ਸ਼ਹਿਰ ’ਚ 20 ਹਜ਼ਾਰ ਰੇਹੜੀਆਂ ਦੇ ਬਾਵਜੂਦ ਆਮਦਨ 2 ਹਜ਼ਾਰ ਤੋਂ ਵੀ ਘੱਟ
ਸ਼ਹਿਰ ’ਚ 20 ਹਜ਼ਾਰ ਰਿਹੜੀਆਂ, ਆਮਦਨ 2 ਹਜ਼ਾਰ ਤੋਂ ਵੀ ਘੱਟ, ਕਰਪਸ਼ਨ ਰੋਕਣ ਲਈ ਨਵਾਂ ਸਰਵੇ, ਭੁਗਤਾਨ ਹੋਵੇਗਾ ਆਨਲਾਈਨ
Publish Date: Thu, 16 Apr 2026 10:12 PM (IST)
Updated Date: Thu, 16 Apr 2026 10:15 PM (IST)

ਭ੍ਰਿਸ਼ਟਾਚਾਰ ਰੋਕਣ ਲਈ ਨਵਾਂ ਸਰਵੇ, ਭੁਗਤਾਨ ਹੋਵੇਗਾ ਆਨਲਾਈਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਗਰ ਨਿਗਮ ਦੀ ਤਹਿਬਾਜ਼ਾਰੀ ਬ੍ਰਾਂਚ ’ਚ ਰੇਹੜੀ-ਫੜ੍ਹੀ ਵਾਲਿਆਂ ਤੋਂ ਫੀਸ ਵਸੂਲੀ ’ਚ ਵੱਡੀਆਂ ਗੜਬੜੀਆਂ ਸਾਹਮਣੇ ਆ ਰਹੀਆਂ ਹਨ। ਨਿਗਮ ਨੂੰ 10 ਫੀਸਦੀ ਰੇਹੜੀਆਂ ਤੋਂ ਵੀ ਰਕਮ ਪ੍ਰਾਪਤ ਨਹੀਂ ਹੋ ਰਹੀ। ਅੰਦਾਜ਼ੇ ਅਨੁਸਾਰ ਸ਼ਹਿਰ ’ਚ 20 ਹਜ਼ਾਰ ਤੋਂ ਵੱਧ ਰੇਹੜੀਆਂ-ਫੜ੍ਹੀਆਂ ਹਨ ਪਰ ਫੀਸ ਸਿਰਫ਼ 2000 ਤੋਂ ਵੀ ਘੱਟ ਰੇਹੜੀਆਂ ਤੋਂ ਆ ਰਹੀ ਹੈ। ਭ੍ਰਿਸ਼ਟਾਚਾਰ ਨੂੰ ਰੋਕਣ ਲਈ ਨਿਗਮ ਵੱਲੋਂ ਪਿਛਲੇ ਸਾਲਾਂ ’ਚ ਕਈ ਉਪਾਅ ਕੀਤੇ ਗਏ ਪਰ ਕੋਈ ਵੱਡਾ ਨਤੀਜਾ ਨਹੀਂ ਨਿਕਲਿਆ। ਵੀਰਵਾਰ ਨੂੰ ਹੋਈ ਮੀਟਿੰਗ ’ਚ ਫੈਸਲਾ ਕੀਤਾ ਗਿਆ ਕਿ ਸ਼ਹਿਰ ’ਚ ਰੇਹੜੀਆਂ ਦੀ ਗਿਣਤੀ ਦਾ ਪਤਾ ਲਾਉਣ ਲਈ ਨਵੇਂ ਸਿਰੇ ਨਾਲ ਸਰਵੇ ਕਰਵਾਇਆ ਜਾਵੇਗਾ। ਮੇਅਰ ਵਨੀਤ ਧੀਰ ਨੇ ਦੱਸਿਆ ਕਿ ਸ਼ਹਿਰ ਦੀਆਂ ਸੜਕਾਂ ਤੇ ਮੰਡੀਆਂ ’ਚ ਲੱਗਣ ਵਾਲੀਆਂ ਸਾਰੀਆਂ ਰੇਹੜੀਆਂ ਦਾ ਸਰਵੇ ਕੀਤਾ ਜਾਵੇਗਾ। ਨਵੇਂ ਰਿਕਾਰਡ ਤਿਆਰ ਕਰਕੇ ਹਰ ਰੇਹੜੀ ’ਤੇ ਕਿਊਆਰ ਕੋਡ ਤੇ ਯੂਨੀਕ ਆਈਡੀ ਵਾਲੀ ਪਲੇਟ ਲਗਾਈ ਜਾਵੇਗੀ। ਇਸ ਰਾਹੀਂ ਹੀ ਫੀਸ ਵਸੂਲੀ ਜਾਵੇਗੀ। ਉਨ੍ਹਾਂ ਕਿਹਾ ਕਿ ਤਹਿਬਾਜ਼ਾਰੀ ਬ੍ਰਾਂਚ ’ਚ ਕਈ ਵਾਰ ਬਦਲਾਅ ਕੀਤੇ ਗਏ ਪਰ ਨਿਗਮ ਨੂੰ ਕੋਈ ਲਾਭ ਨਹੀਂ ਹੋਇਆ। ਇਸ ਲਈ ਹੁਣ ਫੀਸ ਵਸੂਲੀ ਪੂਰੀ ਤਰ੍ਹਾਂ ਆਨਲਾਈਨ ਕੀਤੀ ਜਾਵੇਗੀ। ਜਿਨ੍ਹਾਂ ਤੋਂ ਭੁਗਤਾਨ ਨਹੀਂ ਮਿਲੇਗਾ, ਉਨ੍ਹਾਂ ਖ਼ਿਲਾਫ਼ ਕਾਰਵਾਈ ਹੋਵੇਗੀ ਤੇ ਰੇਹੜੀਆਂ ਜ਼ਬਤ ਵੀ ਕੀਤੀਆਂ ਜਾਣਗੀਆਂ। ਮੇਅਰ ਨੇ ਮੰਨਿਆ ਕਿ ਰੇਹੜੀ ਵਾਲੇ ਫੀਸ ਤਾਂ ਦੇ ਰਹੇ ਹਨ ਪਰ ਇਹ ਨਿਗਮ ਤੱਕ ਨਹੀਂ ਪੁੱਜ ਰਹੀ। ਹੁਣ ਵੈਂਡਰਾਂ ਤੇ ਨਿਗਮ ਵਿਚਾਲੇ ਸਿੱਧਾ ਆਨਲਾਈਨ ਕੁਨੈਕਸ਼ਨ ਬਣਾਇਆ ਜਾਵੇਗਾ। ਸਰਵੇ ਲਈ ਪ੍ਰਾਈਵੇਟ ਕੰਪਨੀ ਨੂੰ ਨਿਯੁਕਤ ਕੀਤਾ ਜਾਵੇਗਾ ਤੇ ਜਲਦੀ ਟੈਂਡਰ ਜਾਰੀ ਹੋਵੇਗਾ। ਅਗਲੇ 2-3 ਮਹੀਨਿਆਂ ’ਚ ਇਹ ਪ੍ਰਕਿਰਿਆ ਪੂਰੀ ਕਰਨ ਦਾ ਟੀਚਾ ਹੈ। ਜ਼ਿਕਰਯੋਗ ਹੈ ਕਿ 2015 ’ਚ ਵੀ ਨਿਗਮ ਨੇ ਸਰਵੇ ਕਰਵਾਇਆ ਸੀ, ਜਿਸ ’ਚ 12 ਹਜ਼ਾਰ ਤੋਂ ਵੱਧ ਰੇਹੜੀਆਂ ਦਰਜ ਹੋਈਆਂ ਸਨ। ਹੁਣ ਇਹ ਗਿਣਤੀ 20 ਹਜ਼ਾਰ ਤੋਂ ਪਾਰ ਹੋ ਗਈ ਹੈ। ----------------------- ਨਿਗਮ ਨੂੰ ਮਿਲਣੇ ਚਾਹੀਦੇ 24 ਕਰੋੜ, ਮਿਲ ਰਹੇ ਸਿਰਫ਼ 1.5 ਕਰੋੜ ਨਗਰ ਨਿਗਮ ਹਰੇਕ ਰੇਹੜੀ ਤੋਂ ਮਹੀਨੇ ਦੇ ਲਗਭਗ 1000 ਰੁਪਏ ਫੀਸ ਲੈਂਦਾ ਹੈ। ਇਸ ਹਿਸਾਬ ਨਾਲ 20 ਹਜ਼ਾਰ ਰੇਹੜੀਆਂ ਤੋਂ ਸਾਲਾਨਾ ਕਰੀਬ 24 ਕਰੋੜ ਰੁਪਏ ਆਮਦਨ ਹੋਣੀ ਚਾਹੀਦੀ ਹੈ ਪਰ ਹਕੀਕਤ ’ਚ ਸਿਰਫ਼ 1.5 ਕਰੋੜ ਹੀ ਮਿਲ ਰਹੇ ਹਨ। ਨਿਗਮ ਹਾਊਸ ਦੀ ਮੀਟਿੰਗ ’ਚ ਕੌਂਸਲਰ ਪਰਮਜੋਤ ਸਿੰਘ ਸ਼ੈਰੀ ਚੱਢਾ ਨੇ ਇਹ ਮੁੱਦਾ ਉਠਾਇਆ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਫੀਸ ਮੁਲਾਜ਼ਮਾਂ ਦੀ ਜੇਬ ’ਚ ਜਾ ਰਹੀ ਹੈ। --------------------- ਟੀਮ ਬਦਲੀ, ਫਿਰ ਵੀ ਨਹੀਂ ਆਇਆ ਸੁਧਾਰ 2025-26 ਦੇ ਬਜਟ ’ਚ ਤਹਿਬਾਜ਼ਾਰੀ ਬ੍ਰਾਂਚ ਦਾ ਟਾਰਗੇਟ 3.5 ਕਰੋੜ ਰੁਪਏ ਰੱਖਿਆ ਗਿਆ ਸੀ। ਪਹਿਲੇ 6 ਮਹੀਨਿਆਂ ’ਚ ਕੋਈ ਸੁਧਾਰ ਨਾ ਆਉਣ ’ਤੇ ਪੂਰੀ ਟੀਮ ਬਦਲੀ ਗਈ ਪਰ ਇਸ ਨਾਲ ਵੀ ਹਾਲਤ ਨਹੀਂ ਬਦਲੀ। ---------------------- 4400 ਰੇਹੜੀਆਂ ’ਤੇ ਕਿਊਆਰ ਕੋਡ, ਫੀਸ ਫਿਰ ਵੀ ਨਹੀਂ ਮਿਲ ਰਹੀ ਇਕ ਸਾਲ ਪਹਿਲਾਂ ਸ਼ੁਰੂ ਕੀਤੇ ਪ੍ਰੋਜੈਕਟ ’ਚ 4400 ਰਹੜੀਆਂ ’ਤੇ ਕਿਊਆਰ ਕੋਡ ਵਾਲੀਆਂ ਪਲੇਟਾਂ ਲਗਾਈਆਂ ਗਈਆਂ। ਫਿਰ ਵੀ ਇਨ੍ਹਾਂ ਤੋਂ ਵੀ ਫੀਸ ਨਹੀਂ ਮਿਲ ਰਹੀ। ਜੇ ਸਾਰੀਆਂ ਦਰਜ ਰੇਹੜੀਆਂ ਤੋਂ ਫੀਸ ਵਸੂਲੀ ਜਾਵੇ ਤਾਂ ਨਿਗਮ ਨੂੰ 5 ਕਰੋੜ ਤੋਂ ਵੱਧ ਆਮਦਨ ਹੋ ਸਕਦੀ ਹੈ ਪਰ ਸਿਰਫ਼ 1250 ਰੇਹੜੀਆਂ ਤੋਂ ਹੀ ਫੀਸ ਆ ਰਹੀ ਹੈ। ਇਸ ਸਥਿਤੀ ’ਚ ਸਵਾਲ ਖੜ੍ਹਦਾ ਹੈ ਕਿ ਬਾਕੀ 15 ਹਜ਼ਾਰ ਰੇਹੜੀਆਂ ਦੀ ਫੀਸ ਕਿੱਥੇ ਜਾ ਰਹੀ ਹੈ। ਹੁਣ ਮੇਅਰ ਵੱਲੋਂ ਇਸ ਮਾਮਲੇ ’ਤੇ ਧਿਆਨ ਦੇਣ ਨਾਲ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਨਿਗਮ ਦੀ ਆਮਦਨ ’ਚ ਵਾਧਾ ਹੋਵੇਗਾ।