਨੇ 15 ਸਤੰਬਰ 2025 ਨੂੰ ਐੱਸਐੱਸਪੀ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ’ਚ ਦੋਸ਼ ਲਾਇਆ ਗਿਆ ਕਿ ਜ਼ੋਰਾਵਰ ਹਿੰਮਤ ਸਿੰਘ ਵਾਸੀ ਪਿੰਡ ਲਸੂੜੀ (ਤਹਿਸੀਲ ਸ਼ਾਹਕੋਟ) ਤੇ ਇੰਦਰਜੀਤ ਸਿੰਘ ਵਾਸੀ ਪਿੰਡ ਪਿਪਲੀ (ਤਹਿਸੀਲ ਸ਼ਾਹਕੋਟ) ਵੱਲੋਂ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਸ਼ਿਕਾਇਤਕਰਤਾ ਤੋਂ ਕੁੱਲ 25 ਲੱਖ ਰੁਪਏ ਦੀ ਰਕਮ ਧੋਖਾਧੜੀ ਨਾਲ ਹਾਸਲ ਕੀਤੀ ਗਈ। ਇਸ ਸ਼ਿਕਾਇਤ ਦੀ ਜਾਂਚ ਡੀਐੱਸਪੀ ਨਕੋਦਰ ਨੂੰ ਸੌਂਪੀ ਗਈ ਸੀ। ਜਾਂਚ ਉਪਰੰਤ ਡੀਐੱਸਪੀ ਵੱਲੋਂ ਦਿੱਤੀ ਗਈ ਰਿਪੋਰਟ ਦੇ ਆਧਾਰ ’ਤੇ ਦੋਵੇਂ ਮੁਲਜ਼ਮਾਂ ਖ਼ਿਲਾਫ਼ ਥਾਣਾ ਨੂਰਮਹਿਲ ਵਿਖੇ ਮੁੱਕਦਮਾ ਨੰਬਰ 06 ਅਧੀਨ ਧਾਰਾ 406, 420 ਆਈਪੀਸੀ ਤੇ ਧਾਰਾ 13 ਪੰਜਾਬ ਟਰੈਵਲ ਪ੍ਰੋਫੈਸ਼ਨਲ ਐਕਟ ਤਹਿਤ ਦਰਜ ਕੀਤਾ ਗਿਆ ਹੈ। ਪੁਲਿਸ ਮੁਤਾਬਕ ਦੋਨੋਂ ਮੁਲਜ਼ਮ ਆਪਸ ’ਚ ਰਿਸ਼ਤੇਦਾਰ ਹਨ ਤੇ ਜੀਜਾ–ਸਾਲਾ ਲੱਗਦੇ ਹਨ। ਸੂਤਰਾਂ ਅਨੁਸਾਰ ਜ਼ੋਰਾਵਰ ਹਿੰਮਤ ਸਿੰਘ ਕੁਝ ਸਮਾਂ ਪਹਿਲਾਂ ਦੁਬਈ ਤੋਂ ਭਾਰਤ ਆਇਆ ਸੀ ਪਰ ਮਾਮਲਾ ਦਰਜ ਹੋਣ ਮਗਰੋਂ ਮੁੜ ਦੁਬਈ ਫ਼ਰਾਰ ਹੋ ਗਿਆ, ਜਦਕਿ ਦੂਜਾ ਮੁਲਜ਼ਮ ਇੰਦਰਜੀਤ ਸਿੰਘ ਵੀ ਪਹਿਲਾਂ ਤੋਂ ਹੀ ਦੁਬਈ ’ਚ ਰਹਿ ਰਿਹਾ ਹੈ। ਪੁਲਿਸ ਵੱਲੋਂ ਦੋਨੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਗਿਰਫ਼ਤਾਰ ਕਰ ਕੇ ਕਾਨੂੰਨੀ ਕਾਰਵਾਈ ਅਧੀਨ ਜੇਲ੍ਹ ਭੇਜਿਆ ਜਾਵੇਗਾ।