- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੰਡਸਟਰੀ ਨੂੰ ਐੱਲਪੀਜੀ ’ਚ 20 ਫੀਸਦੀ ਰਾਹਤ, ਫਿਲਹਾਲ ਸੰਵੇਦਨਸ਼ੀਲ ਖੇਤਰਾਂ ਨੂੰ ਮਿਲੇਗੀ ਗੈਸ

-ਇਸ ਤੋਂ ਪਹਿਲਾਂ ਪ੍ਰਾਈਵੇਟ ਹਸਪਤਾਲਾਂ, ਕਾਲਜਾਂ ਤੇ ਦੁੱਧ ਉਤਪਾਦ ਬਣਾਉਣ ਵਾਲੀਆਂ ਇਕਾਈਆਂ ਨੂੰ ਮਿਲ ਰਹੇ ਸਨ ਕਮਰਸ਼ੀਅਲ ਸਿਲੈਂਡਰ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਘਰੇਲੂ ਗੈਸ ਦਾ ਕੋਟਾ ਢੁੱਕਵਾਂ ਮਾਤਰਾ ’ਚ ਹੋਣ ਤੋਂ ਬਾਅਦ ਹੁਣ ਸੰਵੇਦਨਸ਼ੀਲ ਇੰਡਸਟਰੀਆਂ ਨੂੰ 20 ਫੀਸਦੀ ਗੈਸ ਸਪਲਾਈ ਦੀ ਰਾਹਤ ਮਿਲਣ ਜਾ ਰਹੀ ਹੈ। ਤਿੰਨ ਤੇਲ ਕੰਪਨੀਆਂ ਤੇ ਰਾਜ ਸਰਕਾਰ ਮਿਲ ਕੇ ਅਜਿਹੀਆਂ ਇੰਡਸਟਰੀਆਂ ਬਾਰੇ ਫੈਸਲਾ ਕਰਨਗੀਆਂ। ਜਿਨ੍ਹਾਂ ਇੰਡਸਟਰੀਆਂ ਨੂੰ ਪਹਿਲਾਂ ਜਿੰਨੀ ਗੈਸ ਮਿਲਦੀ ਸੀ। ਸੰਕਟ ਦੇ ਸਮੇਂ ਉਨ੍ਹਾਂ ਨੂੰ ਫਿਲਹਾਲ 20 ਫੀਸਦੀ ਸਪਲਾਈ ਦਿੱਤੀ ਜਾਵੇਗੀ। ਤੇਲ ਕੰਪਨੀਆਂ ਦੇ ਅਧਿਕਾਰੀਆਂ ਨੇ ਕਿਹਾ ਕਿ ਘਰੇਲੂ ਗੈਸ ਦਾ ਕੋਟਾ ਢੁੱਕਵੀਂ ਮਾਤਰਾ ’ਚ ਹੈ। 20 ਫੀਸਦੀ ਗੈਸ ਕਿਹੜੀਆਂ ਇੰਡਸਟਰੀਆਂ ਨੂੰ ਮਿਲੇਗੀ, ਇਸ ਬਾਰੇ ਅੰਤਿਮ ਫੈਸਲਾ ਸੂਬਾ ਸਰਕਾਰ ਕਰੇਗੀ। ਇੰਡੀਅਨ ਆਇਲ ਦੇ ਡੀਜੀਐੱਮ ਰਾਘਵਿੰਦਰ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਹਸਪਤਾਲਾਂ, ਕਾਲਜਾਂ, ਯੂਨੀਵਰਸਿਟੀਆਂ ਤੇ ਦੁੱਧ ਇੰਡਸਟਰੀ ਨੂੰ ਕਮਰਸ਼ੀਅਲ ਗੈਸ ਦੀ ਸਪਲਾਈ ਦਿੱਤੀ ਜਾ ਰਹੀ ਸੀ। ਜਲੰਧਰ ’ਚ ਪਾਣੀਪਤ ਰਿਫਾਈਨਰੀ ਤੋਂ ਪਾਈਪਲਾਈਨ ਰਾਹੀਂ ਗੈਸ ਦੀ ਸਪਲਾਈ ਹੁੰਦੀ ਹੈ। ਗੈਸ ਦੀ ਕਮੀ ਕਾਰਨ ਲੋਕਾਂ ਨੇ ਘਬਰਾਹਟ ’ਚ ਲੋੜ ਤੋਂ ਵੱਧ ਖਰੀਦਦਾਰੀ (ਪੈਨਿਕ ਪਰਚੇਜ਼) ਕਰਨੀ ਸ਼ੁਰੂ ਕਰ ਦਿੱਤੀ, ਜਿਸ ਨਾਲ ਗੈਸ ਏਜੰਸੀਆਂ ਲਈ ਹਾਲਾਤ ਸੰਭਾਲਣਾ ਮੁਸ਼ਕਲ ਹੋ ਗਿਆ। ਗੈਸ ਦੀ ਸਮੱਸਿਆ ਨੂੰ ਦੇਖਦਿਆਂ ਕਮਰਸ਼ੀਅਲ ਗੈਸ ਦੀ ਸਪਲਾਈ ਅਸਥਾਈ ਤੌਰ 'ਤੇ ਰੋਕ ਦਿੱਤੀ ਗਈ ਸੀ। ਗੈਸ ਨਾ ਮਿਲਣ ਕਾਰਨ ਇੰਡਸਟਰੀ ਦੇ ਨਾਲ ਨਾਲ ਪ੍ਰਾਈਵੇਟ ਯੂਨੀਵਰਸਿਟੀਆਂ ਤੇ ਕਾਲਜਾਂ ’ਤੇ ਵੀ ਅਸਰ ਪਿਆ। ਹਾਲਾਂਕਿ ਅਧਿਕਾਰੀ ਸਿੱਖਿਆ ਸੰਸਥਾਵਾਂ, ਹਸਪਤਾਲਾਂ ਤੇ ਦੁੱਧ ਉਤਪਾਦਕ ਸੰਸਥਾਵਾਂ ਨੂੰ ਸੰਵੇਦਨਸ਼ੀਲ ਸੇਵਾਵਾਂ ਮੰਨਦੇ ਹੋਏ ਉਨ੍ਹਾਂ ਲਈ ਕਮਰਸ਼ੀਅਲ ਗੈਸ ਦੀ ਸਪਲਾਈ ਜਾਰੀ ਰੱਖਣ ਦੀ ਗੱਲ ਕਰ ਰਹੇ ਹਨ। ਕੇਂਦਰ ਸਰਕਾਰ ਦੇ ਫੈਸਲੇ ਤੋਂ ਬਾਅਦ 20 ਫੀਸਦੀ ਕਮਰਸ਼ੀਅਲ ਗੈਸ ਲੈਣ ਵਾਲੀਆਂ ਇੰਡਸਟਰੀਆਂ ਦੀ ਚੋਣ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਨੂੰ ਦਿੱਤੀ ਗਈ ਹੈ। ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਤੇ ਹਿੰਦੁਸਤਾਨ ਪੈਟਰੋਲੀਅਮ ਕੰਪਨੀਆਂ ਦੇ ਪ੍ਰਤੀਨਿਧੀ ਤੇ ਸੂਬਾ ਸਰਕਾਰ ਮਿਲ ਕੇ ਇਹ ਤੈਅ ਕਰਨਗੇ ਕਿ ਕਿਹੜੀਆਂ ਇੰਡਸਟਰੀਆਂ ਨੂੰ ਇਹ ਸਪਲਾਈ ਦਿੱਤੀ ਜਾਵੇਗੀ। ਸਰਕਾਰ ਦੇ ਇਸ ਫੈਸਲੇ ਨਾਲ ਰਾਜ ਦੀ ਇੰਡਸਟਰੀ ਨੂੰ ਮਾਮੂਲੀ ਰਾਹਤ ਮਿਲੇਗੀ। ਹਾਲਾਤ ਕਦੋਂ ਪੂਰੀ ਤਰ੍ਹਾਂ ਸਧਾਰਨ ਹੋਣਗੇ, ਇਸ ਬਾਰੇ ਹੁਣੇ ਕੁਝ ਕਹਿਣਾ ਮੁਸ਼ਕਲ ਹੈ। ਇੰਡਸਟਰੀ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕਮਰਸ਼ੀਅਲ ਗੈਸ ਦੀ ਸਪਲਾਈ ਲੰਬੇ ਸਮੇਂ ਤੱਕ ਬੰਦ ਰਹੀ ਤਾਂ ਆਰਥਿਕ ਹਾਲਾਤ ਖਰਾਬ ਹੋ ਸਕਦੇ ਹਨ। ਫਿਲਹਾਲ ਇੰਡਸਟਰੀ ਕੋਲ ਪੁਰਾਣਾ ਸਟਾਕ ਮੌਜੂਦ ਹੈ ਜੋ ਖਤਮ ਹੋਣ ਦੇ ਕੰਢੇ ਹੈ। ਜੇ ਗੈਸ ਨਾ ਮਿਲੀ ਤਾਂ ਕਈ ਇੰਡਸਟਰੀਆਂ ਨੂੰ ਬੰਦ ਕਰਨਾ ਪੈ ਸਕਦਾ ਹੈ। ਇੰਡਿਅਨ ਆਇਲ ਦੇ ਡਿਪਟੀ ਜਨਰਲ ਮੈਨੇਜਰ ਰਾਘਵਿੰਦਰ ਸਿੰਘ ਨੇ ਕਿਹਾ ਕਿ ਗੈਸ ਸਪਲਾਈ ’ਚ ਸੁਧਾਰ ਆ ਰਿਹਾ ਹੈ। ਘਰੇਲੂ ਗੈਸ ਸਿਲੰਡਰ ਦਾ ਕੋਟਾ ਢੁੱਕਵਾਂ ਹੈ ਪਰ ਕਮਰਸ਼ੀਅਲ ਗੈਸ ਸਪਲਾਈ ਬਾਰੇ ਸਾਵਧਾਨੀ ਨਾਲ ਫੈਸਲੇ ਲਏ ਜਾ ਰਹੇ ਹਨ। ਸੰਵੇਦਨਸ਼ੀਲ ਸੰਸਥਾਵਾਂ ਨੂੰ ਪਹਿਲਾਂ ਹੀ ਸਪਲਾਈ ਦਿੱਤੀ ਜਾ ਰਹੀ ਹੈ ਤੇ ਹੁਣ ਇਸ ਤੋਂ ਇਲਾਵਾ 20 ਫੀਸਦੀ ਹੋਰ ਸਪਲਾਈ ਵਧਾਉਣ ਬਾਰੇ ਵੀ ਫੈਸਲਾ ਲਿਆ ਜਾ ਰਿਹਾ ਹੈ। ਸੂਬਾ ਸਰਕਾਰ ਕਿਹੜੀਆਂ ਇੰਡਸਟਰੀਆਂ ਨੂੰ ਸਪਲਾਈ ਦੇਣੀ ਚਾਹੁੰਦੀ ਹੈ, ਇਹ ਉਸਦਾ ਫੈਸਲਾ ਹੋਵੇਗਾ। ਤੇਲ ਕੰਪਨੀਆਂ ਸਿਰਫ ਸਪਲਾਈ ਨੂੰ ਯਕੀਨੀ ਬਣਾਉਣਗੀਆਂ। ਉਮੀਦ ਹੈ ਕਿ ਇਸ ਨਾਲ ਕੁਝ ਰਾਹਤ ਮਿਲੇਗੀ।
-----------------------
ਕਮਰਸ਼ੀਅਲ ਗੈਸ ਸਪਲਾਈ ਬਾਰੇ ਹਾਲੇ ਕੋਈ ਹੁਕਮ ਨਹੀਂ
