ਸਾਲ 2025 ’ਚ 2366 ਤੇ 2026 ’ਚ ਹੁਣ ਤੱਕ 565 ਗ੍ਰਿਫਤਾਰੀਆਂ, ਦਿਹਾਤੀ ਪੁਲਿਸ ਦੀ ਕਾਰਗੁਜ਼ਾਰੀ ਦਾ ਸਬੂਤ
ਸਾਲ 2025 ’ਚ 2366 ਤੇ 2026 ’ਚ ਹੁਣ ਤੱਕ 565 ਗ੍ਰਿਫਤਾਰੀਆਂ, ਦੇਹਾਤ ਪੁਲਿਸ ਦੀ ਕਾਰਗੁਜ਼ਾਰੀ ਦਾ ਸਬੂਤ
Publish Date: Sun, 29 Mar 2026 08:11 PM (IST)
Updated Date: Sun, 29 Mar 2026 08:11 PM (IST)

- ਨਸ਼ੇ ਖ਼ਿਲਾਫ਼ ਜੰਗ ’ਚ ਸਖ਼ਤੀ, ਗੈਂਗਸਟਰਾਂ ਖ਼ਿਲਾਫ਼ ਜਲੰਧਰ ਦਿਹਾਤੀ ਪੁਲਿਸ ਦਾ ਵੱਡਾ ਐਕਸ਼ਨ ਪਲਾਨ : ਐੱਸਐੱਸਪੀ - ਐੱਸਐੱਸਪੀ ਨੇ ਕਿਹਾ, ਸਪਲਾਈ ਚੇਨ ਤੋੜੀ, ਲੋਕਾਂ ਦੇ ਸਹਿਯੋਗ ਨਾਲ ਅਪਰਾਧ ’ਤੇ ਕਾਬੂ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦਿਹਾਤੀ ’ਚ ਅਪਰਾਧ ਤੇ ਖ਼ਾਸ ਕਰ ਕੇ ਨਸ਼ਾ ਤਸਕਰੀ ਖ਼ਿਲਾਫ ਪੁਲਿਸ ਨੇ ਪਿਛਲੇ ਇਕ ਸਾਲ ’ਚ ਸਖ਼ਤ ਰਵੱਈਆ ਅਪਣਾਇਆ ਹੈ। ਦਿਹਾਤੀ ਪੁਲਿਸ ਨੇ ਨਸ਼ੇ ਦੇ ਨੈੱਟਵਰਕ ਨੂੰ ਤੋੜਨ, ਸਪਲਾਈ ਚੇਨ ਖਤਮ ਕਰਨ ਤੇ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਲਗਾਤਾਰ ਮੁਹਿੰਮਾਂ ਚਲਾਈਆਂ ਹਨ। ਸਾਲ 2025 ’ਚ 1662 ਮਾਮਲਿਆਂ ’ਚ 2366 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੇ 2026 ’ਚ ਹੁਣ ਤੱਕ 403 ਮਾਮਲਿਆਂ ’ਚ 565 ਗ੍ਰਿਫ਼ਤਾਰੀਆਂ ਇਸ ਸਖ਼ਤੀ ਦਾ ਸਬੂਤ ਹਨ। ਪੁਲਿਸ ਨੇ ਨਾਕੇਬੰਦੀ, ਸਰਚ ਆਪ੍ਰੇਸ਼ਨ, ਸੇਫ ਪੰਜਾਬ ਪੋਰਟਲ ਤੇ ਜਾਗਰੂਕਤਾ ਮੁਹਿੰਮਾਂ ਰਾਹੀਂ ਨਾ ਸਿਰਫ ਤਸਕਰਾਂ ’ਤੇ ਸ਼ਿਕੰਜਾ ਕੱਸਿਆ ਹੈ, ਸਗੋਂ ਆਮ ਲੋਕਾਂ ਨੂੰ ਵੀ ਇਸ ਲੜਾਈ ’ਚ ਭਾਗੀਦਾਰ ਬਣਾਇਆ ਹੈ। ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਪੁਲਿਸ ਤੇ ਲੋਕਾਂ ਵਿਚਕਾਰ ਭਰੋਸਾ ਵਧਾਉਣ ਲਈ ਸਾਂਝ ਕੇਂਦਰ, ਬੀਟ ਸਿਸਟਮ ਤੇ ਪਿੰਡ ਪੱਧਰ ਦੀਆਂ ਮੀਟਿੰਗਾਂ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ। ਇਸ ਦੇ ਨਾਲ ਹੀ ਔਰਤਾਂ ਦੀ ਸੁਰੱਖਿਆ, ਸਾਇਬਰ ਕ੍ਰਾਈਮ ਨਾਲ ਨਜਿੱਠਣ ਤੇ ਪੁਲਿਸ ਦੇ ਸਰੋਤ ਮਜ਼ਬੂਤ ਕਰਨ ਲਈ ਵੀ ਕਈ ਕਦਮ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਨਸ਼ਾ ਮੁਕਤ ਸਮਾਜ ਬਣਾਉਣ ਤੇ ਅਪਰਾਧ ’ਤੇ ਪੂਰੀ ਤਰ੍ਹਾਂ ਕਾਬੂ ਪਾਉਣ ਲਈ ਪੁਲਿਸ ਤੇ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਦਿਹਾਤੀ ਪੁਲਿਸ ਦੇ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨਾਲ ਜਾਗਰਣ ਗਰੁੱਪ ਦੇ ਸੰਵਾਦਦਾਤਾ ਸੁਕਰਾਂਤ ਨੇ ਵਿਸ਼ੇਸ਼ ਗੱਲਬਾਤ ਕੀਤੀ। ----- ਸਵਾਲ : ਪਿਛਲੇ ਇਕ ਸਾਲ ’ਚ ਅਪਰਾਧ ਦਰ ’ਚ ਕੀ ਬਦਲਾਅ ਆਇਆ? ਜਵਾਬ : ਲਗਾਤਾਰ ਕਾਰਵਾਈ ਨਾਲ ਨਸ਼ੇ ਦੀ ਉਪਲਬਧਤਾ ’ਚ ਕਮੀ ਆਈ ਹੈ। 2025 ’ਚ 1662 ਕੇਸਾਂ ’ਚ 2366 ਗ੍ਰਿਫਤਾਰੀਆਂ ਤੇ 2026 ’ਚ ਹੁਣ ਤੱਕ 403 ਕੇਸਾਂ ’ਚ 565 ਗ੍ਰਿਫਤਾਰੀਆਂ ਹੋਈਆਂ ਹਨ। ਇਨ੍ਹਾਂ ’ਚ ਪੰਜਾਬ ਦੇ ਨਾਲ ਨਾਲ ਹੋਰ ਸੂਬਿਆਂ ਦੇ ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਵੀ ਸ਼ਾਮਲ ਹੈ, ਜੋ ਦਿਖਾਉਂਦੀ ਹੈ ਕਿ ਜਲੰਧਰ ਦਿਹਾਤੀ ਪੁਲਿਸ ਦੀ ਕਾਰਗੁਜ਼ਾਰੀ ਹੋਰ ਸੂਬਿਆਂ ਦੇ ਤਸਕਰਾਂ ’ਤੇ ਵੀ ਭਾਰੀ ਪੈ ਰਹੀ ਹੈ। ਸਵਾਲ : ਨਸ਼ਾ ਰੋਕਣ ਲਈ ਕੀ ਮੁਹਿੰਮ ਚਲਾਈ ਗਈ? ਜਵਾਬ : ਨਾਕੇਬੰਦੀ, ਸਰਚ ਆਪ੍ਰੇਸ਼ਨ, ਅਚਾਨਕ ਚੈਕਿੰਗ ਤੇ ਜਾਗਰੂਕਤਾ ਮੁਹਿੰਮਾਂ ਚਲਾਈਆਂ ਗਈਆਂ। ਸੇਫ ਪੰਜਾਬ ਪੋਰਟਲ ਤੋਂ ਵੀ ਮਹੱਤਵਪੂਰਨ ਜਾਣਕਾਰੀ ਮਿਲ ਰਹੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਨਸ਼ੇ ਦੀ ਸਪਲਾਈ ਚੇਨ ਨੂੰ ਤੋੜਿਆ ਗਿਆ ਹੈ, ਜਿਸ ਨਾਲ ਨਸ਼ੇ ਦੀ ਆਮਦ ’ਚ ਵੱਡੀ ਕਮੀ ਆਈ ਹੈ ਤੇ ਤਸਕਰਾਂ ਦੀ ਗ੍ਰਿਫ਼ਤਾਰੀ ਲਗਾਤਾਰ ਹੋ ਰਹੀ ਹੈ। ਸਵਾਲ : ਕੀ ਡਰੱਗ ਨੈੱਟਵਰਕ ਤੋੜਣ ’ਚ ਸਫਲਤਾ ਮਿਲੀ? ਜਵਾਬ : ਕਈ ਵੱਡੇ ਨੈੱਟਵਰਕ ਤੋੜੇ ਗਏ। 2025 ’ਚ 31 ਕਮਰਸ਼ੀਅਲ ਕੇਸਾਂ ’ਚ 59 ਅਤੇ 2026 ’ਚ 3 ਕੇਸਾਂ ’ਚ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਕਈ ਵੱਡੇ ਕਿੰਗਪਿਨ ਗ੍ਰਿਫ਼ਤਾਰ ਕੀਤੇ ਗਏ, ਜਿਨ੍ਹਾਂ ਦੀ ਪੁੱਛਗਿੱਛ ਤੋਂ ਬਾਅਦ ਸੈਂਕੜਿਆਂ ਤਸਕਰਾਂ ਨੂੰ ਕਾਬੂ ਕੀਤਾ ਗਿਆ। ਇੱਥੋਂ ਤੱਕ ਕਿ ਵਿਦੇਸ਼ੀ ਤਸਕਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ, ਜੋ ਲੋਕਲ ਤਸਕਰਾਂ ਨਾਲ ਮਿਲ ਕੇ ਕੰਮ ਕਰ ਰਹੇ ਸਨ। ਸਵਾਲ : ਪੁਲਿਸ-ਜਨਤਾ ਦੂਰੀ ਘਟਾਉਣ ਲਈ ਕੀ ਕੀਤਾ? ਜਵਾਬ : ਪੁਲਿਸ ਤੇ ਲੋਕਾਂ ਵਿਚਕਾਰ ਦੂਰੀ ਘਟਾਉਣ ਲਈ ਮੀਟਿੰਗਾਂ, ਜਨ ਸ਼ਿਕਾਇਤ ਪੋਰਟਲ, ਖੇਡ ਸਰਗਰਮੀਆਂ ਤੇ ਸਾਂਝ ਪ੍ਰਾਜੈਕਟ ਰਾਹੀਂ ਭਰੋਸਾ ਵਧਾਇਆ ਗਿਆ। ਹੁਣ ਲੋਕਾਂ ਦਾ ਭਰੋਸਾ ਇਸ ਕਦਰ ਵਧ ਗਿਆ ਹੈ ਕਿ ਜ਼ਿਆਦਾਤਰ ਗ੍ਰਿਫ਼ਤਾਰੀਆਂ ਲੋਕਾਂ ਦੀ ਦਿੱਤੀ ਜਾਣਕਾਰੀ ਨਾਲ ਹੀ ਸੰਭਵ ਹੋਈਆਂ ਹਨ। ਸਵਾਲ : ਪਿੰਡ ਪੱਧਰ ’ਤੇ ਅਪਰਾਧ ਰੋਕਣ ਲਈ ਕੀ ਕਦਮ ਚੁੱਕੇ ਗਏ? ਜਵਾਬ : ਇਹ ਦਿਹਾਤੀ ਪੁਲਿਸ ਦੇ ਸਿਸਟਮ ਦਾ ਹਿੱਸਾ ਹੈ। ਬੀਟ ਸਿਸਟਮ ਸ਼ੁਰੂ ਕੀਤਾ ਗਿਆ, ਸਾਂਝ ਕੇਂਦਰ ਤੇ ਗ੍ਰਾਮ ਕਮੇਟੀਆਂ ਰਾਹੀਂ ਲੋਕਾਂ ਨਾਲ ਸਿੱਧਾ ਸੰਪਰਕ ਵਧਾਇਆ ਗਿਆ। ਅਧਿਕਾਰੀਆਂ ਵੱਲੋਂ ਪਿੰਡ ਪੱਧਰ ’ਤੇ ਮੀਟਿੰਗਾਂ ਕਰ ਕੇ ਹਾਲਾਤ ਜਾਣੇ ਗਏ। ਸਵਾਲ : ਸਾਈਬਰ ਕ੍ਰਾਈਮ ਨਾਲ ਨਜਿੱਠਣ ਲਈ ਕੀ ਰਣਨੀਤੀ ਹੈ? ਜਵਾਬ : ਸਾਈਬਰ ਕ੍ਰਾਈਮ ਨਾਲ ਨਿਪਟਣ ਲਈ ਲੋਕਾਂ ਦੀ ਜਾਗਰੂਕਤਾ ਸਭ ਤੋਂ ਜ਼ਰੂਰੀ ਹੈ। ਇਸ ਲਈ ਜਾਗਰੂਕਤਾ ਮੁਹਿੰਮਾਂ ਚਲਾਈਆਂ ਗਈਆਂ, ਸਮੇਂ ਸਿਰ ਕਾਰਵਾਈ ਕੀਤੀ ਗਈ ਤੇ ਪੁਲਿਸ ਨੂੰ ਆਧੁਨਿਕ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਸਵਾਲ : ਔਰਤਾਂ ਦੀ ਸੁਰੱਖਿਆ ਲਈ ਕੀ ਕਦਮ ਚੁੱਕੇ ਗਏ? ਜਵਾਬ : ਔਰਤਾਂ ਦੀ ਸੁਰੱਖਿਆ ਲਈ ਪੁਲਿਸ ਵੱਲੋਂ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਮਹਿਲਾ ਹੈਲਪ ਡੈਸਕ, ਸੈਮੀਨਾਰ, ਹੈਲਪਲਾਈਨ ਤੇ ਵਨ ਸਟਾਪ ਸੈਂਟਰ ਵਰਗੀਆਂ ਸੁਵਿਧਾਵਾਂ ਉਪਲਬਧ ਕਰਵਾਈਆਂ ਗਈਆਂ ਹਨ। ਸਵਾਲ : ਪੁਲਿਸ ਦੇ ਸਰੋਤਾਂ ਦੀ ਕਮੀ ਨੂੰ ਕਿਵੇਂ ਪੂਰਾ ਕੀਤਾ ਜਾ ਰਿਹਾ ਹੈ? ਜਵਾਬ : ਸਰੋਤ ਮੌਜੂਦ ਹਨ, ਪਰ ਹੋਰ ਲੋੜ ਵੀ ਹੈ। ਫਿਰ ਵੀ ਪੁਲਿਸ ਆਪਣੇ ਮੌਜੂਦਾ ਸਰੋਤਾਂ ਨਾਲ ਬਹੁਤ ਵਧੀਆ ਕੰਮ ਕਰ ਰਹੀ ਹੈ। ਨਵੀਆਂ ਭਰਤੀਆਂ, ਤਰੱਕੀਆਂ ਤੇ ਆਧੁਨਿਕ ਸਾਜੋ-ਸਾਮਾਨ ਅਤੇ ਵਾਹਨਾਂ ਦੀ ਸੁਵਿਧਾ ਦਿੱਤੀ ਗਈ ਹੈ। ਸਵਾਲ : ਅੱਗੇ ਦੀਆਂ ਪ੍ਰਾਥਮਿਕਤਾਵਾਂ ਕੀ ਹਨ? ਜਵਾਬ : ਨਸ਼ਾ ਸਪਲਾਈ ਚੇਨ ਨੂੰ ਪੂਰੀ ਤਰ੍ਹਾਂ ਖਤਮ ਕਰਨਾ, ਲੋਕਾਂ ਦਾ ਭਰੋਸਾ ਕਾਇਮ ਰੱਖਣਾ, ਜਾਗਰੂਕਤਾ ਵਧਾਉਣਾ ਤੇ ਸਖ਼ਤ ਕਾਨੂੰਨੀ ਕਾਰਵਾਈ ਜਾਰੀ ਰੱਖਣਾ ਮੁੱਖ ਟੀਚਾ ਹੈ। ਸਵਾਲ : ਲੋਕਾਂ ਲਈ ਸੰਦੇਸ਼? ਜਵਾਬ : ਕਾਨੂੰਨ-ਵਿਵਸਥਾ ਬਣਾਈ ਰੱਖਣਾ ਸਭ ਦੀ ਜ਼ਿੰਮੇਵਾਰੀ ਹੈ। ਸ਼ੱਕੀ ਸਰਗਰਮੀਆਂ ਬਾਰੇ ਤੁਰੰਤ ਪੁਲਿਸ ਨੂੰ ਜਾਣਕਾਰੀ ਦਿਓ ਤੇ ਅਫਵਾਹਾਂ ਤੋਂ ਬਚੋ। ਜਾਗਰੂਕ ਰਹੋ ਤੇ ਪੁਲਿਸ ਦਾ ਸਾਥ ਦਿਓ, ਕਿਉਂਕਿ ਲੋਕਾਂ ਦਾ ਸਹਿਯੋਗ ਹੀ ਪੁਲਿਸ ਦੀ ਸਭ ਤੋਂ ਵੱਡੀ ਤਾਕਤ ਹੈ।