ਹੈਲਪਲਾਈਨ ਨੰਬਰ ’ਤੇ ਆਈਆਂ 20 ਸ਼ਿਕਾਇਤਾਂ, ਜ਼ਿਆਦਾਤਰ ਸਿਲੰਡਰ ਡਲਿਵਰੀ ਨਾ ਹੋਣ ਨਾਲ ਸਬੰਧਤ
ਹੈਲਪਲਾਈਨ ਨੰਬਰ ’ਤੇ ਆਈਆਂ 20 ਸ਼ਿਕਾਇਤਾਂ, ਲੋਕਾਂ ਨੇ
Publish Date: Tue, 17 Mar 2026 09:56 PM (IST)
Updated Date: Tue, 17 Mar 2026 09:58 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਗੈਸ ਸਿਲੰਡਰਾਂ ਨਾਲ ਸਬੰਧਤ ਸਮੱਸਿਆ ਜਾਂ ਕਾਲਾਬਾਜ਼ਾਰੀ ਦੀਆਂ ਸ਼ਿਕਾਇਤਾਂ ਲਈ ਡੀਸੀ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਜਾਰੀ ਕੀਤੇ ਗਏ ਵ੍ਹਟਸਐਪ ਹੈਲਪਲਾਈਨ ਨੰਬਰ 9646222555 ’ਤੇ ਪਿਛਲੇ ਦੋ ਦਿਨਾਂ ’ਚ 20 ਸ਼ਿਕਾਇਤਾਂ ਦਰਜ ਹੋਈਆਂ ਹਨ। ਇਨ੍ਹਾਂ ’ਚੋਂ ਜ਼ਿਆਦਾਤਰ ਸ਼ਿਕਾਇਤਾਂ ਲੋਕਾਂ ਵੱਲੋਂ ਬੁਕਿੰਗ ਕਰਵਾਉਣ ਤੋਂ ਬਾਅਦ 8 ਤੋਂ 10 ਦਿਨ ਤੱਕ ਸਿਲੰਡਰ ਦੀ ਡਲਿਵਰੀ ਨਾ ਹੋਣ ਸਬੰਧੀ ਹਨ। ਇਨ੍ਹਾਂ ’ਚੋਂ 15 ਸ਼ਿਕਾਇਤਾਂ ਦਾ ਨਿਬੇੜਾ ਕਰ ਦਿੱਤਾ ਗਿਆ ਹੈ, ਜਦਕਿ ਸੋਮਵਾਰ ਦੇਰ ਸ਼ਾਮ ਤੱਕ ਦਰਜ ਹੋਈਆਂ 5 ਸ਼ਿਕਾਇਤਾਂ ਦਾ ਨਿਬੇੜਾ ਹੋਣਾ ਬਾਕੀ ਹੈ, ਜੋ ਬੁੱਧਵਾਰ ਤੱਕ ਕਰ ਦਿੱਤਾ ਜਾਵੇਗਾ। ਹੈਲਪਲਾਈਨ ’ਤੇ ਆ ਰਹੀਆਂ ਸ਼ਿਕਾਇਤਾਂ ਦੀ ਨਿਗਰਾਨੀ ਕਰ ਰਹੇ ਟ੍ਰੇਨੀ ਆਈਏਐੱਸ ਮੁਕਿਲਨ ਆਰ ਨੇ ਦੱਸਿਆ ਕਿ ਹੁਣ ਤੱਕ ਕਿਸੇ ਨੇ ਵੀ ਗੈਸ ਸਿਲੰਡਰਾਂ ਦੀ ਜਮ੍ਹਾਂਖੋਰੀ ਜਾਂ ਕਾਲਾਬਾਜ਼ਾਰੀ ਦੀ ਸ਼ਿਕਾਇਤ ਦਰਜ ਨਹੀਂ ਕਰਵਾਈ। ਜੇ ਕੋਈ ਅਜਿਹੀ ਸ਼ਿਕਾਇਤ ਮਿਲਦੀ ਹੈ ਤਾਂ ਡੀਸੀ ਵੱਲੋਂ ਬਣਾਈ ਗਈ ਵਿਸ਼ੇਸ਼ ਟੀਮ ਤੁਰੰਤ ਛਾਪੇਮਾਰੀ ਕਰਕੇ ਕਾਨੂੰਨੀ ਕਾਰਵਾਈ ਕਰੇਗੀ। ਇਸ ਤੋਂ ਪਹਿਲਾਂ ਡੀਸੀ ਨੇ ਗੈਸ ਸਿਲੰਡਰਾਂ ਦੀ ਜਮ੍ਹਾਂਖੋਰੀ ਤੇ ਕਾਲਾਬਾਜ਼ਾਰੀ ’ਤੇ ਨਿਗਰਾਨੀ ਲਈ ਐਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ) ਅਮਨਿੰਦਰ ਕੌਰ ਬਰਾੜ ਦੀ ਅਗਵਾਈ ’ਚ ਕਮੇਟੀ ਬਣਾਈ ਹੈ, ਜੋ ਹਰ ਰੋਜ਼ ਵੱਖ-ਵੱਖ ਗੈਸ ਏਜੰਸੀ ਦਫ਼ਤਰਾਂ ਤੇ ਗੁਦਾਮਾਂ ਦੀ ਜਾਂਚ ਕਰ ਰਹੀ ਹੈ। ਦੂਜੇ ਪਾਸੇ ਡੀਸੀ ਡਾ. ਹਿਮਾਂਸ਼ੂ ਅਗਰਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਗੈਸ ਸਿਲੰਡਰਾਂ ਦੀ ਕਿੱਲਤ ਬਾਰੇ ਅਫ਼ਵਾਹਾਂ ਫੈਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। -------------------------- ਕਮਰਸ਼ੀਅਲ ਗੈਸ ਦੀ ਸਪਲਾਈ ਬਾਰੇ ਕੋਈ ਹੁਕਮ ਨਹੀਂ ਸ਼ਹਿਰ ’ਚ ਕਾਰੋਬਾਰੀ ਗੈਸ ਸਿਲੰਡਰ ਦੀ ਸਪਲਾਈ ਸਬੰਧੀ ਗੈਸ ਏਜੰਸੀਆਂ ਨੂੰ ਹਾਲੇ ਤੱਕ ਕੋਈ ਹੁਕਮ ਪ੍ਰਾਪਤ ਨਹੀਂ ਹੋਇਆ। ਇਸ ਕਾਰਨ ਉਹ ਲੋਕ ਜਿਨ੍ਹਾਂ ਦਾ ਕੰਮ ਪੂਰੀ ਤਰ੍ਹਾਂ ਕਮਰਸ਼ੀਅਲ ਗੈਸ ’ਤੇ ਨਿਰਭਰ ਹੈ, ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ। ਦੂਜੇ ਪਾਸੇ ਘਰੇਲੂ ਉਪਭੋਗਤਾਵਾਂ ਵੱਲੋਂ ਵੱਧ ਬੁਕਿੰਗ ਕਰਵਾਉਣ ਕਾਰਨ ਲੋਕਾਂ ਤੱਕ ਡਲਿਵਰੀ ਪਹੁੰਚਾਉਣ ’ਚ ਕਈ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਹਨ। ਇਸ ਦੌਰਾਨ ਮੰਗਲਵਾਰ ਨੂੰ ਵੀ ਖੁਰਾਕ ਤੇ ਸਪਲਾਈ ਵਿਭਾਗ ਦੀ ਟੀਮ ਨੇ ਸ਼ਹਿਰ ਦੀਆਂ ਵੱਖ-ਵੱਖ ਗੈਸ ਏਜੰਸੀਆਂ ’ਤੇ ਜਾਂਚ ਕੀਤੀ। ਜਾਂਚ ਦੌਰਾਨ ਟੀਮ ਨੇ ਏਜੰਸੀਆਂ ਦੇ ਰਿਕਾਰਡ ਤੇ ਗੁਦਾਮਾਂ ’ਚ ਮੌਜੂਦ ਸਟਾਕ ਦਾ ਮਿਲਾਨ ਕੀਤਾ। ਮੱਧ ਪੂਰਬ ’ਚ ਜਾਰੀ ਜੰਗ ਤੇ ਤੇਲ-ਗੈਸ ਸਪਲਾਈ ਚੇਨ ’ਚ ਆ ਰਹੀਆਂ ਰੁਕਾਵਟਾਂ ਦਾ ਅਸਰ ਹਾਲੇ ਵੀ ਬਣਿਆ ਹੋਇਆ ਹੈ। ਪਹਿਲਾਂ ਘਰੇਲੂ ਤੇ ਕਮਰਸ਼ੀਅਲ ਗੈਸ ਸਿਲਿੰਡਰਾਂ ਦੇ ਰੇਟ ਵਧੇ, ਫਿਰ ਘਰੇਲੂ ਗੈਸ ਸਲਿੰਡਰ ਦੀ ਡਿਲਿਵਰੀ ਤੋਂ 25 ਦਿਨ ਬਾਅਦ ਹੀ ਅਗਲੀ ਬੁਕਿੰਗ ਦਾ ਨਿਯਮ ਲਾਗੂ ਕੀਤਾ ਗਿਆ ਤੇ ਉਸ ਤੋਂ ਬਾਅਦ ਕਾਰੋਬਾਰੀ ਗੈਸ ਸਲਿੰਡਰ ਦੀ ਸਪਲਾਈ ’ਤੇ ਰੋਕ ਲਾਈ ਗਈ। ਇਸ ਸਭ ਦਾ ਅਸਰ ਸ਼ਹਿਰ ’ਚ ਗੈਸ ਦੀ ਕਮੀ ਵਜੋਂ ਸਾਹਮਣੇ ਆਇਆ ਹੈ। ਖੁਰਾਕ ਤੇ ਸਪਲਾਈ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਨਰਿੰਦਰ ਸਿੰਘ ਨੇ ਕਿਹਾ ਕਿ ਘਰੇਲੂ ਖਪਤਕਾਰਾਂ ਨੂੰ ਗੈਸ ਸਪਲਾਈ ’ਚ ਕੋਈ ਵੱਡੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਜਿਵੇਂ ਹੀ ਕਮਰਸ਼ੀਅਲ ਗੈਸ ਸਿਲਿੰਡਰ ਦੀ ਸਪਲਾਈ ਬਾਰੇ ਹੁਕਮ ਮਿਲਦੇ ਹਨ, ਇਸ ਨੂੰ ਸੁਚਾਰੂ ਕਰ ਦਿੱਤਾ ਜਾਵੇਗਾ।