ਲਗਭਗ ਦਸ ਦਿਨ ਬੀਤ ਜਾਣ ਤੋਂ ਬਾਅਦ ਵੀ ਸ਼ਹਿਰ ਦੀਆਂ ਗੈਸ ਏਜੰਸੀਆਂ ਨੂੰ ਕਮਰਸ਼ੀਅਲ ਗੈਸ ਸਿਲੰਡਰ ਦੀ ਸਪਲਾਈ ਬਾਰੇ ਅਜੇ ਤੱਕ ਕੋਈ ਨਿਰਦੇਸ਼ ਪ੍ਰਾਪਤ ਨਹੀਂ ਹੋਏ। ਇਸ ਕਾਰਨ ਉਹ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ ਜੋ ਪੂਰੀ ਤਰ੍ਹਾਂ ਕਮਰਸ਼ੀਅਲ ਗੈਸ ਸਿਲੰਡਰਾਂ 'ਤੇ ਨਿਰਭਰ ਹਨ। ਕਮਰਸ਼ੀਅਲ ਗੈਸ ਸਿਲੰਡਰ ਦੀ ਕਮੀ ਹੋਰ ਕਿੰਨੇ ਦਿਨ ਰਹੇਗੀ, ਇਸ ਬਾਰੇ ਵੀ ਅਜੇ ਕੋਈ ਸਪੱਸ਼ਟਤਾ ਨਹੀਂ ਹੈ। ਹਾਲਾਂਕਿ ਵੱਡੀਆਂ ਇੰਡਸਟਰੀਆਂ ਲਈ ਤੇਲ ਕੰਪਨੀਆਂ ਵੱਲੋਂ 20 ਫੀਸਦੀ ਗੈਸ ਸਪਲਾਈ ਦੇਣ ਦੀ ਯੋਜਨਾ ਬਣਾਈ ਗਈ ਹੈ, ਪਰ ਹੋਟਲਾਂ, ਰੈਸਟੋਰੈਂਟਾਂ, ਫੜੀਆਂ ਤੇ ਰਹੜੀਆਂ ਵਰਗੀਆਂ ਥਾਵਾਂ 'ਤੇ ਅਜੇ ਕਮਰਸ਼ੀਅਲ ਗੈਸ ਸਿਲੰਡਰ ਦੀ ਸਪਲਾਈ ਸ਼ੁਰੂ ਨਹੀਂ ਕੀਤੀ ਗਈ। ਦੂਜੇ ਪਾਸੇ ਘਰੇਲੂ ਗੈਸ ਸਿਲੰਡਰ ਦੀ ਬੁਕਿੰਗ ’ਚ ਵਾਧਾ ਹੋਣ ਤੇ ਸਪਲਾਈ ’ਚ ਵਾਧਾ ਨਾ ਹੋਣ ਕਰਕੇ ਡਿਲੀਵਰੀ ’ਚ ਵੀ ਦਿਕ਼ਤ ਆ ਰਹੀ ਹੈ। ਮੱਧ ਪੂਰਬ ’ਚ ਚੱਲ ਰਹੇ ਯੁੱਧ ਤੇ ਤੇਲ-ਗੈਸ ਸਪਲਾਈ ਚੇਨ ’ਚ ਆਈ ਰੁਕਾਵਟ ਦਾ ਅਸਰ ਦਸ ਦਿਨ ਬਾਅਦ ਵੀ ਜਾਰੀ ਹੈ। ਇਸ ਦੌਰਾਨ ਪਹਿਲਾਂ ਘਰੇਲੂ ਤੇ ਕਮਰਸ਼ੀਅਲ ਗੈਸ ਸਿਲੈਂਡਰਾਂ ਦੀਆਂ ਕੀਮਤਾਂ ’ਚ ਵਾਧਾ, ਫਿਰ ਘਰੇਲੂ ਗੈਸ ਸਿਲੈਂਡਰ ਦੀ ਡਿਲੀਵਰੀ ਤੋਂ 25 ਦਿਨ ਬਾਅਦ ਹੀ ਅਗਲੀ ਬੁਕਿੰਗ ਕਰਨ ਦਾ ਨਿਯਮ ਤੇ ਫਿਰ ਕਮਰਸ਼ੀਅਲ ਗੈਸ ਸਪਲਾਈ 'ਤੇ ਰੋਕ ਇਨ੍ਹਾਂ ਸਭ ਕਾਰਨਾਂ ਕਰਕੇ ਸ਼ਹਿਰ ’ਚ ਗੈਸ ਦੀ ਕਮੀ ਦੀ ਸਥਿਤੀ ਬਣ ਗਈ ਹੈ।